ਖਡੂਰ ਸਾਹਿਬ : ਸੰਤ ਬਾਬਾ ਉੱਤਮ ਸਿੰਘ ਜੀ ਵੱਲੋਂ 1984 ਵਿੱਚ ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਨੀਂਹ ਰੱਖੀ ਗਈ ਸੀ । ਉਹਨਾਂ ਨੇ ਜਿਹੜਾ ਸੁਪਨਾ ਸਿਰਜ ਕੇ ਇਸ ਵਿੱਦਿਅਕ ਅਦਾਰੇ ਦੀ ਸ਼ੁਰੂਆਤ ਕੀਤੀ ਸੀ ਅੱਜ ਇਹ ਸਕੂਲ ਵਿੱਦਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ । ਉਹਨਾਂ ਤੋਂ ਬਆਦ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਇਹ ਸਕੂਲ ਨਿੱਤ ਨਵੀਆਂ ਸਿਖਰਾਂ ਛੋਹ ਰਿਹਾ ਹੈ। ਉਹਨਾਂ ਦੀ ਸੁਯੋਗ ਰਹਿਨੁਮਾਈ ਹੇਠ ਹਰ ਸਾਲ ਇਹ ਵਿੱਦਿਅਕ ਸੰਸਥਾ ਆਪਣੀ ਬਿਹਤਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰ ਰਹੀ ਹੈ ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਕਲਾਸ ਦੇ ਨਤੀਜਿਆਂ ਵਿੱਚ ਇਸ ਸਕੂਲ ਦੀ ਵਿਦਿਆਰਥਣ ਸਿਮਰਨਦੀਪ ਕੌਰ ਨੇ 99.08 ਫ਼ੀਸਦੀ ਅੰਕ ਪ੍ਰਾਪਤ ਕਰਕੇ ਟਾਪ ਕੀਤਾ ਹੈ ਅਤੇ ਇਸ ਤੋਂ ਇਲਾਵਾ ਵੀ 11 ਵਿਦਿਆਰਥਣਾਂ ਮੈਰਿਟ ਵਿੱਚ ਆਈਆਂ ਹਨ । ਜ਼ਿਕਰਯੋਗ ਹੈ ਕਿ ਇਹ ਅਦਾਰਾ ਪਿਛਲੇ ਕਈ ਸਾਲਾਂ ਤੋਂ ਵਿੱਦਿਅਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰਕੇ ਆਪਣੀ ਪਹਿਚਾਣ ਸਥਾਪਿਤ ਕਰ ਚੁੱਕਾ ਹੈ । ਇਸ ਸਕੂਲ ਦੇ ਬੱਚੇ ਪਿਛਲੇ ਕਈ ਸਾਲਾਂ ਤੋਂ ਮੈਰਿਟ ਵਿੱਚ ਆ ਰਹੇ ਹਨ ।
ਮੈਰਿਟ ਵਿੱਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਲਈ ਸਕੂਲ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਕਾਲਜ ਸੇ ਆਡੀਟੋਰੀਅਮ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਬਾਬਾ ਬਲਿਵੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ । ਜਿਸ ਵਿੱਚ ਅਮਰੀਕਾ ਦੇ ਸ. ਕੁਲਵੰਤ ਸਿੰਘ ਅਤੇ ਸ. ਸੁਖਬੀਰ ਸਿੰਘ ਨਿੱਜਰ ਬ੍ਰਦਰਜ਼ ਵੱਲੋਂ ਟਾਪ ਕਰਨ ਵਾਲੀ ਸਿਮਰਨਦੀਪ ਕੌਰ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ । ਇਸ ਤੋਂ ਇਲਾਵਾ ਸ. ਸਰੂਪ ਸਿੰਘ ਢੱਟ ਸਾਬਕਾ ਪੁਲਿਸ ਕਮਿਸ਼ਨ ਮੁੰਬਈ ਨੇ ਵੀ ਟਾਪਰ ਲੜਕੀ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਅਤੇ ਬਾਕੀ ਗਿਆਰਾਂ ਲੜਕੀਆਂ ਜੋ ਮੈਰਿਟ ਵਿੱਚ ਆਈਆਂ ਹਨ ਉਹਨਾਂ ਨੂੰ ਵੀ ਪੰਜ-ਪੰਜ ਹਜ਼ਾਰ ਰੁਪਏ ਦੇ ਕਿ ਸਨਮਾਨਿਤ ਕੀਤਾ ਗਿਆ । ਅਮਰੀਕਾ ਦੇ ਪ੍ਰੋਫੈਸਰ ਸ. ਦਲਜੀਤ ਸਿੰਘ ਨੇ ਵੀ ਟਾਪ ਕਰਨ ਵਾਲੀ ਵਿਦਿਆਰਥਣ ਨੂੰ ਪੰਚੀ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ । ਗ੍ਰਾਮ ਪੰਚਾਇਤ ਖਡੂਰ ਸਾਹਿਬ ਵੱਲੋਂ ਵੀ ਗਿਆਰਾਂ ਹਜ਼ਾਰ ਰੁਪਏ ਦਾ ਨਗਦ ਇਨਾਮ ਅੱਵਲ ਰਹਿਣ ਵਾਲੀ ਲੜਕੀ ਨੂੰ ਦਿੱਤਾ ਗਿਆ । ਖਡੂਰ ਸਾਹਿਬ ਹਲਕੇ ਦੇ ਐੱਮ.ਐੱਲ.ਏ ਸ. ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਵੀ ਇਸ ਸਕੂਲ ਦੇ ਮੈਰਿਟ ਹੋਲਡਰ (ਮੈਟ੍ਰਿਕ ਅਤੇ ਬਾਰਵੀਂ) ਦੇ ਸਾਰੇ ਵਿਦਿਆਰੀਥਆਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ।
ਇਸ ਸਬੰਧੀ ਸਕੂਲ ਦੇ ਡਾਇਰੈਕਟਰ ਗੁਰਦਿਆਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਕੂਲ ਦੇ ਜੋ ਬੱਚੇ ਪੰਜਾਬ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨਗੇ, ਉਹ ਬੱਚੇ ਦੇਸ਼-ਵਿਦੇਸ਼ ਵਿੱਚ ਜਿੱਥੇ ਵੀ ਪੜ੍ਹਨਾ ਚਾਹੁਣਗੇ ਉਹਨਾਂ ਦੀ ਸਾਰੀ ਪੜ੍ਹਾਈ ਦਾ ਖਰਚਾ ਕਾਰ ਸੇਵਾ ਖਡੂਰ ਸਾਹਿਬ ਸੰਸਥਾ ਵੱਲੋਂ ਕੀਤਾ ਜਾਵੇਗਾ । ਇਸ ਤੋਂ ਇਲਾਵਾ ਇਸ ਸਕੂਲ ਦੇ ਜਿਹੜੇ ਬੱਚੇ ਮੈਰਿਟ ਵਿੱਚ ਆਉਣਗੇ ਉਹ ਬੱਚੇ ਕਾਰ ਸੇਵਾ ਖਡੂਰ ਸਾਹਿਬ ਦੀ ਕਿਸੇ ਵੀ ਅਦਾਰੇ ਵਿੱਚ ਮੁਫਤ ਪੜ੍ਹ ਸਕਣਗੇ ।
ਸ. ਸਰੂਪ ਸਿੰਘ ਢੱਟ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਾਬਾ ਸੇਵਾ ਸਿੰਘ ਜੀ ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਉੱਚ ਪੱਧਰ ਦੇ ਵਿੱਦਿਅਕ ਅਦਾਰੇ ਚਲਾ ਰਹੇ ਜੋ ਕਿ ਬਹੁਤ ਸ਼ਲਾਘਾਯੋਗ ਹਨ । ਉਹਨਾਂ ਕਿਹਾ ਲੜਕੀਆਂ ਪੜ੍ਹਾਈ ਵਿੱਚ ਮੈਰਿਟ ਪੁਜ਼ੀਸ਼ਨਾਂ ਹਾਸਲ ਕਰ ਰਹੀਆਂ ਹਨ । ਲੜਕਿਆਂ ਨੂੰ ਵੀ ਪੜ੍ਹਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੜਕੇ ਵੀ ਸਿੱਧੇ ਅਫਸਰ ਭਰਤੀ ਹੋਣ । ਉਹਨਾਂ ਕਿਹਾ ਕਿ ਬਾਬਾ ਜੀ ਵੱਲੋਂ ਪੇਂਡੂ ਖੇਤਰ ਦੇ ਬੱਚਿਆਂ ਨੂੰ ਦੇਸ਼ ਪੱਧਰ ਦੇ ਕੰਪੀਟੀਟਿਵ ਇਮਤਿਹਾਨਾਂ ਦੀ ਤਿਆਰੀ ਕਰਵਾਉਣ ਲਈ ਨਿਸ਼ਾਨ-ਏ-ਸਿੱਖੀ ਵਿੱਚ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਜਾ ਰਹੀ ਹੈ । ਇਸ ਸੰਸਥਾ ਦੇ ਬਹੁਤ ਵਿਦਿਆਰਥੀ ਐੱਮ.ਬੀ.ਬੀ.ਐੱਸ ਅਤੇ ਆਈ.ਆਈ.ਟੀ ਵਰਗੇ ਕੋਰਸਾਂ ਦੀ ਪੜ੍ਹਾਈ ਕਰ ਰਹੇ ਹਨ ।
ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਬੱਚਿਆਂ ਨੂੰ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ।
ਜਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਵਿਚ ਸਕੂਲ ਨੇ ਤਰਨ ਤਾਰਨ ਜ਼ਿਲੇ ਵਿਚੋਂ ਮੈਰਿਟ ਪੁਜ਼ੀਸ਼ਨ ਹਾਸਲ ਕਰਕੇ ਪੰਜਾਬ ਦੇ ਨਕਸ਼ੇ ਵਿਚ ਉਭਰਵੀਂ ਥਾਂ ਬਣਾਈ ਸੀੇ।
ਇਹ ਸਕੂਲ ਕਾਰ ਸੇਵਾ ਖਡੂਰ ਸਾਹਿਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਗ਼ਰੀਬ ਪਰਿਵਾਰਾਂ ਦੇ ਬੱਚੇ ਮੁਫ਼ਤ ਵਿੱਦਿਆ ਲੈ ਰਹੇ ਹਨ ਅਤੇ ਹਰ ਸਾਲ ਹੋਣਹਾਰ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਦਾ ਵਜ਼ੀਫਾ ਵੀ ਦਿੱਤਾ ਜਾਂਦਾ ਹੈ।
ਇਸ ਮੌਕੇ ‘ਤੇ ਸ. ਅਵਤਾਰ ਸਿੰਘ ਬਾਜਵਾ, ਪ੍ਰਿੰਸੀਪਲ ਸੁਰਿੰਦਰ ਬੰਗੜ, ਸ. ਭਗਵੰਤ ਸਿੰਘ, ਪ੍ਰਿੰਸੀਪਲ ਦਲਜੀਤ ਸਿੰਘ, ਪ੍ਰਿੰਸੀਪਲ ਜਸਪਾਲ ਕੌਰ, ਸੰਦੀਪ ਸਿੰਘ ਰੰਧਾਵਾ, ਸ. ਪਿਆਰਾ ਸਿੰਘ, ਭਾਈ ਵਰਿਆਮ ਸਿੰਘ, ਗ੍ਰਾਮ ਪੰਚਾਇਤ ਖਡੂਰ ਸਾਹਿਬ ਦੇ ਸਰਪੰਚ ਸਰੂਪ ਸਿੰਘ, ਬਾਬਾ ਬਲਦੇਵ ਸਿੰਘ. ਨਵਪ੍ਰੀਤ ਸਿੰਘ ਅਤੇ ਸਕੂਲ ਕਾਲਜ ਦਾ ਸਟਾਫ ਅਤੇ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ ।