ਜਮੂੰ- ਮੁੱਖਮੰਤਰੀ ਉਮਰ ਅਬਦੁਲਾ ਤੇ ਸੈਕਸ ਸਕੈਂਡਲ ਵਿਚ ਸ਼ਾਮਿਲ ਹੋਣ ਦੇ ਅਰੋਪ ਲਗਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਵੋਹਰਾ ਨੂੰ ਸੌਂਪ ਦਿਤਾ ਹੈ। ਪਾਰਟੀ ਦੇ ਆਗੂਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਉਮਰ ਅਬਦੁਲਾ ਨੂੰ ਮਨਾਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਉਹ ਆਪਣੇ ਫੈਂਸਲੇ ਤੇ ਕਾਇਮ ਰਹੇ। ਉਸ ਸਮੇਂ ਉਨ੍ਹਾਂ ਦੇ ਪਿਤਾ ਫਾਰੂਕ ਅਬਦੁਲਾ ਵੀ ਉਨ੍ਹਾਂ ਦੇ ਨਾਲ ਸਨ। ਰਾਜਪਾਲ ਨੇ ਉਨ੍ਹਾਂ ਦਾ ਅਸਤੀਫਾ ਮਨਜੂਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਕੰਮਕਾਰ ਜਾਰੀ ਰੱਖਣ ਲਈ ਕਿਹਾ ਹੈ।
ਕਸ਼ਮੀਰ ਵਿਧਾਨ ਸਭਾ ਵਿਚ ਪਹਿਲਾਂ ਪੈਂਥਰਸ ਪਾਰਟੀ ਦੇ ਮੈਂਬਰਾਂ ਨੇ ਹੰਗਾਮਾ ਕੀਤਾ। ਬਾਅਦ ਵਿਚ ਪੀਡੀਪੀ ਦੇ ਮੁਜਫਰ ਬੇਗ ਨੇ ਇਹ ਅਰੋਪ ਲਗਾਇਆ ਕਿ 2006 ਦੇ ਸੈਕਸ ਸਕੈਂਡਲ ਵਿਚ ਉਮਰ ਅਬਦੁਲਾ ਦਾ ਨਾਂ ਵੀ ਸ਼ਾਮਿਲ ਹੈ। ਬੇਗ ਨੇ ਕਿਹਾ ਕਿ ਸੀਬੀਆਈ ਦੀ ਲਿਸਟ ਵਿਚ ਉਮਰ ਦਾ ਨਾਂ 102 ਵੇਂ ਨੰਬਰ ਤੇ ਹੈ। ਸੀਬੀਆਈ ਨੇ ਲਿਸਟ ਵਿਚ ਉਮਰ ਅਬਦੁਲਾ ਦਾ ਨਾਂ ਹੋਣ ਤੋਂ ਇਨਕਾਰ ਕੀਤਾ ਹੈ। ਬੇਗ ਦੇਇਸ ਅਰੋਪ ਤੇ ਉਮਰ ਗੁਸੇ ਵਿਚ ਲਾਲ -ਪੀਲੇ ਹੋ ਕੇ ਕਹਿਣ ਲਗੇ ਕਿ ਉਹ ਅੱਜ ਹੀ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦੇਣਗੇ। ਉਨ੍ਹਾਂ ਨੇ ਕਿਹਾ ਕਿ ਉਹ ਤਦ ਤਕ ਵਾਪਿਸ ਨਹੀਂ ਆਉਣਗੇ ਜਦ ਤਕ ਉਨ੍ਹਾਂ ਉਪਰ ਲਗਾ ਇਹ ਕਲੰਕ ਹਟ ਨਹੀਂ ਜਾਂਦਾ। ਉਮਰ ਦੇ ਇਸ ਐਲਾਨ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਨੇ ਉਨ੍ਹਾਂ ਨੂੰ ਸਮਝਾਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਉਨ੍ਹਾਂ ਨੇ ਕਿਸੇ ਦੀ ਗੱਲ ਨਹੀਂ ਮੰਨੀ ਅਤੇ ਅਸਤੀਫਾ ਰਾਜਪਾਲ ਨੂੰ ਸੌਂਪ ਦਿਤਾ। ਭਾਂਵੇ ਰਾਜਪਾਲ ਨੇ ਅਸਤੀਫਾ ਮਨਜੂਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਕੰਮਕਾਰ ਜਾਰੀ ਰੱਖਣ ਲਈ ਕਿਹਾ ਹੈ। ਇਸ ਸੈਕਸ ਸਕੈਂਡਲ ਨਾਲ ਕਸ਼ਮੀਰ ਘਾਟੀ ਵਿਚ ਕਾਫੀ ਹੰਗਾਮਾ ਹੋਇਆ ਸੀ।2006 ਵਿਚ ਇਕ ਗੈਰ ਸਰਕਾਰੀ ਸੰਗਠਨ ਨੇ ਪੁਲਿਸ ਨੂੰ ਇਕ ਸੀਡੀ ਸੌਂਪੀ ਸੀ। ਸੀਡੀ ਵਿਚ ਇਕ ਛੋਟੀ ਉਮਰ ਦੀ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਸਨ। ਇਸ ਸੈਕਸ ਰੈਕਟ ਦੀ ਸਰਗਨਾ ਇਕ ਸਬੀਨਾ ਨਾਂ ਦੀ ਔਰਤ ਸੀ। ਇਸ ਮਾਮਲੇ ਵਿਚ ਕਈ ਹਾਈ ਪਰੋਫਾਈਲ ਵਿਅਕਤੀਆਂ ਦਾ ਨਾਂ ਆਇਆ ਸੀ। ਇਹ ਕੇਸ ਸੀਬੀਆਈ ਨੂੰ ਸੌਂਪ ਦਿਤਾ ਗਿਆ ਸੀ। ਸੀਬੀਆਈ ਨੇ ਅਜੇ ਤਕ 9 ਲੋਕਾਂ ਦੇ ਖਿਲਾਫ ਅਰੋਪ ਤਹਿ ਕੀਤੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਨੇਤਾ ਆਪਣਾ ਅਸਰ ਰਸੂਖ ਵਰਤ ਕੇ ਬਚੇ ਹੋਏ ਹਨ।