ਨਵੀਂ ਦਿੱਲੀ : ਦਮਦਮੀ ਟਕਸਾਲ ਵੱਲੋਂ ਅੱਜ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸੱਚਖੰਡਵਾਸ਼ੀ ਜਥੇਦਾਰ ਸੰਤੋਖ ਸਿੰਘ ਦੀਆਂ ਪੰਥ ਪ੍ਰਤੀ ਘਾਲਨਾਵਾਂ ਨੂੰ ਦੇਖਦੇ ਹੋਏ ‘‘ਸੇਵਾ ਰਤਨ’’ ਐਵਾਰਡ ਨਾਲ ਨਿਵਾਜਿਆ ਗਿਆ। ਜਥੇਦਾਰ ਸੰਤੋਖ ਸਿੰਘ ਦੇ ਪੁੱਤਰ ਅਤੇ ਮੌਜੂਦਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਉਕਤ ਵਕਾਰੀ ਐਵਾਰਡ ਸ਼੍ਰੀ ਦਰਬਾਰ ਸਾਹਿਬ ਦੇ ਹੈਡਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖਤ ਸੱਚਖੰਡ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਹਜਾਰਾਂ ਸੰਗਤਾਂ ਦੀ ਇੱਕਠ ’ਚ ਪ੍ਰਦਾਨ ਕੀਤਾ।
ਜੀ.ਕੇ. ਨੂੰ ਸਿਰੋਪਾ, ਸ਼ਾਲ, ਗਾਤਰਾ ਕ੍ਰਿਪਾਨ ਅਤੇ ਯਾਦਗਾਰੀ ਚਿਨ੍ਹ ਵੀ ਸਿਰਮੋਰ ਪੰਥਕ ਸਖਸ਼ੀਅਤਾ ਵੱਲੋਂ ਭੇਟ ਕੀਤਾ ਗਿਆ। ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਸਾਥੀ ਸਿੰਘਾਂ ਦੀ ਸਾਕਾ ਨੀਲਾ ਤਾਰਾ ਦੌਰਾਨ ਹੋਈ ਸ਼ਹੀਦੀ ਨੂੰ ਸਮਰਪਿਤ ਟਕਸਾਲ ਵੱਲੋਂ ਕਰਾਏ ਗਏ ਇਸ ਸਲਾਨਾ ਸਮਾਗਮ ਵਿਚ ਜੀ.ਕੇ., ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਟਕਸਾਲ ਵੱਲੋਂ ਪੰਥ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਜੀ.ਕੇ. ਨੇ ਕਿਹਾ ਕਿ ਆਪਣੇ ਪਿਤਾ ਵੱਲੋਂ ਕੀਤੇ ਗਏ ਬੇਮਿਸ਼ਾਲ ਪੰਥਕ ਕਾਰਜਾਂ ਲਈ ਟਕਸਾਲ ਵੱਲੋਂ ਸੇਵਾ ਰਤਨ ਐਵਾਰਡ ਪ੍ਰਾਪਤ ਕਰਨਾ ਮਾਣ ਵਾਲੀ ਗੱਲ ਹੈ। ਜੀ.ਕੇ. ਨੇ ਸੰਤ ਭਿੰਡਰਾਵਾਲਿਆ ਦੀ ਆਪਣੇ ਪਰਿਵਾਰ ਨਾਲ ਨੇੜਤਾ ਹੋਣ ਦਾ ਹਵਾਲਾ ਦਿੰਦੇ ਹੋਏ ਜਥੇਦਾਰ ਸੰਤੋਖ ਸਿੰਘ ਦੀ ਹੱਤਿਆ ਦੇ ਪਿੱਛੇ ਉਨ੍ਹਾਂ ਵੱਲੋਂ ਸੰਤ ਜੀ ਦੀ ਅੰਮ੍ਰਿਤਸਰ ਵਿਖੇ ਗ੍ਰਿਫ਼ਤਾਰੀ ਮੌਕੇ ਤਿੰਨ ਮਿੰਟ ਦੇ ਦਿੱਤੇ ਗਏ ਜੋਰਦਾਰ ਭਾਸ਼ਣ ਨੂੰ ਮੁਖ ਕਾਰਨ ਵੱਜੋਂ ਗਿਣਾਇਆ।
ਜੀ.ਕੇ. ਨੇ ਕਿਹਾ ਕਿ ਏਜੰਸੀਆਂ ਨੂੰ ਜਥੇਦਾਰ ਜੀ ਦਾ ਸੰਤ ਜੀ ਦੇ ਹੱਕ ਵਿਚ ਖੜਨਾ ਰਾਸ ਨਹੀਂ ਆ ਰਿਹਾ ਸੀ ਜਿਸ ਕਰਕੇ ਉਸਦਾ ਭੁਗਤਾਨ ਜਥੇਦਾਰ ਜੀ ਨੂੰ ਕਰਨਾ ਪਿਆ। ਜਥੇਦਾਰ ਜੀ ਵੱਲੋਂ ਸੰਤ ਜੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵੱਜੋਂ ਪੁਲਿਸ ਜੀਪ ਅੱਗੇ ਲੇਟ ਜਾਣ ਨੂੰ ਜੀ.ਕੇ. ਨੇ ਜਥੇਦਾਰ ਜੀ ਦੇ ਟਕਸਾਲ ਪ੍ਰੇਮ ਵੱਜੋਂ ਪਰਿਭਾਸ਼ਿਤ ਕੀਤਾ। ਜੀ.ਕੇ. ਨੇ ਸੰਤ ਜੀ ਨੂੰ ਕੌਮ ਦਾ ਜਿਗਰ ਅਤੇ ਜਬਾਨ ਦੱਸਦੇ ਹੋਏ ਉਨ੍ਹਾਂ ਵੱਲੋਂ ਦਿੱਤੇ ਗਏ ਕੁਝ ਪੁਰਾਣੇ ਭਾਸ਼ਣਾ ਦਾ ਵੀ ਹਵਾਲਾ ਦਿੱਤਾ।
ਜਥੇਦਾਰ ਜੀ ਦੀ ਹੱਤਿਆ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਸੰਤ ਜੀ ਵੱਲੋਂ ਹਾਜਰੀ ਭਰਣ ਦੀ ਭਿੰਨਕ ਲਗਣ ਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਵੱਲੋਂ ਜੀ.ਕੇ. ਨੂੰ ਆਪਣੀ ਕੋਠੀ ਤੇ ਇੱਕ ਦਿਨ ਪਹਿਲਾਂ ਬੁਲਾ ਕੇ ਸੰਤ ਜੀ ਨੂੰ ਅੰਤਿਮ ਅਰਦਾਸ ਮੌਕੇ ਨਾ ਬੁਲਾਉਣ ਦੀ ਦਿੱਤੀ ਗਈ ਹਿਦਾਇਤ ਬਦਲੇ ਜੀ.ਕੇ. ਵੱਲੋਂ ਦਿੱਤੇ ਗਏ ਜਵਾਬ ਦਾ ਵੀ ਜੀ.ਕੇ. ਨੇ ਜਿਕਰ ਕੀਤਾ। ਜੀ.ਕੇ. ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਸਾਫ਼ ਕਿਹਾ ਕਿ ਸਾਡੇ ਪਰਿਵਾਰ ਵਿਚ ਕੋਈ ਵਿਆਹ ਨਹੀਂ ਰੱਖਿਆ ਹੋਇਆ ਜਿਸਦਾ ਅਸੀਂ ਸੱਦਾ ਪੱਤਰ ਭੇਜਿਆ ਹੋਏ। ਇਸ ਲਈ ਅੰਤਿਮ ਅਰਦਾਸ ਮੌਕੇ ਜੋ ਵੀ ਹਾਜਰੀ ਭਰਨਾ ਚਾਹੁੰਦਾ ਹੈ ਅਸੀਂ ਉਸਨੂੰ ਨਹੀਂ ਰੋਕ ਸਕਦੇ।
ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਫੌਜ ਅਤੇ ਟੈਂਕਾ ਰਾਹੀਂ ਕੀਤੇ ਗਏ ਹਮਲੇ ਦੀ ਖਬਰ ਦੂਰਦਰਸ਼ਨ ਤੇ ਨਸ਼ਰ ਹੋਣ ਤੋਂ ਬਾਅਦ ਸੰਤ ਜੀ ਅਤੇ ਸਾਥੀ ਸਿੰਘਾਂ ਦੀ ਚੜ੍ਹਦੀਕਲਾਂ ਲਈ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੀ.ਕੇ. ਨੇ ਆਪਣੇ ਵੱਲੋਂ ਕੀਤੀ ਗਈ ਅਰਦਾਸ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਜੀ.ਕੇ. ਨੇ ਇੰਦਰਾ ਗਾਂਧੀ ਤੇ ਸਾਕਾ ਨੀਲਾ ਤਾਰਾ ਸੋਚੀ ਸਮਝੀ ਸਾਜਿਸ਼ ਤਹਿਤ ਅੰਜਾਮ ਦੇਣ ਦਾ ਦੋਸ਼ ਲਗਾਉਂਦੇ ਹੋਏ ਹਮਲੇ ਤੋਂ ਬਾਅਦ ਹੋਇਆ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ 416 ਸੀਟਾਂ ਮਿਲਣ ਦੇ ਪਿੱਛੇ ਦੀ ਸੋਚ ਦਾ ਵੀ ਖੁਲਾਸਾ ਕੀਤਾ। ਜੀ.ਕੇ. ਨੇ ਕਿਹਾ ਕਿ ਇੰਦਰਾ ਗਾਂਧੀ ਨੇ ਦੇਸ਼ ਦੇ ਸਾਹਮਣੇ ਖੜੀ ਬੇਰੁਜਗਾਰੀ ਅਤੇ ਮਹਿੰਗਾਈ ਵਰਗੇ ਵੱਡੇ ਮੁੱਦਿਆ ਤੋਂ ਧਿਆਨ ਭਟਕਾਉਣ ਲਈ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ।
ਸਿਰਸਾ ਨੇ ਦਿੱਲੀ ਸਰਕਾਰ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੀ ਛਬੀਲ ਤੋੜਨ ਤੋਂ ਬਾਅਦ ਟਕਸਾਲ ਵੱਲੋਂ ਸਿੰਘ ਭੇਜ ਕੇ ਲਗਾਏ ਗਏ ਮੋਰਚੇ ਲਈ ਟਕਸਾਲ ਦਾ ਧੰਨਵਾਦ ਵੀ ਕੀਤਾ। ਸਿਰਸਾ ਨੇ 1947 ਤੋਂ ਅੱਜ ਤਕ ਸਰਕਾਰਾਂ ਤੇ ਸਿੱਖਾਂ ਨਾਲ ਕਾਣੀ ਵੰਡ ਕਰਨ ਦਾ ਵੀ ਦੋਸ਼ ਲਗਾਇਆ। ਪੰਜਾਬ ਦੇ ਪਾਣੀਆਂ, ਰਾਜਧਾਨੀ ਅਤੇ ਪੰਜਾਬੀ ਬੋਲਦੇ ਪਿੰਡਾਂ ਤੇ ਥਾਂਵਾ ਬਾਰੇ ਸਰਕਾਰਾਂ ਦੇ ਗੋਲ-ਮੋਲ ਵਿਵਹਾਰ ਤੇ ਵੀ ਸਿਰਸਾ ਨੇ ਸਵਾਲ ਖੜੇ ਕੀਤੇ। ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਾਸਟਰ ਤਾਰਾ ਸਿੰਘ ਦੀਆਂ ਨੀਤੀਆਂ ਸਦਕਾ ਸਿਰਸਾ ਨੇ ਪੰਜਾਬ ਦੇ ਭਾਰਤ ਦੇ ਨਾਲ ਰਹਿਣ ਦਾ ਵੀ ਦਾਅਵਾ ਕੀਤਾ। ਹਿਤ ਨੇ ਸਰਕਾਰਾਂ ਨੂੰ ਸਿੱਖਾਂ ਦੇ ਖਿਲਾਫ਼ ਮਨਸੂਬੇ ਨਾ ਪਾਲਣ ਦੀ ਵੀ ਚੇਤਾਵਨੀ ਦਿੱਤੀ।