ਫ਼ਤਹਿਗੜ੍ਹ ਸਾਹਿਬ – “ਬੀਤੀ 26 ਮਈ ਨੂੰ ਫ਼ਰੀਦਕੋਟ ਅਤੇ ਬਠਿੰਡਾ ਦੀ ਹੱਦ ‘ਤੇ ਮੁਕਤਸਰ ਜਿ਼ਲ੍ਹੇ ਦੇ ਪਿੰਡ ਥਾਂਦੇਵਾਲ ਦੇ ਰਹਿਣ ਵਾਲੇ ਅਜਮੇਰ ਸਿੰਘ ਪੁੱਤਰ ਗੁਰਤੇਜ ਸਿੰਘ ਨੂੰ ਆਪਣੇ ਸਹੁਰੇ ਘਰ ਤੋਂ ਵਾਪਸ ਆਉਦੇ ਹੋਏ ਗੋਲੀ ਚਾਲਕੇ ਇਕ ਗੈਂਗਸਟਰ ਗਰਦਾਨਕੇ ਮਾਰਨ ਦੇ ਕੀਤੇ ਗਏ ਅਮਲ ਪੰਜਾਬ ਵਿਚ “ਜੰਗਲ ਦੇ ਰਾਜ” ਦੀ ਸਪੱਸਟ ਤਸਵੀਰ ਪੇਸ਼ ਕਰਦੇ ਹਨ । ਜਦੋਂਕਿ ਪੁਲਿਸ ਕੋਲ ਅਜਿਹਾ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਸਮੱਗਲਰ, ਬਦਮਾਸ਼ ਜਾਂ ਗੈਰ-ਕਾਨੂੰਨੀ ਕਾਰਵਾਈਆਂ ਦਾ ਅਪਰਾਧੀ ਕਹਿ ਕੇ ਮਾਰ ਦੇਵੇ । ਪੁਲਿਸ ਦੀ ਜਿੰਮੇਵਾਰੀ ਇਹ ਹੁੰਦੀ ਹੈ ਕਿ ਉਹ ਕਿਸੇ ਵੀ ਉਸ ਇਨਸਾਨ ਜੋ ਕਿਸੇ ਅਪਰਾਧਿਕ ਕਾਰਵਾਈ ਵਿਚ ਸ਼ਾਮਿਲ ਹੋਵੇ, ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰੇ । ਅਦਾਲਤ ਹੀ ਸੱਚ-ਝੂਠ ਦਾ ਨਤਾਰਾ ਕਰਕੇ ਕਿਸੇ ਤਰ੍ਹਾਂ ਦੀ ਸਜ਼ਾ ਦੇਣ ਦੇ ਸਮਰੱਥ ਹੈ ਨਾ ਕਿ ਪੁਲਿਸ । ਉਪਰੋਕਤ ਜਿੰਮੀ ਨਾਮ ਦੇ ਨੌਜ਼ਵਾਨ ਨੂੰ ਇਸ ਕਰਕੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਹੈ, ਕਿਉਂਕਿ ਜੋ ਉਸ ਇਲਾਕੇ ਦਾ ਸ਼ਰਾਬ ਦਾ ਠੇਕੇਦਾਰ ਹੈ, ਉਸ ਨੇ ਪੁਲਿਸ ਨਾਲ ਮਿਲੀਭੁਗਤ ਕਰਕੇ ਇਹ ਗੈਰ-ਕਾਨੂੰਨੀ ਕਤਲ ਕਰਵਾਇਆ ਹੈ ਤਾਂ ਕਿ ਉਸ ਦੇ ਸ਼ਰਾਬ ਦੇ ਧੰਦੇ ਨੂੰ ਨੁਕਸਾਨ ਨਾ ਪਹੁੰਚੇ । ਇਸ ਲਈ ਪੁਲਿਸ ਵੱਲੋਂ ਕੀਤੇ ਗਏ ਇਸ ਕਤਲ ਦੀ ਪੰਜਾਬ-ਹਰਿਆਣਾ ਹਾਈਕੋਰਟ ਦੇ ਕਿਸੇ ਸੀਟਿੰਗ ਜੱਜ ਤੋਂ ਨਿਰਪੱਖਤਾ ਨਾਲ ਜਾਂਚ ਕਰਵਾਉਦੇ ਹੋਏ ਕਾਤਲਾਂ ਨੂੰ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜ਼ਾ ਦੇਣੀ ਬਣਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ 2 ਦਿਨ ਪਹਿਲੇ ਬਠਿੰਡਾ-ਫ਼ਰੀਦਕੋਟ ਦੀ ਸਰਹੱਦ ਤੇ ਸਾਜ਼ਸੀ ਢੰਗ ਨਾਲ ਉਪਰੋਕਤ ਅਜਮੇਰ ਸਿੰਘ ਉਰਫ਼ ਜਿੰਮੀ ਪੁੱਤਰ ਗੁਰਤੇਜ ਸਿੰਘ ਦੇ ਹੋਏ ਦੁੱਖਾਤ ਭਰੇ ਕਤਲ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਅਤੇ ਇਸ ਦੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਪੰਜਾਬ ਸੂਬੇ ਦੀ ਕਾਨੂੰਨੀ ਵਿਵਸਥਾਂ ਐਨੀ ਨਿੱਘਰ ਚੁੱਕੀ ਹੈ ਕਿ ਇਥੇ ਕਿਸੇ ਦੀ ਵੀ ਜਾਨ-ਮਾਲ ਦੀ ਸੁਰੱਖਿਆ ਨਹੀਂ ਰਹੀ ਅਤੇ ਨਾ ਹੀ ਕਿਸੇ ਨਾਲ ਹੋਣ ਵਾਲੀ ਬੇਇਨਸਾਫ਼ੀ ਪ੍ਰਤੀ ਬਣਦਾ ਇਨਸਾਫ਼ ਮਿਲਣ ਦੀ ਕੋਈ ਗੁਜ਼ਾਇਸ ਬਚੀ ਹੈ । ਬੀਤੇ ਕੁਝ ਸਮਾਂ ਪਹਿਲੇ ਜੰਮੂ ਵਿਖੇ ਜਗਜੀਤ ਸਿੰਘ ਨਾਮ ਦੇ ਨੌਜ਼ਵਾਨ ਨੂੰ ਪੁਲਿਸ ਵੱਲੋਂ ਗੋਲੀ ਦਾ ਨਿਸ਼ਾਨਾਂ ਬਣਾਕੇ ਮਾਰਨਾ, ਫਿਰ ਗੁਰਦਾਸਪੁਰ ਜਿ਼ਲ੍ਹੇ ਦੇ ਚੌੜ ਸਿੱਧਵਾਂ ਦੇ ਨੌਜ਼ਵਾਨ ਜਸਪਾਲ ਸਿੰਘ ਨੂੰ ਮਾਰਨਾ, ਬਰਗਾੜੀ ਵਿਖੇ ਪੁਲਿਸ ਵੱਲੋਂ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾ ਦੇ ਨੌਜ਼ਵਾਨਾਂ ਉਤੇ ਗੋਲੀ ਚਾਲਕੇ ਸ਼ਹੀਦ ਕਰਨ, ਇਸੇ ਤਰ੍ਹਾਂ ਕੁਝ ਸਮਾਂ ਪਹਿਲੇ ਦਰਸ਼ਨ ਸਿੰਘ ਲੋਹਾਰਾ ਨੂੰ ਲੁਧਿਆਣਾ ਪੁਲਿਸ ਵੱਲੋ ਗੋਲੀ ਚਲਾਕੇ ਮਾਰਨਾ, ਨਾਮਧਾਰੀ ਸੰਪਰਦਾ ਦੇ ਮਾਤਾ ਚੰਦ ਕੌਰ ਨੂੰ ਦਿਨ-ਦਿਹਾੜੇ ਕਤਲ ਕਰਨਾ, ਕੁਝ ਦਿਨ ਪਹਿਲੇ ਭੁਪਿੰਦਰ ਸਿੰਘ ਖਾਸੀ ਕਲਾਂ ਨੂੰ ਸਾਜ਼ਸੀ ਹਮਲੇ ਰਾਹੀ ਮਾਰ ਮੁਕਾਉਣਾ ਤੇ ਹੁਣ ਉਪਰੋਕਤ ਜਿੰਮੀ ਨਾਮ ਦੇ ਨੌਜ਼ਵਾਨ ਨੂੰ ਮਾਰ ਦੇਣ ਦੀਆਂ ਘਟਨਾਵਾਂ ਖੁਦ-ਬ-ਖੁਦ ਇਥੋ ਦੇ ਦੋਸ਼ਪੂਰਨ ਨਿਜ਼ਾਮੀ ਤੇ ਪੁਲਿਸ ਪ੍ਰਬੰਧ ਉਤੇ ਡੂੰਘਾਂ ਪ੍ਰਸ਼ਨ ਚਿੰਨ੍ਹ ਲਗਾਉਦੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਬੀਤੇ ਸਮੇਂ ਵਿਚ ਹੋਏ ਉਪਰੋਕਤ ਕਤਲਾਂ ਦੇ ਇਕ ਵੀ ਦੋਸ਼ੀ ਦੀ ਨਾ ਤਾਂ ਪਹਿਚਾਣ ਕੀਤੀ ਗਈ ਹੈ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਕੀਤੀ ਗਈ ਹੈ । ਜਿਸ ਤੋ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਅਜਿਹੇ ਗੈਂਗਸਟਰਾਂ, ਬਦਮਾਸ਼ਾਂ, ਸਮੱਗਲਰਾਂ ਤੇ ਕਾਤਲਾਂ ਨੂੰ ਹਕੂਮਤੀ ਅਤੇ ਪੁਲਿਸ ਦੀ ਸਰਪ੍ਰਸਤੀ ਹਾਸਿ਼ਲ ਹੈ ਜੋ ਪੰਜਾਬ ਦੇ ਬਣਦੇ ਜਾ ਰਹੇ ਵਿਸਫੋਟਕ ਹਾਲਾਤਾਂ ਲਈ ਹੋਰ ਵੀ ਅਤਿ ਗੰਭੀਰ ਵਿਸ਼ਾ ਹੈ ।
ਸ. ਮਾਨ ਨੇ ਅਜਮੇਰ ਸਿੰਘ ਉਰਫ਼ ਜਿੰਮੀ ਦੇ ਹੋਏ ਕਤਲ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਪਾਰਟੀ ਦੀ ਤਰਫ਼ੋ ਜਿ਼ਲ੍ਹਾ ਫ਼ਰੀਦਕੋਟ ਦੇ ਪਾਰਟੀ ਦੇ ਐਕਟਿੰਗ ਪ੍ਰਧਾਨ ਸ. ਸੁਰਜੀਤ ਸਿੰਘ ਅਰਾਈਆਵਾਲਾ ਦੀ ਅਗਵਾਈ ਵਿਚ 4 ਮੈਬਰੀ ਕਮੇਟੀ ਦਾ ਗੰਠਨ ਕੀਤਾ ਹੈ, ਜਿਸ ਵਿਚ ਦੂਸਰੇ ਦੋ ਮੈਬਰ ਸ. ਪਰਮਿੰਦਰ ਸਿੰਘ ਬਾਲਿਆਵਾਲੀ ਜਿ਼ਲ੍ਹਾ ਪ੍ਰਧਾਨ ਬਠਿੰਡਾ, ਮੁਕਤਸਰ ਦੇ ਪ੍ਰਧਾਨ ਸ. ਇਕਬਾਲ ਸਿੰਘ ਬਰੀਵਾਲਾ ਅਤੇ ਮੋਗਾ ਜਿ਼ਲ੍ਹੇ ਦੇ ਪ੍ਰਧਾਨ ਸ. ਹਰਪਾਲ ਸਿੰਘ ਕੁੱਸਾ ਹੋਣਗੇ । ਇਹ ਕਮੇਟੀ ਜਿੰਮੀ ਦੇ ਹੋਏ ਕਤਲ ਦੀ ਪੜਤਾਲ ਕਰਦੇ ਹੋਏ ਪਾਰਟੀ ਨੂੰ ਇਕ ਹਫਤੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਭੇਜੇਗੀ, ਉਪਰੰਤ ਰਿਪੋਰਟ ਨੂੰ ਗੋਹ ਨਾਲ ਵਾਂਚਦੇ ਹੋਏ, ਜੇਕਰ ਪੰਜਾਬ ਦੀ ਸਰਕਾਰ ਨੇ ਜਿੰਮੀ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਕਾਰਵਾਈ ਕਰਦੇ ਹੋਏ ਅਮਲ ਨਾ ਕੀਤਾ ਤਾਂ ਪਾਰਟੀ ਇਸ ਦਿਸ਼ਾ ਵੱਲ ਪੰਜਾਬ ਪੱਧਰ ਤੇ ਅਗਲਾ ਪ੍ਰੋਗਰਾਮ ਉਲੀਕੇਗੀ ਅਤੇ ਪੰਜਾਬ ਵਿਚ ਹੋ ਰਹੀ ਕਤਲੋਗਾਰਤ, ਲੁੱਟਾਂ-ਖੋਹਾ, ਸਮੱਗਲਿੰਗ ਅਤੇ ਗੈਰ-ਕਾਨੂੰਨੀ ਅਮਲਾਂ ਵਿਰੁੱਧ ਸਮੁੱਚੇ ਪੰਜਾਬੀਆਂ ਅਤੇ ਸਿੱਖਾਂ ਨੂੰ ਨਾਲ ਲੈਦੇ ਹੋਏ ਅਜਿਹੀਆ ਸਮਾਜਿਕ ਬੁਰਾਈਆ ਵਿਰੁੱਧ ਅਗਲਾ ਸੰਘਰਸ਼ੀ ਵਿੱਢਣ ਲਈ ਮਜ਼ਬੂਰ ਹੋਵੇਗੀ ।