ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ‘‘ਦੇਗੋ ਤੇਗੋ ਫ਼ਤਹਿ ਮਾਰਚ ’’ ਯਾਤਰਾ ਦੇ ਦੂਜੇ ਪੜਾਵ ਦੇ 10 ਦਿਨਾਂ ਦਾ ਰੂਟ ਜਾਰੀ ਕੀਤਾ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਸਜਾਏ ਜਾ ਰਹੇ ਇਸ ਮਾਰਚ ਵਿਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਾਂਦੇੜ ’ਚ ਦਿੱਤੇ ਗਏ ਸ਼ਸਤਰਾਂ ਦੇ ਨਾਲ ਹੀ ਗੁਰੂ ਸਾਹਿਬਾਨਾਂ ਦੇ ਇਤਿਹਾਸਿਕ ਸ਼ਸਤਰਾਂ ਦੇ ਹੁਣ ਦਿੱਲੀ ਕਮੇਟੀ ਵੱਲੋਂ ਨਵੀਂ ਬਣਾਈ ਗਈ ਪਾਲਕੀ ਸਾਹਿਬ ਸੰਗਤਾਂ ਨੂੰ ਦਰਸ਼ਨ ਕਰਵਾਏਗੀ। ਇਸ ਬਸ ਵਿਚ ਦਿੱਲੀ ਕਮੇਟੀ ਵੱਲੋਂ 28 ਇਤਿਹਾਸਿਕ ਸ਼ਸਤਰ ਸਜਾਏ ਗਏ ਹਨ ਜੋ ਕਿ ਨਿਹੰਗ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ਬੇਨਤੀ ਕਰਕੇ ਕਮੇਟੀ ਨੇ ਸ਼ਤਾਬਦੀ ਮੌਕੇ ਸੰਗਤਾਂ ਨੂੰ ਦਰਸ਼ਨ ਕਰਾਉਣ ਵਾਸਤੇ ਪ੍ਰਾਪਤ ਕੀਤੇ ਹਨ। ਸ਼ਸਤਰਾਂ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਨ੍ਹਾਂ ਸ਼ਸਤਰਾਂ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੇ ਗਾਤਰੇ ਦੀ ਕਟਾਰ ਸ਼ਿਕਾਰਗਾਹ ਤੇ ਤਲਵਾਰ, ਗੁਰੂ ਗੋਬਿੰਦ ਸਿੰਘ ਜੀ ਦੇ ਗਾਤਰੇ ਦੀ ਤਲਵਾਰ ਸਕੇਲਾਂ, ਤਲਵਾਰ ਸ਼ਿਕਾਰਗਾਹ, ਹਾਥੀ ਦੰਦ ਦੇ ਮੁੱਠੇ ਵਾਲੀ ਫੌਲਾਦੀ ਸੁਨਹਿਰੀ ਕਰੋਲ, ਫੌਲਾਦੀ ਢਾਲ, ਬਰਛਾ ਬਲੱਮ ਤੇ ਥੱਲੇ ਵਾਲੀ ਗੋਲ ਸੁਨਹਿਰੀ ਛੱਮ, ਸਾਹਿਬਜਾਦਾ ਬਾਬਾ ਫ਼ਤਹਿ ਸਿੰਘ ਜੀ ਦੀ ਸੁਨਹਿਰੀ ਢਾਲ, ਮਾਤਾ ਸੁੰਦਰ ਕੌਰ ਜੀ ਵੱਲੋਂ ਬਾਬਾ ਬੁੱਢਾ ਦਲ ਦੇ ਚੌਥੇ ਮੁਖੀ ਜੱਸਾ ਸਿੰਘ ਆਹਲੂਵਾਲਿਆ ਨੂੰ ਦਿੱਤਾ ਗਿਆ ਗੁਰਜ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਲ ਦੇ ਪਹਿਲੇ ਮੁਖੀ ਬਾਬਾ ਬਿਨੋਦ ਸਿੰਘ ਨੂੰ ਦਿੱਤਾ ਗਿਆ ਨਿਸ਼ਾਨ ਸਾਹਿਬ ਤੇ ਨਗਾਰ, ਬਾਬਾ ਬਿਨੋਦ ਸਿੰਘ ਦਾ ਬਰਛਾ ਤੇ ਸ਼੍ਰੀ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੀ ਗਈ ਢਾਲ ਤੇ ਕਮਾਨ, ਬਾਬਾ ਬੰਦਾ ਸਿੰਘ ਬਹਾਦਰ ਦੀ 3 ਸ਼੍ਰੀ ਸਾਹਿਬ, ਗਾਤਰੇ ਵਾਲਾ ਖੰਡਾ ਫੌਲਾਦੀ ਤੇ ਤੇਗਾ, ਦਿੱਲੀ ਫ਼ਤਹਿ ਵਾਲਾ ਬਾਬਾ ਜੱਸਾ ਸਿੰਘ ਆਹਲੂਵਾਲਿਆ ਦਾ ਗੋਲਿਆ, ਢਾਲ, ਬਾਬਾ ਜੱਸਾ ਸਿੰਘ ਰਾਮਗੜਿਆ ਦੇ ਗਾਤਰੇ ਦੀ ਫੌਲਾਦੀ ਗੋਲੀ, ਬਾਬਾ ਬਘੇਲ ਸਿੰਘ ਜੀ ਦੇ ਗਾਤਰੇ ਦਾ ਫੌਲਾਦੀ ਗੋਲੀਆ, ਸ੍ਰੀ ਸਾਹਿਬ, ਫੌਲਾਦੀ ਸੈਫ਼ ਸ਼ਸਤਰ ਤੇ ਬੰਦੂਕ, ਬਾਬਾ ਦੀਪ ਸਿੰਘ ਦੇ ਦੁਮਾਲੇ ਦਾ ਸੁਨਹਿਰੀ ਚੱਕਰ, ਦਲ ਦੇ ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਦਾ ਬਰਛਾ ਤੇ ਤੇਗਾ ਅਤੇ ਨਵਾਬ ਬਾਬਾ ਕਪੂਰ ਸਿੰਘ ਜੀ ਦਾ ਤੇਗਾ ਫੌਲਾਦੀ ਸ਼ਾਮਿਲ ਹਨ। ਜੀ.ਕੇ. ਨੇ ਯਾਤਰਾ ਦੇ 4 ਜੂਨ ਤੋਂ 15 ਜੂਨ ਤਕ ਦੇ ਦਸ ਦਿਨ ਦੇ ਦੂਜੇ ਪੜਾਵ ਦੌਰਾਨ ਜਮਨਾਪਾਰ ਤੋਂ ਬਾਅਦ ਸੈਂਟ੍ਰਲ, ਪੱਛਮ, ਨਾੱਰਥ ਵੈਸਟ, ਸਾਉਥ, ਅਤੇ ਨਾੱਰਥ ਦਿੱਲੀ ਜਾਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਐਤਵਾਰ 5 ਜੂਨ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਗੁਰਦੁਆਰਾ ਛੋਟੇ ਸਾਹਿਬਜਾਦੇ ਫ਼ਤਹਿ ਨਗਰ ਦੇ ਰੂਟ ਦੌਰਾਨ ਬਹੂਸਿੱਖ ਵੱਸੋਂ ਵਾਲਿਆਂ ਕਾੱਲੋਨੀਆਂ ਦੀਆਂ ਸੰਗਤਾਂ ਨੂੰ ਯਾਤਰਾ ਦਾ ਲਾਹਾ ਪਹੁੰਚਣ ਦਾ ਵੀ ਦਾਅਵਾ ਕੀਤਾ।