ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਧਾਰਮਿਕ ਗੀਤ ਅੱਜ ਜਾਰੀ ਕੀਤਾ ਗਿਆ। ਗਾਇਕ ਸਿਮਰਨਜੀਤ ਸਿੰਘ ਵੱਲੋਂ ਗਾਇਨ ਕੀਤੇ ਗਏ ਇਸ ਗੀਤ ਨੂੰ ਅਮਰ ਸਿੰਘ ਅਮਰ ਨੇ ਲਿਖਿਆ ਅਤੇ ਸੰਗੀਤਬੱਧ ਕੀਤਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮਾਤਾ ਸੁੰਦਰੀ ਕਾਲਜ ਆਡੀਟੋਰੀਅਮ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਕਤ ਗੀਤ ਨੂੰ ਜਾਰੀ ਕੀਤਾ।
ਜੀ.ਕੇ. ਨੇ ਆਸ ਜਤਾਈ ਕਿ ਸ਼ਤਾਬਦੀ ਸਮਾਗਮਾਂ ਦੇ ਨਗਰ ਕੀਰਤਨਾਂ ਦੌਰਾਨ ਇਹ ਗੀਤ ਸੰਗਤ ਨੂੰ ਬਾਬਾ ਜੀ ਦੇ ਜੀਵਨ ਬਾਰੇ ਜਾਣੂ ਕਰਵਾਉਣ ਲਈ ਬਿਲਕੁਲ ਉਸੇ ਤਰਜ਼ ਤੇ ਕਾਮਯਾਬ ਹੋਵੇਗਾ ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਦੀ ਤੀਜ਼ੀ ਸ਼ਤਾਬਦੀ ਮੌਕੇ ਕੱਢੀ ਗਈ ‘‘ਜਾਗ੍ਰਤੀ ਯਾਤਰਾ’’ ਦੌਰਾਨ ਗਾਇਕ ਦਲੇਰ ਮਹਿੰਦੀ ਵੱਲੋਂ ਗਾਇਆ ਗਿਆ ‘‘300 ਸਾਲ ਗੁਰੂ ਦੇ ਨਾਲ’’ ਗੀਤ ਕਾਮਯਾਬ ਹੋਇਆ ਸੀ। ਜੀ.ਕੇ. ਨੇ ਗੀਤ ਦੀਆ ਸਤਰਾਂ ਅੱਤੇ ਗਾਇਕ ਦੀ ਆਵਾਜ਼ ਨੂੰ ਸ਼ਾਨਦਾਰ ਦੱਸਦੇ ਹੋਏ ਗੀਤਕਾਰ ਅਤੇ ਸੰਗੀਤਕਾਰ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਪੱਤਰਕਾਰਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦੇ ਲਿਬਰਟੀ ਸਿਨੇਮਾ ਬੰਬ ਕਾਂਡ ਵਿਚ ਬਰੀ ਹੋਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜੀ.ਕੇ. ਨੇ ਕਾਂਗਰਸ ਦੇ ਰਾਜ ਵਿਚ ਬੇਗੁਨਾਹਾਂ ਨੂੰ ਅਤਿਵਾਦੀ ਦੱਸ ਕੇ ਫਸਾਉਣ ਦਾ ਦੋਸ਼ ਵੀ ਲਗਾਇਆ। ਜੀ.ਕੇ. ਨੇ ਕਿਹਾ ਕਿ ਬੀਤੇ ਦਿਨੀਂ ਮਾਲੇਗਾਂਵ ਬੰਬ ਧਮਾਕੇ ਵਿਚ ਜੇਲ ਵਿਚ ਬੰਦ ਸਾਧਵੀ ਪ੍ਰਗਿਆ ਨੂੰ ਐਨ.ਆਈ.ਏ. ਵੱਲੋਂ ਕਲੀਨ ਚਿੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਹੁਣ ਭਾਈ ਹਵਾਰਾ ਦੇ ਲਿਬਰਟੀ ਸਿਨੇਮਾ ਬੰਬ ਕਾਂਡ ਵਿਚ ਬਰੀ ਹੋਣ ਨਾਲ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲਿਆ ਨਿਸ਼ਾਨ ਖੜਾ ਹੋ ਗਿਆ ਹੈ। ਜੀ.ਕੇ. ਨੇ ਬੇਗੁਨਾਹਾਂ ਨੂੰ ਅੱਤਵਾਦੀ ਦੱਸਕੇ ਜੇਲਾਂ ਵਿਚ ਬੰਦ ਕਰਨ ਦੇ ਪੁਲਸਿਆ ਰੁਝਾਨ ਨਾਲ ਗੈਰ ਮਨੁੱਖੀ ਤਸ਼ੱਦਦ ਦਾ ਪਹਾੜ ਪਰਿਵਾਰ ਦੇ ਸਿਰ ਤੇ ਡਿਗਣ ਦਾ ਵੀ ਦਾਅਵਾ ਕੀਤਾ।
ਜੀ.ਕੇ. ਨੇ ਅਜਿਹੇ ਕਾਰਜਾਂ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ਼ ਨਿਆਇਕ ਜਾਂਚ ਦੀ ਮੰਗ ਕਰਦੇ ਹੋਏ ਇਸ ਮਸਲੇ ਤੇ ਦਿੱਲੀ ਕਮੇਟੀ ਵੱਲੋਂ ਕਾਨੂੰਨੀ ਚਾਰਾਜੋਈ ਸ਼ੁਰੂ ਕਰਨ ਦਾ ਵੀ ਇਸ਼ਾਰਾ ਕੀਤਾ। ਜੀ.ਕੇ. ਨੇ ਕਿਹਾ ਕਿ ਭਾਈ ਹਵਾਰਾ ਤਾ ਕੁਦਰਤੀ ਹੀ ਬੇਅੰਤ ਸਿੰਘ ਕਤਲਕਾਂਡ ਵਿਚ ਜੇਲ ’ਚ ਸਜਾ ਕੱਟ ਰਹੇ ਹਨ ਇਸ ਕਰਕੇ ਭਾਈ ਹਵਾਰਾ ਦੇ ਬਰੀ ਹੋਣ ਨਾਲ ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਸ਼ਾਇਦ ਜਿਆਦਾ ਫ਼ਰਕ ਨਹੀਂ ਪਿਆ। ਪਰ ਜੇਕਰ ਬਿਨਾਂ ਤਥਾਂ ਅਤੇ ਸਬੂਤਾਂ ਦੇ ਕਿਸੇ ਹੋਰ ਬੇਗੁਨਾਹ ਨੂੰ ਲਿਬਰਟੀ ਸਿਨੇਮਾ ਬੰਬ ਕਾਂਡ ਵਿਚ ਅੱਤਵਾਦੀ ਦੱਸਿਆ ਗਿਆ ਹੁੰਦਾ ਤਾਂ ਉਸਦੀ ਅਤੇ ਉਸਦੇ ਪਰਿਵਾਰ ਨੂੰ ਅਨਜਾਣੇ ਵਿਚ ਬਰਦਾਸ਼ਤ ਕਰਨੀ ਪਈ ਤਸ਼ੱਦਦ ਦਾ ਜਵਾਬਦੇਹ ਕੌਣ ਹੁੰਦਾ।
ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਨਾ, ਕੁਲਮੋਹਨ ਸਿੰਘ, ਗੁਰਮੀਤ ਸਿੰਘ ਮੀਤਾ ਅਤੇ ਅਕਾਲੀ ਆਗੂ ਵਿਕਰਮ ਸਿੰਘ ਆਦਿਕ ਇਸ ਮੌਕੇ ਮੌਜੂਦ ਸਨ।