ਟਰਾਂਟੋ – ਉਨਟਾਰੀਓ ਦੀ ਵਿਧਾਨ ਸਭਾ ਵਿੱਚ ਐਨ ਡੀ ਪੀ ਪਾਰਟੀ ਦੇ ਮੈਂਬਰ ਜਗਮੀਤ ਸਿੰਘ ਵਲੋਂ ਪੇਸ਼ ਕੀਤੇ ਮੋਸ਼ਨ ਨੂੰ ਹਾਕਮ ਧਿਰ ਨੇ ਵੋਟ ਪਾ ਕੇ ਰੱਦ ਕਰ ਦਿੱਤਾ। ਇਸ ਮੋਸ਼ਨ ਵਿੱਚ ਨਵੰਬਰ 1984 ਵਿੱਚ ਦਿੱਲੀ ਅਤੇ ਹੋਰਨਾਂ ਇਲਾਕਿਆਂ ਵਿੱਚ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਨੂੰ ਘੋਸਿ਼ਤ ਕਰਨਾ ਸ਼ਾਮਲ ਸੀ। ਇਸ ਮੋਸ਼ਨ ਤੇ ਐਨ ਡੀ ਪੀ ਅਤੇ ਪੀ ਸੀ ਪਾਰਟੀ ਨੇ “ਹਾਂ” ਵਿੱਚ ਵੋਟ ਪਾਈ ਜਦੋਂ ਕਿ ਹਾਕਮ ਧਿਰ ਯਾਨਿ ਲਿਬਰਲ ਪਾਰਟੀ, ਜਿਸ ਦੇ ਕਾਕਸ ਵਿੱਚ 4 ਸਿੱਖ ਐਮ ਪੀ ਪੀ ਵੀ ਸ਼ਾਮਲ ਹਨ, ਨੇ ਵਿਪ ਜਾਰੀ ਕਰਕੇ “ਨਾਂਹ” ਵਿੱਚ ਵੋਟ ਪਾ ਕੇ ਇਸ ਮੋਸ਼ਨ ਨੂੰ ਰੱਦ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ, ਉਨਟਾਰੀਓ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ ਅਤੇ ਕੈਨੇਡਾ ਈਸਟ ਦੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਸਾਂਝੇ ਬਿਆਨ ਵਿੱਚ ਇਸ ਮੋਸ਼ਨ ਨੂੰ ਰੱਦ ਕਰਨ ਤੇ ਨਿਰਾਸ਼ਤਾ ਪ੍ਰਗਟ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਨੂੰ ਸਿੱਖਾਂ ਨਸਲਕੁਸ਼ੀ ਦੀ ਹਕੀਕਤ ਤੋਂ ਇਨਕਾਰੀ ਹੋਣ ਬਾਰੇ ਸਿੱਖ ਭਾਈਚਾਰੇ ਨੂੰ ਜੁਆਬ ਦੇਣਾ ਪਵੇਗਾ।
ਉਕਤ ਆਗੂਆਂ ਨੇ ਕਿਹਾ ਕਿ ਭਾਵੇਂ ਵਿਧਾਨ ਸਭਾ ਵਿੱਚ ਤਿੰਨ ਰਾਜਨੀਤਕ ਪਾਰਟੀਆਂ ਹਨ ਅਤੇ ਇਹ ਤਿੰਨੇ ਹੀ ਆਪੋ ਆਪਣੀ ਸ਼ਾਖ਼ ਬਚਾਉਣ ਜਾਂ ਵਧਾਉਣ ਲਈ ਕ੍ਰਿਆਸ਼ੀਲ ਰਹਿੰਦੀਆਂ ਹਨ, ਪਰ ਇਨ੍ਹਾਂ ਰਾਜਨੀਤਕ ਪਾਰਟੀਆਂ ਦਾ ਇੱਕ ਸਾਂਝੀ ਪ੍ਰਕ੍ਰਿਆ ਹੈ ਕਿ ਇਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਦੇ ਹੱਕ ਵਿੱਚ ਭੁਗਤਣਾ ਹੁੰਦਾ ਹੈ। ਨਵੰਬਰ 1984 ਵਿੱਚ ਭਾਰਤ ਦੀ ਹਾਕਮ ਧਿਰ ਵਲੋਂ ਯੋਜਨਾਵੱਧ ਢੰਗ ਨਾਲ ਸਿੱਖਾਂ ਦੀ ਕੀਤੀ ਨਸਲਕੁਸ਼ੀ ਦੇ ਸੈਂਕੜੇ ਤੱਥ ਮੌਜੂਦ ਹਨ, ਪਰ ਇਸ ਦੇ ਬਾਵਜੂਦ ਰਾਜਨੀਤੀ ਨੂੰ ਸਮਰਪਿਤ ਹੁੰਦਿਆਂ ਲਿਬਰਲ ਸਰਕਾਰ ਨੇ ਸਿੱਖਾਂ ਨੂੰ ਭਾਵਨਾਤਮਿਕ ਤੌਰ ਤੇ ਜ਼ਖ਼ਮੀ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਲਦੀ ਹੀ ਇਸ ਮੋਸ਼ਨ ਨੂੰ ਨਕਾਰਨ ਦੇ ਕਾਰਨ ਜਾਨਣ ਦੀ ਕੋਸਿ਼ਸ਼ ਕਰਦਿਆਂ ਅਗਾਂਹ ਨੂੰ ਇਸ ਮੁੱਦੇ ਨੂੰ ਸਾਕਾਰਤਮਿਕ ਢੰਗ ਨਾਲ ਅੱਗੇ ਲਿਆਂੳੇਣ ਦੀ ਕੋਸਿ਼ਸ਼ ਕੀਤੀ ਜਾਵੇਗੀ।