ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 41 ਸਾਲਾ ਬਾਅਦ ਇੱਕ ਵਾਰ ਫਿਰ ਤੋਂ ਖਾਲਸਾਈ ਖੇਡਾਂ ਦਾ ਆਯੋਜਨ ਕੀਤਾ ਗਿਆ। ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਵੱਲੋਂ ਗਣਤੰਤਰਤਾ ਦਿਹਾੜੇ ਦੀ ਪਰੇਡ ਦੇ ਰੂਟ ਤੇ 1975 ਵਿਚ ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਟਕਰਾਵ ਮੋਲ ਲੈਂਦੇ ਹੋਏ ਖਾਲਸਾਈ ਖੇਡਾਂ ਦਾ ਪਹਿਲੀ ਵਾਰ ਦਿੱਲੀ ਵਿਚ ਆਯੌਜਨ ਕੀਤਾ ਗਿਆ ਸੀ। ਜਿਸਨੂੰ ਮੁੜ ਤੋਂ ਆਯੋਜਿਤ ਕਰਨ ਦਾ ਸੇਹਰਾ ਉਨ੍ਹਾਂ ਦੇ ਪੁੱਤਰ ਅਤੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਟੀਮ ਦੇ ਸਿਰ ਤੇ ਸਜਿਆ ਜਦੋਂ ਪੰਜਾਬੀ ਬਾਗ ਦੇ ‘‘ਲਾਲਾ ਲਾਜਪਤ ਰਾਇ ਕ੍ਰੀੜਾ ਸਥਲ’’ ਪਾਰਕ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਹੋਏ ਘੁੜਸਵਾਰੀ, ਨੇਜੇਬਾਜ਼ੀ ਅਤੇ ਗੱਤਕਾ ਮੁਕਾਬਲਿਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਜਾਬੀ ਗਾਇਕਾ ਸਤਵਿੰਦਰ ਕੌਰ ਬਿੱਟੀ ਨੇ ਆਪਣੀ ਮਸ਼ਹੂਰ ਧਾਰਮਿਕ ਗੀਤਾਂ ਦੀ ਐਲਬਮ ‘‘ਧੰਨ ਤੇਰੀ ਸਿੱਖੀ’’ ਦੇ ਧਾਰਮਿਕ ਗੀਤਾ ਦੀ ਪੇਸ਼ਕਾਰੀ ਵੀ ਕੀਤੀ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਖਾਲਸਾਈ ਖੇਡਾਂ ਦੇ ਪੁਰਾਣੇ ਇਤਿਹਾਸ ਦਾ ਜਿਕਰ ਕਰਦੇ ਹੋਏ ਨਿਹੰਗ ਜਥੇਬੰਦੀਆਂ ਵੱਲੋਂ ਕੌਮ ਦੀ ਇਸ ਅਨਮੋਲ ਵਿਰਾਸਤ ਨੂੰ ਸੰਭਾਲਣ ਲਈ ਨਿਹੰਗਾਂ ਦਾ ਧੰਨਵਾਦ ਵੀ ਕੀਤਾ। ਜੀ.ਕੇ. ਨੇ ਕਿਹਾ ਕਿ ਜਿਵੇਂ ਦਿੱਲੀ ਕਮੇਟੀ ਦੇ ਵੱਲੋਂ ਲਾਲ ਕਿੱਲੇ ਤੇ ਫ਼ਤਹਿ ਦਿਵਸ ਮਨਾਉਣ ਤੋਂ ਬਾਅਦ ਬੱਚੇ-ਬੱਚੇ ਨੂੰ ਦਿੱਲੀ ਫ਼ਤਹਿ ਦਾ ਅੱਜ ਇਤਿਹਾਸ ਪਤਾ ਹੈ ਉਸੇ ਤਰ੍ਹਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਕੀਤੇ ਜਾ ਰਹੇ ਇਨ੍ਹਾਂ ਪੋ੍ਰਗਰਾਮਾਂ ਰਾਹੀਂ ਬੱਚਿਆ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਅਤੇ ਜੁਝਾਰੂ ਯੋਧੇ ਦੀ ਪਛਾਣ ਨੂੰ ਸਦੀਵੀ ਕਾਲ ਲਈ ਯਾਦ ਰੱਖਣ ਵਿਚ ਹੁਣ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
ਜੀ.ਕੇ. ਨੇ 12 ਜੂਨ 1960 ਨੂੰ ਪੰਜਾਬੀ ਸੂਬੇ ਦੇ ਮੋਰਚੇ ਦੇ ਸਮਰਥਨ ਵਿਚ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸੰਸਦ ਭਵਨ ਤਕ ਮੋਰਚੇ ਦੇ ਉਸ ਵੇਲੇ ਦੇ ਮੁੱਖੀ ਜਥੇਦਾਰ ਰੱਛਪਾਲ ਸਿੰਘ ਵੱਲੋਂ ਹਜਾਰਾਂ ਸੰਗਤਾਂ ਦੇ ਨਾਲ ਕੱਢੇ ਗਏ ਰੋਸ ਮਾਰਚ ਦੀ ਅੱਜ ਬਰਸੀ ਹੋਣ ਦਾ ਵੀ ਹਵਾਲਾ ਦਿੱਤਾ। ਇਸ ਰੋਸ਼ ਮਾਰਚ ਵਿਚ ਪੁਲਿਸ ਵੱਲੋਂ ਕੀਤੀ ਗਈ ਤਸ਼ੱਦਦ ਕਾਰਨ ਸਿੱਖਾਂ ਦੀ ਹੋਈ ਸ਼ਹੀਦੀਆਂ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਅੱਜ ਕਮੇਟੀ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸ਼ਹੀਦਾਂ ਦੇ ਨਮਿੱਤ ਅਰਦਾਸ ਸਮਾਗਮ ਆਯੋਜਿਤ ਹੋਣ ਦੀ ਵੀ ਗੱਲ ਕਹੀ। ਜੀ.ਕੇ. ਨੇ ਕਿਹਾ ਕਿ ਦਿੱਲੀ ਦੇ ਵਿਚ ਸਿੱਖਾਂ ਦੇ ਲੁੱਕੇ ਇਤਿਹਾਸ ਨੂੰ ਸੰਗਤਾਂ ਤਕ ਪਹੁੰਚਾਉਣ ਵਾਸਤੇ ਕਮੇਟੀ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਕਮੇਟੀ ਵੱਲੋਂ ਬਾਰਾਪੁਲਾ ਫਲਾਈਓਵਰ ਦੇ ਹੇਠਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਸਕਾਰ ਦਾ ਇਤਿਹਾਸ ਦਿੱਲੀ ਸਰਕਾਰ ਨੂੰ ਦੱਸਣ ਤੋਂ ਬਾਅਦ ਸਰਕਾਰ ਵੱਲੋਂ ਬਾਬਾ ਜੀ ਦੇ ਨਾਂ ਤੇ ਫਲਾਈਓਵਰ ਦਾ ਨਾਂ ਰੱਖਣ ਦਾ ਜੀ.ਕੇ. ਨੇ ਸੁਆਗਤ ਕੀਤਾ।
ਜੀ.ਕੇ. ਨੇ ਦਿੱਲੀ ਸਰਕਾਰ ਨੂੰ ਮਹਿਰੌਲੀ ਪਾਰਕ ਵਿਖੇ ਬਾਬਾ ਜੀ ਦਾ ਬੁੱਤ ਲਗਾਉਣ ਦੀ ਮਨਜੂਰੀ ਛੇਤੀ ਦੇਣ ਦੀ ਜੈਕਾਰੀਆਂ ਦੀ ਗੂੰਜ ਵਿਚ ਆਵਾਜ਼ ਬੁਲੰਦ ਕੀਤੀ। ਕਮੇਟੀ ਵੱਲੋਂ ਸ਼ਤਾਬਦੀ ਦੇ ਸੰਬੰਧਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦਾ ਵੀ ਜੀ.ਕੇ. ਨੇ ਵੇਰਵਾ ਦਿੱਤਾ। ਜੀ.ਕੇ. ਨੇ ਬੁੱਤ ਲਗਣ ਅਤੇ ਕੁਤੁੱਬ ਮੀਨਾਰ ਤੇ ਕੀਰਤਨ ਸਮਾਗਮ ਦੀ ਮਨਜੂਰੀ ਨੂੰ ਰੁਕਵਾਉਣ ਵਾਸਤੇ ਵਿਰੋਧੀ ਆਗੂਆਂ ਵੱਲੋਂ ਲਿਖੇ ਗਏ ਪੱਤਰਾਂ ਦੀ ਵੀ ਬਿਨਾਂ ਕਿਸੇ ਦਾ ਨਾਂ ਲਏ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਜੀ.ਕੇ. ਨੇ ਕਿਹਾ ਕਿ ਮਾਸਟਰ ਤਾਰਾ ਸਿੰਘ ਦਾ ਬੁੱਤ 15 ਸਾਲ ਤਕ ਲਗਣ ਵਾਸਤੇ ਉਲੱਝਦਾ ਰਿਹਾ ਸੀ ਪਰ ਅਸੀਂ ਕਦੇ ਉਸਤੇ ਸਿਆਸਤ ਨਹੀਂ ਕੀਤੀ ਸੀ। ਜੀ.ਕੇ. ਨੇ ਨੁਕਤਾਚੀਨੀ ਕਰਨ ਵਾਲਿਆਂ ਨੂੰ ਲਲਕਾਰ ਦੇ ਹੋਏ ਕਿਹਾ ਕਿ ਬੇਸ਼ਕ ਉਹ ਕੋਠੇ ਚੜਕੇ ਭੰਡੀ ਪ੍ਰਚਾਰ ਕਰਨ ਪਰ ਅਸੀਂ ਕੌਮ ਨੂੰ ਫੱਖਰ ਮਹਿਸੂਸ ਕਰਾਉਣ ਵਾਲੇ ਆਪਣੇ ਏਜੰਡੇ ਤੋਂ ਪਿੱਛੇ ਨਹੀਂ ਹਟਾਂਗੇ। ਜੀ.ਕੇ. ਨੇ ਆਸ਼ ਜਤਾਈ ਕਿ ਸਰਕਾਰ ਛੇਤੀ ਹੀ ਬੁੱਤ ਦੇ ਮਸਲੇ ਤੇ ਸਿੱਖਾਂ ਦੇ ਅੱਗੇ ਗੋਢੇ ਟੇਕੇਗੀ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਖਾਲਸਾਈ ਖੇਡਾਂ ਨੂੰ ‘‘ਵਿਰਸਾ ਸੰਭਾਲ’’ ਦਿਹਾੜਾ ਦੱਸਦੇ ਹੋਏ ਇਤਿਹਾਸਕਾਰਾਂ ਤੇ ਜਾਣਬੁੱਝ ਕੇ ਸ਼ਹਾਦਤਾਂ ਨੂੰ ਵਿਸਾਰਨ ਦੀ ਵੀ ਦੋਸ਼ ਲਗਾਇਆ। ਸਿਰਸਾ ਨੇ ਕਿਹਾ ਕਿ ਖਾਲਸਾ ਹਮੇਸ਼ਾ ਚੜਦੀਕਲਾ ਵਿਚ ਰਿਹਾ ਹੈ ਤੇ ਸਰਕਾਰਾਂ ਖਾਲਸਾ ਨੂੰ ਨਹੀਂ ਲਲਕਾਰ ਸਕਦੀਆਂ। ਇਤਿਹਾਸ ਪੜਨ ਅਤੇ ਉਸਤੋਂ ਪ੍ਰੇਰਨਾਂ ਲੈਣ ਦੀ ਨੌਜਵਾਨਾਂ ਨੂੰ ਬੇਨਤੀ ਕਰਦੇ ਹੋਏ ਸਿਰਸਾ ਨੇ ਖਾਲੀ ਸਮੇਂ ਦਾ ਦਸਵੰਧ ਸ਼ੋਸਲ ਮੀਡੀਆ ਤੇ ਲੋਕਾਂ ਤਕ ਸਿੱਖ ਇਤਿਹਾਸ ਨੂੰ ਪਹੁੰਚਾਉਣ ਵਾਸਤੇ ਵਰਤਣ ਦਾ ਨੌਜਵਾਨਾਂ ਨੂੰ ਸੱਦਾ ਦਿੱਤਾ। ਸਿਰਸਾ ਨੇ ਕੌਮੀ ਮਸਲਿਆਂ ’ਚ ਅੜਿੱਕੇ ਪੈਦਾ ਕਰਨ ਵਾਲੇ ਲੋਕਾਂ ਨੂੰ ਸਿੱਖੀ ਭੇਸ਼ ਵਿਚ ਕੌਮ ਦੇ ਗੱਦਾਰ ਵੀ ਗਰਦਾਨਿਆ।
ਨਿਹੰਗ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ ਅਤੇ ਬਾਬਾ ਬਿੱਧੀ ਚੰਦ ਦਲ ਦੇ ਮੁੱਖੀ ਬਾਬਾ ਅਵਤਾਰ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਖਾਲਸਾਈ ਖੇਡਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੋਲੇ-ਮਹੱਲੇ ਦੀ ਪਵਿੱਤਰ ਮਰਯਾਦਾ ਦਾ ਵੀ ਹਿੱਸਾ ਦੱਸਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਚਮਨ ਸਿੰਘ, ਗੁਰਲਾਡ ਸਿੰਘ, ਕੁਲਵੰਤ ਸਿੰਘ ਬਾਠ, ਹਰਦੇਵ ਸਿੰਘ ਧਨੋਆ, ਕੈਪਟਨ ਇੰਦਰਪ੍ਰੀਤ ਸਿੰਘ, ਗੁਰਬਖਸ਼ ਸਿੰਘ ਮੌਂਟੂਸ਼ਾਹੁ ਪਰਮਜੀਤ ਸਿੰਘ ਚੰਢੋਕ, ਜਸਬੀਰ ਸਿੰਘ ਜੱਸੀ, ਜਤਿੰਦਰ ਪਾਲ ਸਿੰਘ ਗੋਲਡੀ, ਕੁਲਦੀਪ ਸਿੰਘ ਸਾਹਨੀ, ਅਮਰਜੀਤ ਸਿੰਘ ਸੰਨੀ, ਬੀਬੀ ਧੀਰਜ ਕੌਰ ਅਤੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਇਸ ਮੌਕੇ ਮੌਜੂਦ ਸਨ।