ਕੋਈ ਸਮਾਂ ਸੀ, ਸਾਡੇ ਪੰਜਾਬ ਦੇ ਗੱਭਰੂ ਜਵਾਨ, ਆਪਣੇ ਤਕੜੇ ਜੁੱਸੇ ਲਈ, ਈਮਾਨ ਲਈ, ਕਿਰਦਾਰ ਲਈ, ਮਿਹਨਤ ਲਈ, ਤੇ ਸੁੰਦਰ ਦਸਤਾਰ ਲਈ- ਸਾਰੀ ਦੁਨੀਆਂ ਲਈ ਮਿਸਾਲ ਸਨ। ਪੰਜਾਬੀ ਵੀਰ, ਦੁਨੀਆਂ ਦੇ ਜਿਸ ਕੋਨੇ ਵਿੱਚ ਵੀ ਗਏ, ਉਹਨਾਂ ਆਪਣੇ ਮਿਹਨਤੀ ਸੁਭਾਅ ਸਦਕਾ- ਜਲਦੀ ਹੀ ਆਪਣੀ ਇੱਕ ਨਿਵੇਕਲੀ ਪਛਾਣ ਬਣਾ ਲਈ। ਉਥੇ ਸਾਡੀਆਂ ਮਾਣ ਮੱਤੀਆਂ ਪੰਜਾਬਣਾਂ ਵੀ ਕਿਸੇ ਗੱਲੋਂ ਘੱਟ ਨਹੀਂ। ਉਹ ਵੀ ਜਦ ਪੰਜਾਬੀ ਸੂਟ ਪਾ, ਸਿਰਾਂ ਤੇ ਫੁੱਲਕਾਰੀ ਦੁਪੱਟੇ ਲੈ, ਲੰਬੀਆਂ ਗੁੱਤਾਂ ‘ਚ ਪਰਾਂਦੇ ਪਾ, ਸਰੂ ਵਰਗੇ ਕੱਦ ਤੇ ਤਕੜੇ ਜੁੱਸੇ ਨਾਲ ਜਦ ਗਿੱਧੇ ਵਿੱਚ ਧਮਾਲਾਂ ਪਾਉਂਦੀਆਂ ਤਾਂ ਤੁਰੇ ਜਾਂਦੇ ਗੱਭਰੂਆਂ ਦੇ ਵੀ ਸਾਹ ਰੁੱਕ ਜਾਂਦੇ। ਪੰਜਾਬਣ ਦੀ ਤੋਰ, ਪੰਜਾਬਣ ਦੀ ਗੁੱਤ, ਪੰਜਾਬਣ ਦੇ ਸੂਟ ਜਾਂ ਨਖਰੇ ਤੇ ਬਹੁਤ ਸਾਰੇ ਸ਼ਾਇਰਾਂ ਨੇ ਗੀਤ ਵੀ ਲਿਖੇ।
ਸਾਡੀਆਂ ਇਹਨਾਂ ਮਾਣ ਮੱਤੀਆਂ ਭੈਣਾਂ ਨੇ ਕਿਤੇ ਮਾਂ ਬਣ ਕੇ, ਧੀ ਬਣ ਕੇ, ਕਿਤੇ ਭੈਣ ਜਾਂ ਪਤਨੀ ਬਣ ਕੇ, ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ, ਹਰ ਖੇਤਰ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ।
ਸਾਡਾ ਇਤਿਹਾਸ ਗਵਾਹ ਹੈ ਕਿ ਸੂਰਮਿਆਂ ਨੂੰ ਜਨਮ ਦੇਣ ਵਾਲੀਆਂ, ਸਾਡੀਆਂ ਸਿਦਕੀ ਬੀਬੀਆਂ ਨੇ ਕਦੇ ਲੰਗਰਾਂ ਦੀ ਸੇਵਾ ਸੰਭਾਲੀ, ਕਦੇ ਪਰਿਵਾਰ ਨੂੰ ਸੰਭਾਲਿਆ, ਕਦੇ ਨਿਆਸਰਿਆਂ ਨੂੰ ਆਸਰਾ ਦਿੱਤਾ ਤੇ ਜੇ ਲੋੜ ਪਈ ਤਾਂ ਮਾਈ ਭਾਗੋ ਬਣ ਕੁਰਾਹੇ ਪਏ ਮਰਦਾਂ ਨੂੰ ਹੀ ਰਾਹੇ ਪਾਇਆ। ਹੋਰ ਤਾਂ ਹੋਰ, ਮੈਦਾਨੇ ਜੰਗ ਵਿੱਚ ਵੀ ਮਰਦਾਂ ਦੇ ਬਰਾਬਰ ਜੂਝਣ ਤੋਂ ਸੰਕੋਚ ਨਹੀਂ ਕੀਤਾ ਤੇ ਕੁਰਬਾਨੀਆਂ ਤੋਂ ਵੀ ਪਿੱਛੇ ਨਹੀਂ ਹਟੀਆਂ। ਗਦਰੀ ਬਾਬਿਆਂ ਦੇ ਸਮੇਂ ਦੀ ਗੱਲ ਕਰੀਏ ਤਾਂ ਜਿੱਥੇ ਸਾਡੇ ਵੀਰਾਂ ਨੇ ਆਜ਼ਾਦੀ ਲਈ ਸੰਘਰਸ਼ ਕਰਦਿਆਂ ਸਾਰੀ ਜ਼ਿੰਦਗੀ ਜੇਲ੍ਹਾਂ ਜਾਂ ਕਾਲੇ ਪਾਣੀਆਂ ਵਿੱਚ ਗਾਲ ਦਿੱਤੀ ਉਥੇ ਸਾਡੀਆਂ ਭੈਣਾਂ ਨੇ ਇਕੱਲਿਆਂ ਘਰਾਂ ਦੇ ਬਜ਼ੁਰਗਾਂ ਨੂੰ ਸੰਭਾਲਿਆ, ਬੱਚੇ ਪਾਲੇ ਤੇ ਹੋਰ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨਿਭਾਈਆਂ। ਧੰਨ ਸਨ ਉਹ ਭੈਣਾਂ- ਅੱਜ ਵੀ ਸੀਸ ਝੁਕਦਾ ਹੈ ਉਹਨਾਂ ਦੀ ਕੁਰਬਾਨੀ ਤੇ ਹੌਸਲੇ ਅੱਗੇ!
ਹੁਣ ਗੱਲ ਕਰਦੇ ਹਾਂ ਅਜੋਕੀ ਪੀੜ੍ਹੀ ਦੀਆਂ ਨੌਜਵਾਨ ਕੁੜੀਆਂ ਦੀ। ਹਰ ਰੋਜ਼ ਇਹਨਾਂ ਦੇ ਤਨ ਤੋਂ ਕੱਪੜੇ ਘਟਦੇ ਜਾ ਰਹੇ ਹਨ। ਆਪਣੇ ਵਿੱਚ ਗੁਣ ਪੈਦਾ ਕਰਨ ਨਾਲੋਂ ਸਰੀਰਕ ਪ੍ਰਦਰਸ਼ਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਆਪਣੀ ਸੇਹਤ ਨਰੋਈ ਬਨਾਉਣ ਨਾਲੋਂ, ਬਿਊਟੀ ਪਾਰਲਰ ਰਾਹੀਂ ਬਨਾਵਟੀ ਸੁੰਦਰਤਾ ਦਾ ਵੱਧ ਸਹਾਰਾ ਲਿਆ ਜਾ ਰਿਹਾ ਹੈ। ਲੰਬੇ ਵਾਲ ਤੇ ਗੁੱਤਾਂ ਤਾਂ ‘ਅਊਟ ਔਫ ਫੈਸ਼ਨ’ ਹੋ ਗਈਆਂ ਹਨ। ਅਮੀਰ ਵਰਗ ਤੋਂ ਲੈ ਕੇ ਮਿਡਲ ਕਲਾਸ ਪਰਿਵਾਰਾਂ ਦੀਆਂ ਕੁੜੀਆਂ ਵਿੱਚ ਵਾਲਾਂ ਦੀ ਕਟਿੰਗ ਕਰਵਾ ਕੇ, ਖੁੱਲ੍ਹੇ ਵਾਲ ਛੱਡਣ ਦਾ ਆਮ ਰਿਵਾਜ਼ ਹੀ ਬਣ ਗਿਆ ਹੈ। ‘ਟੈਕਨੌਲੌਜੀ’ ਦੇ ਇਸ ਯੁੱਗ ਵਿੱਚ ਪਲੀਆਂ ਸਾਡੀਆਂ ਬੱਚੀਆਂ ਦੇ ਸ਼ੌਕ ਕੇਵਲ- ਦੋਸਤਾਂ ਸਹੇਲੀਆਂ ਨਾਲ ਘੁੰਮਣਾ-ਫਿਰਨਾ, ਸੋਸ਼ਲ ਸਾਈਟਾਂ ਤੇ ਪੋਸਟਾਂ ਪਾਉਣੀਆਂ ਤੇ ਕੁਮੈਂਟਸ ਦੇਣ ਤਕ ਹੀ ਰਹਿ ਗਏ ਹਨ। ਬਹੁਤੀਆਂ ਕੁੜੀਆਂ ਅੱਜਕਲ ਹੋਸਟਲਾਂ ਵਿੱਚ ਰਹਿ ਕੇ ਉੱਚ ਵਿਦਿਆ ਗ੍ਰਹਿਣ ਕਰਦੀਆਂ ਹਨ। ਜਿਉਂ ਹੀ ਡਿਗਰੀ ਪੂਰੀ ਹੁੰਦੀ ਹੈ- ਮਾਪੇ ਵਰ ਲੱਭਣੇ ਸ਼ੁਰੂ ਕਰ ਦਿੰਦੇ ਹਨ। ਇਹ ਬੱਚੀਆਂ ਘਰ ਗ੍ਰਹਿਸਥੀ ਤੋਂ ਕੋਰੀਆਂ ਹੀ ਨਹੀਂ ਹੁੰਦੀਆਂ, ਸਗੋਂ ਰਿਸ਼ਤਿਆਂ ਤੋਂ ਵੀ ਅਣਭਿੱਜ ਰਹਿ ਜਾਂਦੀਆਂ ਹਨ। ਉੱਤੋਂ ਮੁੰਡਾ ਲੱਭਣ ਵੇਲੇ, ਲੜਕੀ ਵਲੋਂ ਇੰਨੀਆਂ ਸ਼ਰਤਾਂ ਲਾਈਆਂ ਜਾਂਦੀਆਂ ਹਨ ਕਿ ਉਸ ਦੇ ਮਨ ਪਸੰਦ ਦਾ ਵਰ ਲੱਭਦਿਆਂ- ਲੱਭਦਿਆਂ ਉਸ ਦੀ ਵਿਆਹ ਦੀ ਉਮਰ ਬੀਤ ਜਾਂਦੀ ਹੈ। ਮਾਪਿਆਂ ਦੀ ਪਰੇਸ਼ਾਨੀ ਦਾ ਅੰਦਾਜ਼ਾ ਤਾਂ ਤੁਸੀਂ ਖੁਦ ਹੀ ਲਾ ਸਕਦੇ ਹੋ!
ਮੇਰੀ ਇੱਕ ਸਹੇਲੀ ਵੀ ਇਸੇ ਹਾਲਾਤ ਵਿਚੋਂ ਗੁਜ਼ਰ ਰਹੀ ਸੀ। ਬੜੀ ਪਰੇਸ਼ਾਨ ਸੀ ਵਿਚਾਰੀ। ਬੇਟੀ ਸੁਹਣੀ ਸੁਨੱਖੀ ਤੇ ਐਮ. ਬੀ. ਏ, ਕਰ ਕੇ ਜੌਬ ਕਰ ਰਹੀ ਸੀ। ਤੀਹਾਂ ਨੂੰ ਢੁੱਕਣ ਲੱਗੀ, ਕੁੜੀ ਲਈ ਕੋਈ ਯੋਗ ਵਰ ਨਹੀਂ ਸੀ ਮਿਲ ਰਿਹਾ। ਮੈਂਨੂੰ ਕਹਿਣ ਲੱਗੀ ਕਿ ਧਿਆਨ ਰੱਖਣਾ।
“ਕਿਹੋ ਜਿਹਾ ਲੜਕਾ ਲੱਭ ਰਹੇ ਹੋ?” ਮੈਂ ਪੁੱਛਿਆ।
“ਤੈਨੂੰ ਪਤਾ ਹੀ ਹੈ ਕਿ ਮੇਰਾ ਬੇਟਾ ਤਾਂ ਬਾਹਰ ਚਲਾ ਗਿਆ ਸੀ ਤੇ ਘਰ ਵਿੱਚ ਇਹ ਇਕੱਲੀ ਹੀ ਸੀ- ਬਹੁਤ ਲਾਡਲੀ ਰਹੀ ਹੈ। ਇਸਦੇ ਪਾਪਾ ਨੇ ਇਸਦੀ ਹਰ ਖਾਹਿਸ਼ ਪੂਰੀ ਕੀਤੀ ਹੈ। ਸੋ ਸੱਸ ਜਾਂ ਨਨਾਣ ਵਿੱਚ ਤਾਂ ਇਹ ਕੱਟ ਨਹੀਂ ਸਕਦੀ। ਕਹਿੰਦੀ ਹੈ ਕਿ ਮੁੰਡਾ ਇਕੱਲਾ ਹੀ ਹੋਵੇ।” ਉਹ ਇੱਕੋ ਸਾਹੇ ਦੱਸ ਗਈ।
ਮੈਂ ਸੋਚਿਆ “ ਭਾਈ, ਮੁੰਡਾ ਦਰੱਖਤ ਤੋਂ ਡਿਗਿਆ ਹੋਊ, ਜਿਸ ਦਾ ਕੋਈ ਪਰਿਵਾਰ ਹੀ ਨਾ ਹੋਵੇ?” ਕਹਿੰਦਿਆਂ ਕਹਿੰਦਿਆਂ ਮੈਂ ਰੁਕ ਗਈ।
“ਅੱਛਾ ਹੋਰ ਵੀ ਕੋਈ ਸ਼ਰਤ ਹੈ ਜੀ ਤੁਹਾਡੀ ਲਾਡਲੀ ਦੀ?” ਮੈਂ ਜਾਨਣਾ ਚਾਹਿਆ।
“ਇੱਕ ਦੋ ਰਿਸ਼ਤੇ ਬੜੇ ਚੰਗੇ ਪੜ੍ਹੇ ਲਿਖੇ ਮੁੰਡਿਆਂ ਦੇ ਆਏ ਸੀ, ਸਾਨੂੰ ਤਾਂ ਪਸੰਦ ਸੀ- ਪਰ ਇਸ ਨੂੰ ਪਸੰਦ ਨਹੀਂ ਆਏ…ਤੂੰ ਸਿਆਣੀ ਏਂ ਬੱਚਿਆਂ ਦੀ ਪਸੰਦ ਤੋਂ ਬਿਨਾ ਤਾਂ ਨਹੀਂ ਨਾ ਆਪਾਂ ਕਰ ਸਕਦੇ..” ਉਹ ਬੇਬਸ ਜਿਹੀ ਹੋਈ ਲਗਦੀ ਸੀ।
“ਕਿਸ ਕਰਕੇ ਪਸੰਦ ਨਹੀਂ ਆਏ?” ਮੈਂ ਫਿਰ ਪੁਛਿਆ।
“ਅੱਜਕਲ ਕੁੜੀਆਂ ਕਲੀਵ ਸ਼ੇਵਨ ਮੁੰਡਿਆਂ ਨੂੰ ਹੀ ਸਮਾਰਟ ਸਮਝਦੀਆਂ ਭੈਣੇ…ਮੁੰਡੇ ਦਾਹੜੀ-ਕੇਸ ਵਾਲੇ ਸਨ..ਨਹੀਂ ਪਸੰਦ ਆਏ” ਉਹ ਸਹਿਜੇ ਹੀ ਬੋਲੀ।
“ਇੰਨੀਆਂ ਸ਼ਰਤਾਂ ਤਾਂ ਮੁਸ਼ਕਲ ਨੇ ਪੂਰੀਆਂ ਹੋਣੀਆਂ.. ” ਮੈਂ ਦਿਲ ਵਿੱਚ ਸੋਚਿਆ।
“ਚਲੋ ਜਿੱਥੇ ਸੰਜੋਗ ਹੋਏ ਹੋ ਜਾਊ..” ਮੈਂ ਦਿਲਾਸਾ ਦੇ ਕੇ ਫੋਨ ਰੱਖ ਦਿੱਤਾ।
ਇਹ ਸਭ ਸੁਣ ਮੈਂ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਈ- “ਆਖਿਰ ਕੀ ਹੋ ਗਿਆ ਸਾਡੀਆਂ ਪੰਜਾਬਣ ਮੁਟਿਆਰਾਂ ਨੂੰ?” ਤੁਸੀਂ ਆਪ ਹੀ ਸੋਚੋ- “ਇਸ ਤਰ੍ਹਾਂ ਤਾਂ ਸਾਡੀ ਸਰਦਾਰੀ ਦੀ ਪਹਿਚਾਨ ਹੀ ਖਤਮ ਹੋ ਜਾਏਗੀ?” ਸਗੋਂ ਬਾਹਰਲੇ ਮੁਲਕਾਂ ਵਿੱਚ ਤਾਂ ਅਜੇ ਆਪਣੇ ਪੱਗਾਂ ਵਾਲੇ ਸਰਦਾਰ ਮੁੰਡੇ ਕੁੱਝ ਦਿਸਦੇ ਹਨ। ਪੰਜਾਬ ਦੇ ਪਿੰਡਾਂ ਵਿੱਚ ਤਾਂ ਸਭ ਮੂੰਹ ਸਿਰ ਮੁੰਨਾ ਕੰਨਾਂ ਵਿੱਚ ਨੰਤੀਆਂ ਪਾਈ ਫਿਰਦੇ ਹਨ। ਨਾਲ ਹੀ ਪਤਾ ਨਹੀਂ ਕਿਹੜੇ ਕਿਹੜੇ ਨਸ਼ਿਆਂ ਦੇ ਵੀ ਸ਼ਿਕਾਰ ਹਨ। ਪੱਗ-ਦਾਹੜੀ ਵਾਲੇ ਛੈਲ ਛਬੀਲੇ ਪੰਜਾਬੀ ਗੱਭਰੂ ਤਾਂ ਵਿਚਾਰੇ ਪਹਿਲਾਂ ਹੀ ਨਹੀਂ ਲੱਭਦੇ। ਤੇ ਜੇ ਬਹੁਤੀਆਂ ਕੁੜੀਆਂ ਦੀ ਸੋਚ ਇਹੀ ਰਹੀ ਤਾਂ ਕੋਈ ਵਿਰਲਾ ਵਾਂਝਾ ਸਰਦਾਰ ਮੁੰਡਾ ਵੀ ਨਹੀਂ ਬਚਣਾ। ਇੱਕ ਦੋ ਹੋਰ ਮੌਡਰਨ ਮੁਟਿਆਰਾਂ ਦੇ ਵਿਚਾਰ ਜਾਨਣ ਦਾ ਮੌਕਾ ਮਿਲਿਆ ਤਾਂ ਉਹਨਾਂ ਦਾ ਵੀ ਕਹਿਣਾ ਸੀ- ਕਿ ਮੁੰਡਾ ‘ਕੱਲਾ ਹੋਵੇ ਤੇ ਸਮਾਰਟ ਹੋਵੇ- ਦਾਹੜੀ ਵਾਲਾ ਬਾਬਾ ਨਾ ਹੋਵੇ।
ਪਹਿਲੇ ਸਮਿਆਂ ਵਿੱਚ ਮੁੰਡੇ ਦੇ ਨਾਲ, ਉਸ ਦੇ ਖਾਨਦਾਨ ਜਾਂ ਪਰਿਵਾਰ ਨੂੰ ਵੀ ਤਰਜੀਹ ਦਿੱਤੀ ਜਾਂਦੀ ਸੀ। ਮੁੰਡੇ ਦੇ ਸੰਸਕਾਰਾਂ ਦਾ ਅੰਦਾਜ਼ਾ- ਉਸ ਦੇ ਮਾਂ ਬਾਪ, ਦਾਦਾ ਦਾਦੀ ਤੇ ਭੈਣ ਭਰਾਵਾਂ ਤੋਂ ਲਾਇਆ ਜਾਂਦਾ ਸੀ। ਇਕੱਲੇ ਮੁੰਡੇ ਨੂੰ ਲੋਕ ਸਹਿਜੇ ਕਿਤੇ ਰਿਸ਼ਤਾ ਨਹੀਂ ਸੀ ਕਰਦੇ। ਉਹ ਸੋਚਦੇ ਸਨ ਕਿ ਦੁੱਖ ਸੁੱਖ ਵੇਲੇ ਕੋਈ ਭੈਣ ਭਾਈ ਸਾਥ ਦੇਣ ਵਾਲਾ ਹੋਵੇ। ਸਮੇਂ ਨਾਲ ਸੋਚਾਂ ਵਿੱਚ ਤਬਦੀਲੀ ਤਾਂ ਆਉਂਦੀ ਹੀ ਹੈ, ਪਰ ਇੰਨੀ ਵੀ ਨਾ ਆਵੇ ਕਿ ਅਸੀਂ ਇਸ ਨਵੇਂ ਯੁੱਗ ਦੀ ਆੜ ਵਿੱਚ ਆਪਣੀ ਪਹਿਚਾਣ ਹੀ ਭੁੱਲ ਜਾਈਏ। ਸਾਡੀਆਂ ਕੁੜੀਆਂ ਨੂੰ ਤਾਂ ਅਜੇ ਜੀਵਨ ਦੇ ਤਜ਼ਰਬੇ ਨਹੀਂ। ਪਰ ਕਿਧਰੇ ਅਸੀਂ ਮਾਪੇ ਵੀ ਉਹਨਾਂ ਦੀ ਇਸ ਸੋਚ ਨੂੰ ਬੜਾਵਾ ਤਾਂ ਨਹੀਂ ਦੇ ਰਹੇ?
ਲਓ ਹੁਣ ਸੁਣ ਲਵੋ, ਇਕਲੌਤੇ ਮੁੰਡੇ ਦੇ ਵਿਆਹ ਦੀ ਗੱਲ। ਸਾਡੀ ਦੂਰ ਦੀ ਰਿਸ਼ਤੇਦਾਰੀ ਵਿੱਚ ਪਿਛਲੇ ਸਾਲ ਹੀ ਬੜੇ ਚਾਵਾਂ ਲਾਡਾਂ ਨਾਲ ਇੱਕਲੌਤੇ ਮੁੰਡੇ ਦਾ ਵਿਆਹ ਹੋਇਆ। ਮਾਪੇ ਪਹਿਲਾਂ ਹੀ ਅਮਰੀਕਾ ਸਨ ਪਰ ਮੁੰਡਾ ਕਿਸੇ ਕਾਰਨ ਉਹਨਾਂ ਨਾਲ ਨਹੀਂ ਸੀ ਆ ਸਕਿਆ। ਸੰਜੋਗ ਨਾਲ, ਮਾਪਿਆਂ ਨੂੰ ਜਾਣ ਪਛਾਣ ਵਿੱਚ ਚੰਗੀ ਕੁੜੀ ਲੱਭ ਗਈ। ਇੰਡੀਆ ਜਾ, ਮਾਪਿਆਂ ਨੇ ਵਿਆਹ ਬੜੀ ਧੂੰਮ- ਧਾਮ ਨਾਲ ਕੀਤਾ। ਜਦੋਂ ਵਿਆਹ ਤੋਂ ਬਾਅਦ ਮੁੰਡਾ ਅਮਰੀਕਾ ਪਹੁੰਚਿਆ ਤਾਂ ਨਵੀਂ ਵਿਆਹੀ ਬਹੂ ਨੇ ਸੱਸ ਸਹੁਰੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਕਹਿਣ ਲੱਗੀ ਕਿ ਮੈਂ ‘ਜੁਆਇੰਟ ਫੈਮਿਲੀ’ ਵਿੱਚ ਨਹੀਂ ਰਹਿ ਸਕਦੀ। ਕੋਈ ਪੁੱਛਣ ਵਾਲਾ ਹੋਵੇ- ਕਿ ‘ਕੱਲਾ ਮੁੰਡਾ, ਸੋ ਨਾ ਕੋਈ ਨਨਾਣ, ਨਾ ਦਰਾਣੀ-ਜਠਾਣੀ। ਹੁਣ ਸੱਸ ਸਹੁਰੇ ਨਾਲ ਵੀ ‘ਜੁਆਇੰਟ ਫੈਮਿਲੀ’ ਹੋਣ ਲੱਗ ਪਈ? ਭਲਾ ਦੱਸੋ ਇਕਲੌਤੀ ਔਲਾਦ ਦੇ ਮਾਂ ਬਾਪ ਵਿਚਾਰੇ ਜਾਣ ਤਾਂ ਜਾਣ ਕਿਥੇ?
ਜਵਾਨ ਹੋ ਰਹੀ ਧੀ ਦੇ ਮਾਪੇ, ਜਿੱਥੇ ਉਸ ਦੀ ਵਿਦਿਆ ਜਾਂ ਉਸ ਦੇ ‘ਕੈਰੀਅਰ’ ਬਾਰੇ ਫਿਕਰਮੰਦ ਹੁੰਦੇ ਹਨ ਉੱਥੇ ਉਹਨਾਂ ਨੂੰ ਆਪਣੀਆਂ ਬੱਚੀਆਂ ਨੂੰ ਗ੍ਰਹਿਸਤ ਆਸ਼ਰਮ ਲਈ ਵੀ ਤਿਆਰ ਕਰਦੇ ਰਹਿਣਾ ਚਾਹੀਦਾ ਹੈ। ਇਸ ਲਈ ਸਾਨੂੰ ਆਪਣੇ ਆਪਣੇ ਪਰਿਵਾਰਾਂ ਤੇ ਝਾਤੀ ਮਾਰਨੀ ਪਵੇਗੀ। ਆਪਣੇ ਆਪ ਨੂੰ ਪੁੱਛਣੇ ਪੈਣਗੇ ਕੁੱਝ ਸਵਾਲ- ਕੀ ਸਾਡੇ ਬੱਚੇ ਦਾਦੇ- ਦਾਦੀ ਦੀ ਗੋਦ ਦਾ ਅਨੰਦ ਮਾਣਦੇ ਹੋਏ ਪਲੇ ਹਨ? ਕੀ ਉਹਨਾਂ ਨੂੰ ਅਸੀਂ ਕਦੇ ਚਾਚੇ ਚਾਚੀਆਂ ਜਾਂ ਭੂਆ ਦਾ ਪਿਆਰ ਮਾਨਣ ਦਾ ਮੌਕਾ ਦਿੱਤਾ? ਜਾਂ ਕੀ ਅਸੀਂ ਆਪ ਹੀ ਇਹਨਾਂ ਰਿਸ਼ਤਿਆਂ ਨੂੰ ਤੋੜਿਆ ਹੋਇਆ ਸੀ? ਜਾਂ ਅਸੀਂ ਬੱਚਿਆਂ ਦੀ ਪੜ੍ਹਾਈ ਕਾਰਨ ਕਦੇ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਲੈ ਕੇ ਹੀ ਨਹੀਂ ਗਏ? ਕੀ ਅਸੀਂ ਬੱਚਿਆਂ ਨੂੰ ਬਚਪਨ ਤੋਂ ਹੀ ਘਰੋਂ ਬਾਹਰ ਵਧੀਆ ਐਜੂਕੇਸ਼ਨ ਲਈ ਹੋਸਟਲ ਵਿੱਚ ਭੇਜ ਦਿੱਤਾ ਸੀ? ਇਹ ਬੱਚੇ ਡਾਕਟਰ, ਇੰਜੀਨੀਅਰ, ਜੱਜ, ਵਕੀਲ ਤਾਂ ਬਣ ਜਾਣਗੇ ਪਰ ਰਿਸ਼ਤਿਆਂ ਤੋਂ ਅਣਜਾਣ ਹੋਣ ਕਾਰਨ, ਜ਼ਿੰਦਗੀ ਦੇ ਸੰਘਰਸ਼ ਵਿੱਚ ਕਾਮਯਾਬ ਨਹੀਂ ਹੋਣਗੇ।
ਸਾਥੀਓ- ਪਹਿਲਾਂ ਹੀ ਸਾਡੇ ਬਹੁਤੇ ਪੰਜਾਬੀ ਮੁੰਡੇ ਆਪਣਾ ਨਿਵੇਕਲਾ ਸਰੂਪ ਤਿਆਗ ਚੁੱਕੇ ਹਨ। ਪਰ ਕਿਤੇ ਇਸ ਕਾਰਨ ਵੀ ਮੁੰਡਿਆਂ ਨੂੰ ਕਲੀਨ ਸ਼ੇਵਨ ਤਾਂ ਨਹੀਂ ਬਨਣਾ ਪੈ ਰਿਹਾ? ਦਸਤਾਰਧਾਰੀ ਪੰਜਾਬੀ ਦੀ ਤਾਂ ਸ਼ਾਨ ਹੀ ਦੇਸ਼ ਵਿਦੇਸ਼ ਵੱਖਰੀ ਹੈ। ਤਾਂਹੀਓ ਤਾਂ ਕਿਹਾ ਗਿਐ -
ਬਾਝੋਂ ਪੱਗ ਦੇ ਕਾਹਦੀ ਪਛਾਣ ਹੁੰਦੀ, ਬੰਦਾ ਹੋਵੇ ਲੱਖ ਹਜ਼ਾਰ ਜਾਂਦਾ।
ਲੱਖਾਂ ਵਿੱਚ ਹੋਵੇ ਇੱਕੋ ਪੱਗ ਵਾਲਾ, ਲੋਕੀਂ ਆਖਦੇ ਓਹ ਸਰਦਾਰ ਜਾਂਦਾ।
ਜਦੋਂ ਦੇਸ਼-ਵਿਦੇਸ਼ ਵਿੱਚ ਕੋਈ ਪੰਜਾਬੀ ਮੱਲਾਂ ਮਾਰਦੈ, ਤਾਂ ਸਾਡਾ ਸਿਰ ਮਾਣ ਨਾਲ ਕਿਵੇਂ ਉੱਚਾ ਹੋ ਜਾਂਦੈ। ਸੋ ਇਸੇ ਤਰ੍ਹਾਂ ਸਾਡੀਆਂ ਮੁਟਿਆਰਾਂ ਨੂੰ ਵੀ ਮਾਣ ਹੋਣਾ ਚਾਹੀਦਾ, ਕਿ ਉਸ ਦਾ ਹੋਣ ਵਾਲਾ ਸ਼ੌਹਰ ਇੱਕ ਸਾਬਤ ਸੂਰਤ ਸਰਦਾਰ ਹੈ। ਸਾਡੀਆਂ ਕੁੜੀਆਂ ਦੀ ਸੋਚ ਇਸ ਮੋੜ ਤੇ ਕਿਉਂ ਪਹੁੰਚੀ? ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਮਾਣ ਮੱਤੇ ਸਿੱਖ ਇਤਹਾਸ ਬਾਰੇ ਕਦੇ ਦੱਸਿਆ ਹੀ ਨਹੀਂ। ਨਾ ਹੀ ਉਹਨਾਂ ਨੂੰ ਦਸਤਾਰ ਤੇ ਕੇਸਾਂ ਲਈ ਖੋਪਰੀ ਲੁਹਾਉਣ ਵਾਲਿਆਂ ਦਾ ਇਤਹਾਸ ਕਦੇ ਪੜ੍ਹਨ ਲਈ ਦਿੱਤਾ।
ਸਾਡੇ ਸਿੱਖ ਪਰਿਵਾਰਾਂ ਵਿਚੋਂ ਤਾਂ ਪਹਿਲਾਂ ਹੀ ਦਸਤਾਰ ਗੁੰਮ ਹੁੰਦੀ ਜਾ ਰਹੀ ਹੈ, ਜੋ ਪੰਜਾਬੀਆਂ ਦੀ ਪਛਾਣ ਦਾ ਪ੍ਰਤੀਕ ਸੀ। ਕਿਤੇ ਇੰਝ ਨਾ ਹੋਵੇ ਕਿ ਵਿਆਹ ਕਰਵਾਉਣ ਖਾਤਿਰ ਬਚੇ ਹੋਏ ਸਾਬਤ-ਸੂਰਤ ਸਰਦਾਰਾਂ ਨੂੰ ਵੀ ਆਪਣੀ ਦਿੱਖ ਬਦਲਨੀ ਪਵੇ!