ਲੁਧਿਆਣਾ : ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਦਾ ਜਨਮ ਦਿਨ ਸਮਾਗਮ ਮਨਾਇਆ ਗਿਆ। ਇਸ ਮੌਕੇ ਬੋਲਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸੇਖੋਂ ਸਾਹਿਬ ਸਾਡੇ ਸਮਿਆਂ ਦੇ ਪੁਰਾਣੇ ਮਸਲਿਆਂ ਨੂੰ ਨਵੇਂ ਰੂਪ ’ਚ ਦੇਖ ਕੇ ਪਰਤਾਉਣ ਵਾਲੇ ਚਿੰਤਕ ਸਨ। ਉਹਨਾਂ ਦੇ ਅੰਦਰ ਸਿੱਖ ਕੌਮ ਨੂੰ ਉਸਾਰਨ ਦੀਆਂ ਭਾਵਨਾਵਾਂ ਵੀ ਸਨ ਤੇ ਉਹ ਉੱਘੇ ਮਾਰਕਸਵਾਦੀ, ਯਥਾਰਥਵਾਦੀ ਸਾਹਿਤਕਾਰ ਦੇ ਤੌਰ ’ਤੇ ਵੀ ਜਾਣੇ ਜਾਂਦੇ ਸਨ। ਉਹਨਾਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਾਅਦੇ ਅਨੁਸਾਰ ਉਹਨਾਂ ਦੇ ਨਾਂ ’ਤੇ ਚੇਅਰ ਸਥਾਪਿਤ ਕੀਤੀ ਜਾਵੇ ਅਤੇ ਉਹਨਾਂ ਦਾ ਜਨਮਦਿਨ ਹਰ ਵਰ੍ਹੇ ਮਨਾਇਆ ਜਾਇਆ ਕਰੇ। ਇਹ ਇਹਨਾਂ ਗੱਲਾਂ ਦੀ ਸਮੁੱਚੇ ਹਾਊਸ ਨੇ ਤਾੜੀਆਂ ਮਾਰ ਕੇ ਹਮਾਇਤ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਿੰ. ਪ੍ਰੇਮ ਸਿੰਘ ਬਜਾਜ, ਡਾ. ਸੁਰਜੀਤ ਪਾਤਰ, ਡਾ. ਸੁਰਿੰਦਰ ਦੁਸਾਂਝ, ਓਮ ਪ੍ਰਕਾਸ਼ ਗਾਸੋ, ਤ੍ਰਲੋਚਨ ਸਫਰੀ ਆਦਿ ਸ਼ਾਮਲ ਸਨ। ਇਸ ਮੌਕੇ ਸੇਖੋਂ ਚਿੰਤਨ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਕ ਸ¤ਤ ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਨ੍ਹਾਂ ਵਿਚ ਡਾ. ਸੁਰਿੰਦਰ ਸਿੰਘ ਦੌਸਾਂਝ, ਡਾ. ਰਣਜੀਤ ਸਿੰਘ, ਡਾ. ਤੇਜਵੰਤ ਗਿੱਲ, ਸ੍ਰੀ ਓਮ ਪ੍ਰਕਾਸ਼ ਗਾਸੋ, ਡਾ. ਗੁਲਜਾਰ ਸਿੰਘ ਪੰਧੇਰ, ਡਾ. ਸੁਰਜੀਤ ਪਾਤਰ ਅਤੇ ਡਾ. ਸ਼ਿੰਦਰਪਾਲ ਸਿੰਘ ਸ਼ਾਮਲ ਕੀਤੇ ਗਏ। ਕਨੇਡਾ ਨਿਵਾਸੀ ਜਗਮੋਹਨ ਸਿੰਘ ਸੇਖੋਂ ਨੇ ਦੱਸਿਆ ਕਿ ਸੇਖੋਂ ਜੀ ਦਾ ਅਗਲਾ ਜਨਮਦਿਨ ਕਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਪੰਜਾਬੀ ਕਾਨਫਰੰਸ ਦੇ ਰੂਪ ਵਿਚ ਮਨਾਇਆ ਜਾਵੇਗਾ। ਇਸ ਕਾਰਜ ਲਈ ਉਹਨਾਂ ਨੇ ਸਮੁੱਚੀ ਕਮੇਟੀ ਨੂੰ ਕਿਹਾ ਕਿ ਇਸ ਕਾਨਫਰੰਸ ਨੂੰ ਜਥੇਬੰਦ ਕਰਨ ਅਤੇ ਡੈਲੀਗੇਟ ਭੇਜਣ ਦਾ ਫਰਜ਼ ਨਿਭਾਉਣ।
ਇਹ ਕਮੇਟੀ ਸਮੁੱਚੇ ਪੰਜਾਬ ਵਿਚੋਂ ਹੋਰ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਨੂੰ ਨਾਲ ਜੋੜ ਕੇ ਉਪਰੋਕਤ ਕਾਰਜ ਨੂੰ ਹਿੰਮਤ ਨਾਲ ਅੱਗੇ ਤੋਰੇਗੀ। ਇਸ ਮੌਕੇ ਮੁੱਖ ਭਾਸ਼ਣ ਦਿੰਦਿਆਂ ਡਾ. ਸੁਰਿੰਦਰ ਸਿੰਘ ਦੁਸਾਂਝ ਨੇ ਉਹਨਾਂ ਬਾਰੇ ਵਿਸਤ੍ਰਿਤ ਗੱਲ ਕਰਦਿਆਂ ਆਖਿਆ ਕਿ ਉਹ ਬੜੇ ਜ਼ੁਰੱਅਤ ਨਾਲ ਮਾਰਕਸਵਾਦੀ ਹੋ ਕੇ ਧਾਰਮਿਕ ਪਹੁੰਚ ਅਪਣਾਉਣ ਦੀ ਹਿੰਮਤ ਰੱਖਦੇ ਸਨ। ਉਹ ਸਾਡੇ ਸਮਿਆਂ ਦੀ ਲਾ-ਮਿਸਾਲ, ਸਾਹਿਤਕ ਸ਼ਖ਼ਸੀਅਤ ਸਨ। ਇਹਨਾਂ ਦੇ ਨਾਲ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ. ਗੁਲਜਾਰ ਸਿੰਘ ਪੰਧੇਰ ਨੇ ਕਿਹਾ ਕਿ ਸੇਖੋਂ ਸਾਹਿਬ ਦਾ ਚਿੰਤਨ ਸਮੁੱਚੇ ਤੌਰ ’ਤੇ ਸਥਾਪਤੀ ਵਿਰੋਧੀ ਚਿੰਤਨ ਹੈ। ਬਜ਼ੁਰਗ ਲੇਖਕ ਓਮਪ੍ਰਕਾਸ਼ ਗਾਸੋ ਨੇ ਸੇਖੋਂ ਨਾਲ ਆਪਣੀਆਂ ਯਾਦਾਂ ਅਤੇ ਉਹਨਾਂ ਦੇ ਵਿਚਾਰ ਸਾਂਝੇ ਕੀਤੇ। ਚੰਡੀਗੜ੍ਹ ਤੋਂ ਡਾ. ਸ਼ਿੰਦਰਪਾਲ ਸਿੰਘ ਵਿਸ਼ੇਸ਼ ਤੌਰ ’ਤੇ ਆਏ ਅਤੇ ਉਹਨਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਅਤੇ ਪ੍ਰੋ. ਕਿਸ਼ਨ ਸਿੰਘ ਦੀ ਆਲੋਚਨਾ ਦੀ ਦ੍ਰਿਸ਼ਟੀ ਦੀ ਚਰਚਾ ਕੀਤੀ। ਪਹੁੰਚੇ ਹੋਏ ਮਹਿਮਾਨਾਂ ਅਤੇ ਇਕਤਰਿਤ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਕੈਲੇ ਨੇ ਕੀਤਾ।
ਇਸ ਮੌਕੇ ’ਤੇ ਚੇਤਨਾ ਪ੍ਰਕਾਸ਼ਨ ਵੱਲੋਂ ਛਪੀਆਂ 7 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਜਿੰਨ੍ਹਾਂ ਵਿਚ ‘ਕਥਾ ਪੰਥ’ ਸੰਤ ਸਿੰਘ ਸੇਖੋਂ (ਸਾਰੀਆਂ ਕਹਾਣੀਆਂ), ‘ਕਰਮਾਂ ਦੀ ਕਰਾਮਾਤ’ ਸ਼ਿਵਚਰਨ ਗਿੱਲ, ‘ਜੁਗਨੂੰਆਂ ਦੀ ਵਹਿੰਗੀ’ ਕਿਰਪਾਲ ਕਜ਼ਾਕ, ‘ਜਗਦੇ ਬੁਝਦੇ ਜੁਗਨੂੰ’ ਗੁਰਚਰਨ ਕੌਰ ਥਿੰਦ’, ‘ਕਹਿਕਸ਼ਾਂ ਦੇ ਰੰਗ’ ਸਰਦਾਰ ਪੰਛੀ, ‘ਮੈਨੇ ਸਮੁੰਦਰ ਸੇ ਕਹਾ’ ਸੁਦਰਸ਼ਨ ਗਾਸੋ, (ਸਤਰੰਗੀ ਪੀਂਘ) ਡਾ. ਰਣਜੀਤ ਸਿੰਘ ਆਦਿ ਸ਼ਾਮਲ ਸਨ।
ਇਸ ਮੌਕੇ ਵਿਚਾਰ ਚਰਚਾ ਵਿਚ ਭਾਗ ਲੈਣ ਵਾਲਿਆਂ ਵਿਚ ਡਾ. ਸੁਰਿੰਦਰ ਕੌਰ ਕੋਚਰ, ਇੰਜੀ. ਜਸਵੰਤ ਜ਼ਫ਼ਰ, ਡਾ. ਸੁਖਚੈਨ, ਬਲਵਿੰਦਰ ਔਲਖ ਗਲੈਕਸੀ, ਬਲਕੌਰ ਗਿੱਲ, ਪ੍ਰੋ. ਕਸਤੂਰੀ ਲਾਲ, ਤ੍ਰਲੋਚਨ ਝਾਂਡੇ, ਤ੍ਰੈਲੋਚਨ ਲੋਚੀ, ਭਗਵਾਨ ਢਿੱਲੋਂ, ਤ੍ਰਲੋਚਨ ਸਫ਼ਰੀ, ਇੰਦਰਜੀਤ ਕੌਰ ਭਿੰਡਰ, ਕੰਵਲਜੀਤ ਟਿੱਬਾ, ਸਤੀਸ਼ ਗੁਲਾਟੀ, ਸੁਰਿੰਦਰਦੀਪ, ਡਾ. ਕੁਲਵਿੰਦਰ ਕੌਰ ਮਿਨਹਾਂਸ, ਭੁਪਿੰਦਰ ਧਾਲੀਵਾਲ, ਅਜੀਤ ਪਿਆਸਾ, ਹਰਬੰਸ ਮਾਲਵਾ ਆਦਿ ਸ਼ਾਮਲ ਸਨ।