ਨਵੀਂ ਦਿੱਲੀ : ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੂੰ ਅੱਜ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ‘ਰਾਜ ਮੰਤਰੀ’ ਦਾ ਦਰਜਾ ਪ੍ਰਦਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਕਦਮ ਸਬੰਧੀ ਫਾਈਲ ’ਤੇ ਅੱਜ ਸਵੇਰੇ ਦਸਤਖਤ ਕਰਕੇ ਸਿਰਸਾ ਨੂੰ ਇਹ ਮਾਨ ਪ੍ਰਦਾਨ ਕੀਤਾ।
ਜੇਕਰ ਸਿਰਸਾ ਦੇ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਜਿਥੇ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਨ ਅਤੇ ਉਨ੍ਹਾਂ ਨੇ ਦਿੱਲੀ ਕਮੇਟੀ ਦੀਆਂ ਆਮ ਚੋਣਾਂ ਵਿਚ ਕਮੇਟੀ ਦੇ ਤਤਕਾਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਰਿਕਾਰਡ ਅੰਤਰ ਨਾਲ ਹਰਾਇਆ ਸੀ ਉਥੇ ਹੀ ਉਨ੍ਹਾਂ ਦਾ ਅਕਸ ਇਮਾਨਦਾਰ, ਮਿਹਨਤੀ ਅਤੇ ਬਿਨਾਂ ਦੇਰੀ ਦੇ ਸਟੀਕ ਨਿਰਣੇ ਲੈਣ ਵਾਲੇ ਆਗੂ ਵਜੋਂ ਸਥਾਪਿਤ ਹੈ। ਆਪਣੇ ਅਜਿਹੇ ਗੁਣਾਂ ਸਦਕੇ ਉਹ ਵਿਵਹਾਰਕ ਤੌਰ ’ਤੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ ਪਰ ਇਸ ਸਾਲ ਅਪ੍ਰੈਲ ਵਿਚ ਰਸਮੀ ਤੌਰ ’ਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦਾ ਸਲਾਹਕਾਰ ਥਾਪਿਆ ਗਿਆ ਸੀ ਤੇ ਹੁਣ ਰਾਜ ਸਰਕਾਰ ਦੀਆਂ ਰੋਜ਼ਾਨਾ ਗਤੀਵਿਧੀਆਂ ਵਿਚ ਹੋਰ ਵਧੇਰੇ ਯੋਗਦਾਨ ਪਾ ਸਕਣ ਲਈ ਸਿਰਸਾ ਨੂੰ ਬਤੌਰ ਸਲਾਹਕਾਰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ।
ਸਿਰਸਾ ਨੂੰ ਰਾਜ ਮੰਤਰੀ ਦਾ ਦਰਜਾ ਮਿਲਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਮੇਟੀ ਅਤੇ ਦਲ ਵੱਲੋਂ ਵਧਾਈ ਦਿੰਦੇ ਹੋਏ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਿੱਲੀ ਦੇ ਅਕਾਲੀ ਆਗੂ ਨੂੰ ਇਹ ਮਾਨ ਬਖਸ਼ਣ ਵਾਸਤੇ ਧੰਨਵਾਦ ਵੀ ਕੀਤਾ। ਜੀ.ਕੇ. ਨੇ ਕਿਹਾ ਕਿ ਪਾਰਟੀ ਵੱਲੋਂ ਵਰਕਰਾਂ ਨੂੰ ਸਨਮਾਨ ਮਿਲਣ ਤੇ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ’ਚ ਨਵਾਂ ਜੋਸ਼ ਪੈਦਾ ਹੁੰਦਾ ਹੈ।