ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ ਕੇ ਨੂੰ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਗਾਉਣ ਵਿੱਚ ਰੁਕਾਵਟਾਂ ਖੜੀਆ ਕਰਨ ਵਾਲੇ ਸਿੱਖਾਂ ਦੇ ਨਾਵਾਂ ਦੀ ਸੂਚੀ ਜਨਤਕ ਕਰਕੇ ਸਿੱਖ ਪੰਥ ਵਿੱਚੋ ਦੁਬਿੱਧਾ ਦੂਰ ਕਰੇ ਕਿਉਕਿ ਕੇਂਦਰ ਵਿੱਚ ਜਿਸ ਸਰਕਾਰ ਨੇ ਬੁੱਤ ਲਗਾਉਣ ਦੀ ਮਨਜੂਰੀ ਦੇਣੀ ਹੈ ਉਹ ਅਕਾਲੀ ਭਾਜਪਾ ਗਠਜੋੜ ਦੀ ਮੋਦੀ ਸਰਕਾਰ ਹੈ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਜਦੋਂ ਦਿੱਲੀ ਕਮੇਟੀ ਦੀ ਸੇਵਾ ਸ੍ਰ. ਪਰਮਜੀਤ ਸਿੰਘ ਸਰਨਾ ਕੋਲ ਸੀ ਤਾਂ ਉਸ ਵੇਲੇ ਰਕਾਬ ਗੰਜ ਦੀ ਸੁੰਦਰਤਾ ਤੇ ਜ਼ਮੀਨਦੋਜ਼ਕ ਪਾਰਕਿੰਗ ਬਣਾਉਣ ਦੇ ਇੱਕ 300 ਕਰੋੜ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ ਹੋਣ ਵਾਲਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਹੀ ਇਹ ਕਹਿ ਕੇ ਰੁਕਾਵਟ ਪਾਈ ਸੀ ਕਿ ਜੇਕਰ ਜ਼ਮੀਨਦੋਜਕ ਪਾਰਕਿੰਗ ਬਣਦੀ ਹੈ ਤਾਂ ਉਥੇ ਸਿੱਖ ਅੱਤਵਾਦੀ ਆ ਜਾਣਗੇ ਤੇ ਪਾਰਲੀਮੈਂਟ ਨੂੰ ਉਡਾ ਦੇਣਗੇ । ਉਹਨਾਂ ਕਿਹਾ ਕਿ ਗੁਰੂ ਘਰ ਦੇ ਸੁੰਦਰੀਕਰਨ ਦੇ 300 ਕਰੋੜ ਦਾ ਪ੍ਰਾਜੈਕਟ ਬਾਦਲ ਦਲੀਆ ਨੇ ਖੂਹ ਖਾਤੇ ਪਵਾ ਦਿੱਤਾ ਸੀ, ਜੇਕਰ ਇਹ ਪ੍ਰਾਜੈਕਟ ਨੇਪਰੇ ਚੜ ਜਾਂਦਾ ਤਾਂ ਗੁਰੂ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣੇ ਸਨ ।
ਉਹਨਾਂ ਕਿਹਾ ਕਿ ਜੀ ਕੇ ਨੇ ਅੱਜ ਆਪਣੇ ਭਾਸ਼ਣ ਵਿੱਚ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮਹਿਰੌਲੀ ਦੇ ਇੱਕ ਪਾਰਕ ਵਿੱਚ ਲਗਾਏ ਜਾਣ ਵਾਲੇ ਬੁੱਤ ਵਿੱਚ ਰੁਕਾਵਟ ਵੀ ਸਿੱਖਾਂ ਨੇ ਹੀ ਪਾਈ ਹੈ ਪਰ ਉਹਨਾਂ ਨੇ ਕਿਸੇ ਦਾ ਨਾਮ ਲੈਣ ਤੋਂ ਗੁਰੇਜ਼ ਕੀਤਾ ਹੈ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਉਹ ਲੋਕ ਕੋਈ ਹੋਰ ਨਹੀਂ ਸਗੋਂ ਅਕਾਲੀ ਬਾਦਲ ਨਾਲ ਹੀ ਸਬੰਧਿਤ ਹੋ ਸਕਦੇ ਹਨ। ਉਹਨਾਂ ਕਿਹਾ ਕਿ ਜੀ. ਕੇ ਨੂੰ ਚਾਹੀਦਾ ਹੈ ਕਿ ਉਹਨਾਂ ਵਿਅਕਤੀਆ ਦਾ ਨਾਮ ਪੂਰੀ ਦੀਦਾ ਦਲੇਰੀ ਨਾਲ ਜਨਤਕ ਕਰਨ ਤਾਂ ਕਿ ਸਿੱਖ ਪੰਥ ਨੂੰ ਸੱਚਾਈ ਦਾ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਗੁਰੂਦੁਆਰਾ ਰਕਾਬ ਗੰਜ ਜੀ ਪਾਰਕਿੰਗ ਬਣਾਉਣ ਵੇਲੇ ਤਾਂ ਬਾਦਲ ਦਲੀਆ ਨੇ ਹੀ ਕਈ ਕੇਸ ਪਾ ਕੇ ਇਸ ਵਿੱਚ ਰੁਕਾਵਟ ਪਾਈ ਸੀ ਪਰ ਇਸ ਵਾਰੀ ਤਾਂ ਅਜਿਹਾ ਕੁਝ ਨਹੀ ਹੈ ਅਤੇ ਨਾ ਉਹਨਾਂ ਨੇ ਕੋਈ ਜੀ ਕੇ ਦੇ ਇਸ ਪ੍ਰਾਜੈਕਟ ਦੇ ਖਿਲਾਫ ਕੋਈ ਕੇਸ ਪਾਇਆ ਹੈ। ਉਹਨਾਂ ਕਿਹਾ ਕਿ ਦਿੱਲੀ ਨਗਰ ਨਿਗਮ ਤੇ ਕੇਂਦਰ ਸਰਕਾਰ ਤੇ ਪੂਰੀ ਤਰਹਾ ਅਕਾਲੀ ਦਲ ਬਾਦਲ ਦੀ ਗਠਜੋੜ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਕੇਂਦਰ ਵਿੱਚ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਮੰਤਰੀ ਹੈ। ਇਹਨਾਂ ਦੋਵਾਂ ਨੇ ਹੀ ਬੁੱਤ ਲਗਾਉਣ ਦੀ ਮਨਜੂਰੀ ਦੇਣੀ ਸੀ ਫਿਰ ਵੀ ਜੀ ਕੇ ਜੇਕਰ ਖੱਫਾ ਹਨ ਤਾਂ ਉਹਨਾਂ ਨੂੰ ਸਪੱਸ਼ਟ ਤੌਰ ਤੇ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਬਾਦਲ ਦਲ ਜਾਂ ਕੋਈ ਹੋਰ ਉਹ ਕਿਹੜੇ ਆਗੂ ਹਨ ਜਿਹਨਾਂ ਨੇ ਬੁੱਤ ਨਹੀ ਲੱਗਣ ਦਿੱਤਾ।