ਤਿੰਨ ਦਹਾਕਿਆਂ ਬਾਅਦ ਭਾਰਤ ਸਰਕਾਰ ਦੁਆਰਾ ਸਿੱਖਾਂ ਦੇ ਸਰਵ ਉੱਚ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਦੀ ਪਰਕਰਮਾ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਕੀਤੀ ਫੌਜੀ ਕਾਰਵਾਈ ਅੱਜ ਵੀ ਇੱਕ ਦੁਖਦਾਈ ਯਾਦ ਹੈ। ਭਾਰਤ ਸਰਕਾਰ ਦੀ ਇਤਿਹਾਸਕ ਗਲਤੀ ਦਾ ਸੰਤਾਪ ਧਾਰਮਿਕ , ਰਾਜਨੀਤਕ ਅਤੇ ਸਮਾਜਿਕ ਤੌਰ ਤੇ ਪੰਜਾਬੀ ਅੱਜ ਵੀ ਹੰਢਾ ਰਹੇ ਹਨ । ਇਸ ਬਲਿਊ ਸਟਾਰ ਨਾਂ ਦੀ ਕਾਰਵਾਈ ਤੋਂ ਬਅਦ ਇਸ ਦੇ ਕਾਰਨ ਇਸ ਵਿੱਚੋਂ ਉਪਜੇ ਅੱਤਵਾਦ , ਦਹਿਸਤ, ਆਰਥਿਕ ਪਿਛੜਾਪਨ ਅਤੇ ਲੱਖਾ ਅਸੰਖ ਗਿਣਤੀ ਵਿੱਚ ਪੰਜਾਬੀ ਲੋਕ ਮੌਤ ਦੇ ਮੂੰਹ ਪਏ ਸਨ। ਇਕੱਲੇ ਤਰਨਤਾਰਨ ਤਹਿਸੀਲ ਵਿੱਚ ਹੀ 30000 ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਸਰਕਾਰੀ ਦਲੀਲਾਂ ਦਾ ਮੂੰਹ ਚਿੜਾ ਰਿਹਾ ਹੈ । ਸਰਕਾਰ ਅਨੁਸਾਰ ਮੌਤਾਂ ਦੀ ਗਿਣਤੀ ਬਹੁਤ ਹੀ ਘੱਟ ਦਰਸਾਈ ਜਾਂਦੀ ਹੈ ਜਦੋਂ ਕਿ ਇਸ ਤਰਾਸਦੀ ਦੇ ਸਿੱਟੇ ਬਹੁਤ ਹੀ ਭਿਆਨਕ ਤਸਵੀਰ ਪੇਸ ਕਰਦੇ ਹਨ। ਦੇਸ਼ ਦਾ ਨੰਬਰ ਇੱਕ ਤਰੱਕੀ ਪਸੰਦ ਲੋਕਾਂ ਦਾ ਸੂਬਾ ਪੰਜਾਬ ਆਰਥਿਕ ਤੌਰ ਅਤੇ ਵਿਕਾਸ ਪੱਖੋਂ ਦਹਾਕਿਆਂ ਦੇ ਹਿਸਾਬ ਪਿੱਛੇ ਚਲਾ ਗਿਆ। ਦੇਸ਼ ਵਿੱਚ ਸਰਦਾਰੀਆਂ ਦਾ ਮਾਣ ਹਾਸਲ ਕਰਨ ਵਾਲੇ ਪੰਜਾਬੀ ਅਤੇ ਸਿੱਖ ਨਫਰਤ ਦੀ ਹਨੇਰੀ ਦਾ ਸਿਕਾਰ ਹੋਕੇ 84 ਵਿੱਚ ਹੀ ਇੰਦਰਾਂ ਦੀ ਮੌਤ ਬਾਅਦ ਦਿੱਲੀ ਅਤੇ ਸਮੁੱਚੇ ਦੇਸ਼ ਵਿੱਚ ਨਸਲੀ ਹਿੰਸਾਂ ਦਾ ਸਿਕਾਰ ਹੋਕੇ ਤਰਸਯੋਗ ਹਾਲਤਾਂ ਵਿੱਚ ਦਿਖਾਈ ਦਿੱਤੇ। ਅਣਮੁਲੀਆਂ ਲੱਖਾਂ ਜਾਨਾਂ ਦੀ ਕੀਮਤ ਚੁਕਾਕੇ ਵੀ ਜਬਰ ਸਹਿੰਦਿਆਂ ਸਬਰ ਰੱਖਦਿਆਂ ਗੁਰੂਆਂ ਪੀਰਾਂ ਫਕੀਰਾਂ ਦੀ ਸ਼ਾਨ ਉੱਚੀ ਰੱਖਣ ਵਾਲੇ ਪੰਜਾਬੀ ਦੁਨੀਆਂ ਲਈ ਮਿਸਾਲ ਹਨ। ਉਸ ਕਾਤਲੀ ਦੌਰ ਵਿੱਚ ਪੰਜਾਬ ਦੇ ਲੱਖਾ ਹਿੰਦੂ ਸਿੱਖ ਪੰਜਾਬੀ ਦੂਸਰੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋਏ ਅਤੇ ਆਪਣੇ ਕਿਰਤ ਕਰਨ ਦੇ ਸੁਭਾਅ ਕਾਰਨ ਦੁਨੀਆਂ ਨੂੰ ਆਪਣੀ ਹੋਂਦ ਦਿਖਾਉਣ ਵਿੱਚ ਵੀ ਕਾਮਯਾਬ ਹੋ ਰਹੇ ਹਨ।
ਪੰਜਾਬ ਦੇ ਹਰ ਧਾਰਮਿਕ ਫਿਰਕੇ ਦੇ ਲੋਕ ਹੀ ਜੁਝਾਰੂ ਬਿਰਤੀ ਦੇ ਹੋਣ ਕਾਰਨ ਸਦਾ ਹੀ ਨਵੀਆਂ ਮੰਜਿਲਾਂ ਛੋਹਣ ਵਿੱਚ ਕਾਮਯਾਬ ਰਹੇ ਹਨ। ਇਸ ਬਲਿਊ ਸਟਾਰ ਦੀ ਕਾਰਵਾਈ ਕਰਨ ਦੇ ਲਈ ਭਾਵੇਂ ਭਾਰਤ ਸਰਕਾਰ ਨੇ ਸਿੱਖਾਂ ਨੂੰ ਦੋਸ਼ੀ ਠਹਿਰਾਇਆ ਸੀ ਪਰ ਅਸਲ ਵਿੱਚ ਇਸ ਕਾਰਵਾਈ ਦਾ ਮੁੱਢ ਬੰਨਣ ਵਿੱਚ ਭਾਰਤ ਦੀਆਂ ਗੁਪਤ ਏਜੰਸੀਆਂ ਅਤੇ ਵਿਦੇਸ਼ੀ ਸਰਕਾਰਾਂ ਦਾ ਵੀ ਅਹਿਮ ਰੋਲ ਸੀ। ਭਾਰਤ ਸਰਕਾਰ ਦੇ ਰਾਜਸੱਤਾ ਦੇ ਮਾਲਕ ਰਾਜਨੀਤਕਾਂ ਦੀ ਹਰੀ ਕਰਾਂਤੀ ਕਰਨ ਵਾਲੇ ਪੰਜਾਬੀਆਂ ਨੂੰ ਸਤਿਕਾਰ ਦੀ ਥਾਂ ਨਫਰਤ ਕਰ ਰਹੇ ਸਨ । ਪੰਜਾਬ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫੈਸਲੇ ਅਤੇ ਪੰਜਾਬ ਦੇ ਵਿੱਚ ਰਾਜਨੀਤਕ ਅਸਥਿਰਤਾ ਪੈਦਾ ਕਰਕੇ , ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਵਿਹੂਣੇ ਕਰਕੇ ਜੋ ਬੀਜ ਬੀਜਿਆ ਗਿਆ ਉਸਦੀ ਪੈਦਾਵਾਰ ਹੀ ਸੀ ਇਹ ਕਾਲਾ ਦੌਰ। ਪੰਜਾਬ ਦੇ ਰਾਜਨੀਤਕ ਆਗੂਆਂ ਦਾ ਵੀ ਇਸ ਦੌਰ ਵਿੱਚ ਬਹੁਤ ਹੀ ਗਲਤ ਰੋਲ ਰਿਹਾ ਹੈ। ਪੰਜਾਬ ਦੇ ਰਾਜਨੀਤਕ ਅਤੇ ਧਾਰਮਿਕ ਆਗੂਆਂ ਨੇ ਆਪਣੇ ਨਿੱਜੀ ਹਿੱਤਾਂ ਨੂੰ ਪਹਿਲ ਦੇਕੇ ਪੰਜਾਬ ਦੇ ਭਵਿੱਖ ਨਾਲ ਬਹੁਤ ਹੀ ਵੱਡੀ ਗਦਾਰੀ ਕੀਤੀ ਸੀ। ਆਪੋ ਆਪਣੀ ਕੁਰਸੀ ਦੀ ਲੰਬੀ ਉਮਰ ਕਰਨ ਲਈ ਗਿਆਨੀ ਜੈਲ ਸਿੰਘ , ਦਰਬਾਰਾ ਸਿੰਘ, ਪਰਕਾਸ ਸਿੰਘ ਬਾਦਲ, ਗੁਰਚਰਨ ਸਿੰਘ ਟੌਹੜਾ ਅਤੇ ਸੁਖਜਿੰਦਰ ਸਿੰਘ ਦਾ ਰੋਲ ਪੰਜਾਬ ਦੇ ਪੱਖ ਵਿੱਚ ਨਹੀਂ ਭੁਗਤਿਆ ਸੀ ਪਰ ਉਹ ਆਪਣੇ ਛੋਟੇ ਰਾਜਨੀਤਕ ਹਿੱਤਾਂ ਕਾਰਨ ਪੰਜਾਬ ਨੂੰ ਅੱਗ ਦੀ ਭੱਠੀ ਵਿੱਚ ਜਰੂਰ ਝੋਕ ਗਏ ਸਨ। ਇੰਦਰਾਂ ਗਾਂਧੀ ਨੇ ਆਪਣੇ ਹੰਕਾਰੀ ਰਵੱਈਏ ਅਤੇ ਵਿਦੇਸੀ ਇਸਾਰਿਆਂ ਤੇ ਇਸ ਨੀਲੇ ਤਾਰੇ ਨੂੰ ਅੰਜਾਮ ਦੇਕੇ ਇਤਿਹਾਸਕ ਤੌਰ ਤੇ ਕਾਲੇ ਅੱਖਰਾਂ ਵਿੱਚ ਆਪਣਾਂ ਨਾਂ ਦਰਜ ਕਰਵਾਇਆ ਸੀ। ਇਸ ਕਾਲੇ ਦੌਰ ਵਿੱਚ ਨਿਮਾਣੇ ਨਿਤਾਣੇ ਨਿਉਟੇ ਲੋਕਾਂ ਦੀ ਅਵਾਜ ਪੰਜਾਬੀ ਆਪਣੀ ਵਰਾਸਤ ਤੋਂ ਬੇਮੁੱਖ ਹੁੰਦੇ ਦਿਖਾਈੌ ਦਿੱਤੇ ਸਨ।
ਹਜਾਰਾਂ ਮਾਪਿਆਂ ਨੇ ਆਪਣੇ ਨੌਜਵਾਨ ਔਲਾਦਾਂ ਸੂਲੀ ਤੇ ਚੜਦੀਆਂ ਦੇਖੀਆਂ ਅਤੇ ਉਹਨਾਂ ਦੀਆਂ ਲਾਸਾਂ ਦਾ ਸਸਕਾਰ ਕਰਨਾਂ ਵੀ ਨਸੀਬ ਨਹੀਂ ਹੋਇਆ। ਦਰਿਆਵਾਂ ਨਹਿਰਾਂ, ਜੰਗਲਾਂ ਦੇ ਵਿੱਚ ਪੰਜਾਬ ਦੇ ਹਜਾਰਾਂ ਪੁੱਤ ਗੁਪਤਵਾਸ ਕਰ ਦਿੱਤੇ ਗਏ ਸਨ। ਮਾਝੇ ਦੁਆਬੇ ਵਿੱਚ ਮਾਪਿਆ ਬਗੈਰ ਸੁੰਨੇ ਮੋਹ ਵਿਹੂਣੇ ਮਹੌਲ ਵਿੱਚ ਪਲੇ ਹੋਏ ਅਣਗਿਣਤ ਅੱਜ ਦੇ ਨੌਜਵਾਨ ਨਸ਼ਿਆ ਦੇ ਦਰਿਆ ਵਿੱਚ ਡੁੱਬੇ ਦਿਖਾਈ ਦਿੰਦੇ ਹਨ ਉਸ ਕਾਲੇ ਦੌਰ ਦੀ ਬਦੌਲਤ ਹੀ। ਲੋਕ ਸੰਘਰਸ਼ਾਂ ਦੀ ਅਗਵਾਈ ਕਰਨ ਵਾਲੇ ਪੰਜਾਬੀ ਲੰਬਾਂ ਸਮਾਂ ਘਸਿਆਰੇ ਬਣਨ ਲਈ ਮਜਬੂਰ ਕਰ ਦਿੱਤੇ ਗਏ ਸਨ। ਤੀਹ ਸਾਲਾਂ ਬਾਅਦ ਵੀ ਉਸ ਦੌਰ ਵਰਗੀ ਘਟੀ ਕੋਈ ਘਟਨਾਂ ਅੱਜ ਵੀ ਪੰਜਾਬੀਆਂ ਦਾ ਦਿਲ ਦਹਿਲਾ ਜਾਂਦੀ ਹੈ। ਵਰਤਮਾਨ ਸਮਾਂ ਆਰਥਿਕ ਤੌਰ ਤੇ ਤਾਕਤਵਰ ਮੁਲਕਾਂ ਅਤੇ ਲੋਕਾਂ ਦਾ ਹੈ ਅਤੇ ਪੰਜਾਬ ਨੂੰ ਵੀ ਆਰਥਿਕ ਤੌਰ ਤੇ ਤਾਕਤਵਰ ਬਨਾਉਣਾਂ ਪੰਜਾਬ ਦੇ ਰਾਜਨੀਤਕ ਆਗੂਆਂ ਦਾ ਪਹਿਲਾ ਫਰਜ ਹੋਣਾਂ ਚਾਹੀਦਾ ਹੈ। ਵਰਤਮਾਨ ਸਮੇਂ ਪੰਜਾਬ ਦੇ ਬਹੁਤੇ ਰਾਜਨੀਤਕ ਆਗੂ ਪਰੀਵਾਰ ਪ੍ਰਸਤ ਬਣ ਗਏ ਹਨ ਜਿੰਹਨਾਂ ਤੋਂ ਪੰਜਾਬ ਦੇ ਵਧੀਆ ਭਵਿੱਖ ਦੀ ਆਸ ਨਹੀਂ ਕੀਤੀ ਜਾ ਸਕਦੀ। ਉਸ ਕਾਲੇ ਦੌਰ ਨੂੰ ਸੁਰੂਆਤੀ ਤੀਲੀ ਲਾਉਣ ਵਾਲੇ ਅਖੌਤੀ ਧਾਰਮਿਕ ਡੇਰੇਦਾਰਾਂ ਅਤੇ ਦੇ ਵਾਰਿਸ ਅੱਜ ਦੁਬਾਰਾ ਪੰਜਾਬ ਤੇ ਆਪਣਾਂ ਕਬਜਾ ਕਰਨ ਦੀ ਕੋਸਿਸ ਕਰ ਰਹੇ ਹਨ। ਪੰਜਾਬ ਦੇ ਲੋਕਾਂ ਵਿੱਚੋਂ ਗੁਰੂਆਂ ਦੇ ਨਾਂ ਤੇ ਵਸਣ ਦੀ ਸੋਚ ਦੀ ਅੰਤਿਮ ਅਰਦਾਸ ਕਰਨ ਦੇ ਯਤਨ ਕਰਕੇ ਪੰਜਾਬੀਆਂ ਦੀ ਹਿੰਮਤ ਅਤੇ ਦਲੇਰੀ ਨੂੰ ਕਸਵੱਟੀ ਤੇ ਚੜਾਇਆ ਜਾ ਰਿਹਾ ਹੈ। ਦੁਨੀਆਂ ਨੂੰ ਰਾਹ ਦਸੇਰਾ ਬਣਨ ਦੇ ਦਾਅਵਿਆਂ ਦੇ ਉਲਟ ਪੰਜਾਬ ਦੇ ਵਿੱਚ ਪਾਕਿ ਪਵਿੱਤਰ ਰਾਜਨੀਤੀ ਕਰਨ ਵਾਲਿਆਂ ਦੀ ਕਮੀ ਦਿਖਾਈ ਦੇ ਰਹੀ ਹੈ। ਇਹੋ ਜਿਹੀ ਇਤਿਹਾਸਕ ਖੜੋਤ ਪੈਦਾ ਕਰਨ ਵਿੱਚ ਬਲਿਊ ਸਟਾਰ ਅਤੇ ਉਸ ਤੋਂ ਬਾਅਦ ਬਣੇ ਹਾਲਾਤਾਂ ਦਾ ਬਹੁਤ ਵੱਡਾ ਯੋਗਦਾਨ ਹੈ। ਕੁਦਰਤ ਬਹਾਦਰ , ਕਿਰਤੀ ਪੰਜਾਬੀਆਂ ਨੂੰ ਇਹੋ ਜਿਹੇ ਕਾਲੇ ਦੌਰ ਵਿੱਚੋਂ ਬਾਹਰ ਨਿੱਕਲਣ ਦਾ ਵਰ ਜਰੂਰ ਦੇਵੇਗੀ। ਪਾਕਿ ਪਵਿੱਤਰ ਸੋਚ ਹੀ ਸਾਨੂੰ ਦੁਨੀਆਂ ਉੱਪਰ ਆਪਣੀ ਕਿਰਤ ਹਿੰਮਤ ਦਲੇਰੀ ਨਾਲ ਉੱਚਾ ਮੁਕਾਮ ਹਾਸਲ ਕਰਨ ਵੱਲ ਤੋਰੇਗੀ ਅਤੇ ਉਸ ਸਮੇਂ ਦੀ ਆਸ ਕਰਨੀ ਬਣਦੀ ਹੈ। ਸਾਡੀ ਸਭ ਪੰਜਾਬੀਆਂ ਨੂੰ ਦੁਆ ਅਤੇ ਯਤਨ ਕਰਨੇਂ ਬਣਦੇ ਹਨ ਕਿ ਪੰਜਾਬ ਮੁੜ ਕਦੇ ਉਸ ਕਾਲੇ ਦੌਰ ਨੂੰ ਨਾ ਦੇਖੇ ਅਤੇ ਤਰੱਕੀ ਦੇ ਰਸਤੇ ਉੱਪਰ ਵਾਪਸ ਤੁਰਨ ਦੀ ਹਿੰਮਤ ਬਖਸੇ। ਪੰਜਾਬ ਦਾ ਭਵਿੱਖ ਸਾਂਤੀਂ ਅਤੇ ਗੁਰੂਆਂ ਦੇ ਦੱਸੇ ਪਾਕਿ ਪਵਿੱਤਰ ਰਸਤੇ ਤੇ ਤੁਰਦਿਆਂ ਹੀ ਬਿਹਤਰ ਹੋ ਸਕਦਾ ਹੈ।