ਫਤਹਿਗੜ੍ਹ ਸਾਹਿਬ – “ਸਿੱਖ ਧਰਮ ਵਿਚ ਗੁਰੂ ਸਾਹਿਬਾਨ ਨੇ ਸਭ ਕਰਮ ਕਾਂਡਾਂ, ਵਹਿਮਾਂ ਅਤੇ ਭਰਮਾਂ ਦਾ ਜੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ ਹੈ। ਜੋ ਹਿੰਦੂ ਪ੍ਰਚਾਰਕ ਸ਼੍ਰੀ ਰਵੀ ਰਵੀ ਸ਼ੰਕਰ ਅਤੇ ਬਾਬਾ ਰਾਮਦੇਵ ਵੱਲੋਂ 21 ਜੂਨ ਨੂੰ ਹਿੰਦੂਤਵ ਸੋਚ ਅਧੀਨ ਯੋਗ ਦਿਵਸ ਮਨਾਉਂਦੇ ਹੋਏ ਯੋਗੇ ਰਾਹੀਂ ਰੱਬ ਦੀ ਪ੍ਰਾਪਤੀ ਕਰਨ ਜਾਂ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਦੇ ਢੰਗ ਤਰੀਕਿਆਂ ਦਾ ਪ੍ਰਚਾਰ ਕਰਨ ਦਾ ਐਲਾਨ ਕੀਤਾ ਹੈ। ਇਹ ਕੇਵਲ ਯੋਗ ਦਿਵਸ ਦੀ ਵਰਤੋਂ ਕਰਦੇ ਹੋਏ ਅਸਲੀਅਤ ਵਿਚ ਹਿੰਦੂਤਵ ਸੋਚ ਅਤੇ ਹਿੰਦੂਤਵ ਨਾਲ ਜੋੜਨ ਦੇ ਅਤੇ ਪ੍ਰਚਾਰ ਕਰਨ ਦੇ ਇਹਨਾਂ ਹੁਕਮਰਾਨਾਂ ਦੇ ਮਨਸੂਬੇ ਹਨ। ਜਿਹਨਾਂ ਨੂੰ ਹਿੰਦੂਤਵ ਹੁਕਮਰਾਨਾਂ ਦੀ ਹਰ ਪੱਖੋਂ ਸਰਪ੍ਰਸਤੀ ਹਾਸਿਲ ਹੈ। ਜਦੋਂ ਕਿ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਵੱਲੋਂ ਮਿਲੇ ਆਦੇਸ਼ਾਂ ‘ਤੇ ਪਹਿਰਾ ਦਿੰਦੀ ਹੋਈ ਰੱਬ ਨੂੰ ਪ੍ਰਾਪਤ ਕਰਨ ਲਈ ਯੋਗਾ ਵਰਗੇ ਕਰਮ ਕਾਂਡਾਂ ਨੂੰ ਰੱਦ ਕਰਦੀ ਹੋਈ ਉਸੇ ਦਿਨ 21 ਜੂਨ ਨੂੰ ਕੇਵਲ ਪੰਜਾਬ ਪੱਧਰ ‘ਤੇ ਹੀ ਨਹੀਂ, ਬਲਕਿ ਹਿੰਦ ਦੇ ਦੂਸਰੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਗੱਤਕਾ ਦਿਹਾੜਾ ਮਨਾਵੇਗੀ ਅਤੇ ਹਰ ਜਿ਼ਲ੍ਹਾ ਪੱਧਰ ਉਤੇ ਗੱਤਕੇ ਮੁਕਾਬਲੇ ਕਰਾਉਂਦੇ ਹੋਏ ਆਪਣੀ ਨੌਜਵਾਨੀਂ ਨੂੰ ਗੁਰੂ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੀ ਹੋਈ ਗੱਤਕਾ ਰਵਾਇਤ ਨੂੰ ਹੋਰ ਪ੍ਰਚੰਡ ਕਰੇਗੀ ਅਤੇ ਹਿੰਦੂ ਬ੍ਰਾਹਮਣੀ ਕਰਮ ਕਾਂਡਾਂ ਤੋਂ ਦੂਰ ਰਹਿਣ ਦਾ ਸੰਸਾਰ ਪੱਧਰ ‘ਤੇ ਸੰਦੇਸ਼ ਦੇਵੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦੂਤਵੀ ਏਜੰਡੇ ਯੋਗੇ ਦੀ ਆੜ ਲੈ ਕੇ ਹਿੰਦੂਤਵ ਹੁਕਮਰਾਨਾਂ ਅਤੇ ਹਿੰਦੂ ਪ੍ਰਚਾਰਕਾਂ ਵੱਲੋਂ ਇੱਥੇ ਬਹੁਧਰਮੀ ਅਤੇ ਬਹੁਭਾਸ਼ਾਈ ਮੁਲਕ ਵਿਚ ਵੱਸਣ ਵਾਲੀਆਂ ਵੱਖ ਵੱਖ ਕੌਮਾਂ, ਧਰਮਾਂ, ਫਿਰਕਿਆਂ ਅਤੇ ਕਬੀਲਿਆਂ ਦੇ ਨਿਵਾਸੀਆਂ ਉਤੇ ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਦੇ ਅਮਲਾਂ ਉਤੇ ਡੂੰਘੀ ਹੈਰਾਨੀਂ ਜਾਹਿਰ ਕਰਦੇ ਹੋਏ ਅਤੇ ਸਿੱਖ ਕੌਮ ਨੂੰ ਆਤਮਿਕ ਅਤੇ ਸਰੀਰਿਕ ਤੌਰ ‘ਤੇ ਮਜ਼ਬੂਤ ਰੱਖਣ ਹਿੱਤ ਗੂਰੂ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੇ ਗਏ ਮਾਰਸ਼ਲ ਆਰਟ “ਗੱਤਕੇ” ਨੂੰ ਪੂਰਨ ਤੌਰ ‘ਤੇ ਅਪਣਾਉਣ ਅਤੇ 21 ਜੂਨ ਦੇ ਦਿਨ ਨੂੰ ਬਤੌਰ ਗੱਤਕਾ ਦਿਹਾੜਾ ਮਨਾਉਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਵੱਲੋਂ ਵੱਖ ਵੱਖ ਦਿਸ਼ਾਵਾਂ ਵੱਲ ਕੀਤੀਆਂ ਗਈਆਂ ਉਦਾਸੀਆਂ ਦੌਰਾਨ ਉੱਚ ਕੋਟੀ ਦੇ ਬ੍ਰਾਹਮਣਾਂ, ਮੌਲਵੀਆਂ, ਯੋਗੀਆਂ ਅਤੇ ਪ੍ਰਚਾਰਕਾਂ ਨਾਲ ਵਿਚਾਰ ਗੋਸ਼ਟੀਆਂ ਕਰਦੇ ਹੋਏ ਯੋਗ ਦੇ ਕਰਮ ਕਾਂਡਾਂ ਰਾਹੀਂ ਰੱਬ ਨੂ ਪ੍ਰਾਪਤ ਕਰਨ ਦੇ ਢੰਗਾਂ ਦਾ ਖੰਡਨ ਹੀ ਨਹੀਂ ਕੀਤਾ, ਬਲਕਿ ਅਜਿਹੇ ਕਰਮ ਕਾਂਡਾਂ ਰਾਹੀਂ ਲੋਕਾਈ ਨੂੰ ਗੁਮਰਾਹ ਕਰਕੇ ਬ੍ਰਾਹਮਣਾਂ, ਪੁਜਾਰੀਆਂ ਆਦਿ ਵੱਲੋਂ ਆਪਣੀਆਂ ਧਰਮ ਦੇ ਨਾਮ ‘ਤੇ ਚਲਾਈਆਂ ਜਾ ਰਹੀਆਂ ਦੁਕਾਨਾਂ ਦਾ ਵੀ ਦਲੀਲ ਸਹਿਤ ਪਰਦਾ ਫਾਸ਼ ਕੀਤਾ। ਗੁਰੂ ਨਾਨਕ ਸਾਹਿਬ ਨੇ ਨਾਮ ਸਿਮਰਨ ਦੇ ਨਾਲ ਨਾਲ ਕਿਰਤ ਕਰਨ ਅਤੇ ਦੀਨ ਦੁਖੀਆਂ ਦੀ ਮਦਦ ਕਰਨ ਅਤੇ ਵੰਡ ਛਕਣ ਦਾ ਸੰਦੇਸ਼ ਵੀ ਦਿੱਤਾ। ਦੂਸਰੇ ਗੁਰੂ ਸ਼੍ਰੀ ਅੰਗਦ ਦੇਵ ਸਾਹਿਬ ਨੇ ਸਿੱਖਾਂ ਨੂੰ ਸਰੀਰਿਕ ਤੌਰ ‘ਤੇ ਰਿਸ਼ਟ ਪੁਸ਼ਟ ਰੱਖਤ ਦੇ ਮਕਸਦ ਅਧੀਨ ਕੁਸ਼ਤੀਆਂ ਕਰਵਾਉਣ ਦੀ ਰਵਾਇਤ ਪ੍ਰਚੱਲਿਤ ਕੀਤੀ। ਛੇਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਨੂੰ ਆਤਮਿਕ ਅਤੇ ਸਰੀਰਿਕ ਤੌਰ ‘ਤੇ ਮਜਬੂਤ ਬਣਾਉਣ ਹਿੱਤ ਮੀਰੀ-ਪੀਰੀ ਦੀਆਂ ਦੋਵੇਂ ਕ੍ਰਿਪਾਨਾਂ ਬਖਸਿ਼ਸ਼ ਕਰਕੇ, ਘੋੜ ਸਵਾਰੀ ਕਰਨ, ਦੀ ਅਗਵਾਈ ਦੇ ਕੇ ਸਿੱਖਾਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਰੱਖਣ ਦੀ ਹਿਦਾਇਤ ਕੀਤੀ। ਫਿਰ ਗੁਰੂ ਸਾਹਿਬਾਨ ਵੱਲੋਂ ਰਚਿਤ ਗੁਰਬਾਣੀ ਵਿਚ ਅਨੇਕਾਂ ਵਾਰ ਯੋਗ ਵਰਗੇਕਰਮ ਕਾਂਡਾਂ ਦਾ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਨਾ ਅਤੇ ਰੱਦ ਕਰਨਾਂ ਸਾਬਿਤ ਕਰਦੇ ਹਨ ਕਿ ਯੋਗ ਰਾਹੀਂ ਨਾ ਤਾਂ ਆਤਮਿਕ ਤੌਰ ‘ਤੇ ਅਤੇ ਨਾਂ ਹੀ ਸਰੀਰਿਕ ਤੌਰ ‘ਤੇ ਕੋਈ ਇਨਸਾਨੀ ਫਾਇਦਾ ਹੈ। ਇਹ ਤਾਂ ਕੇਵਲ ਉਸ ਪੁਰਾਤਨ ਸਮੇਂ ਦੇ ਧਾਰਮਿਕ ਰਹਿਨੁਮਾ ਬ੍ਰਾਹਮਣਾਂ ਆਦਿ ਵੱਲੋਂ ਪੁਜਾਰੀ ਸ੍ਰ਼ੇਣੀ ਦੀ ਮਹੱਤਤਾ ਨੂੰ ਦੁਨਿਆਵੀ ਤੌਰ ‘ਤੇ ਵਧਾਉਣ ਦਾ ਇਕ ਢਕੌਂਜ ਸੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੋਗਾ ਵਰਗੇ ਹਿੰਦੂਤਵ ਕਰਮ ਕਾਂਡਾਂ, ਪਖੰਡਾਂ ਤੋਂ ਨਿਰਲੇਪ ਰਹਿੰਦੇ ਹੋਏ ਸਿੱਖ ਕੌਮ ਨੂੰ ਗੱਤਕੇ ਦੇ ਮਾਰਸ਼ਲ ਆਰਟ ਨੂੰ ਅਪਣਾਉਣ, ਘੋੜ ਸਵਾਰੀ ਕਰਨ, ਕੁਸ਼ਤੀਆਂ ਕਰਨ ਆਦਿ ਸਰੀਰਿਕ ਵਰਜਿਸ਼ ਦੀ ਜਿੱਥੇ ਜੋਰਦਾਰ ਅਪੀਲ ਕਰਦਾ ਹੈ, ਉਥੇ ਆਪੋ ਆਪਣੇ ਇਲਾਕਿਆਂ ਦੇ ਗੁਰੂ ਘਰਾਂ ਜਾਂ ਹੋਰ ਮਹੱਤਵਪੂਰਨ ਅਸਥਾਨਾਂ ਉਤੇ 21 ਜੂਨ ਦੇ ਦਿਨ ਨੂੰ ਗੱਤਕੇ ਮੁਕਾਬਲ ਕਰਾਉਂਦੇ ਹੋਏ, ਗੱਤਕਾ ਦਿਹਾੜਾ ਮਨਾ ਕੇ ਗੁਰੂ ਸਾਹਿਬਾਨ ਵੱਲੋਂ ਗੱਤਕੇ ਦੀ ਸਾਨੂੰ ਕੀਤੀ ਗਈ ਬਖਸਿ਼ਸ਼ ਨੂੰ ਹੋਰ ਪ੍ਰਚੰਡ ਕਰਨ ਦੀ ਜੋਰਦਾਰ ਅਪੀਲ ਕਰਦਾ ਹੈ। ਸ. ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਹੋਰ ਆਹੁਦੇਦਾਰਾਂ ਨੂੰ 21 ਜੂਨ ਦੇ ਦਿਨ ਨੂੰ ਵਿਸ਼ੇਸ਼ ਖਿੱਚ ਦਾ ਕੇਂਦਰ ਬਣਾਉਂਦੇ ਹੋਏ ਆਪੋ ਆਪਣੇ ਇਲਾਕੇ ਦੀਆਂ ਗੱਤਕਾ ਟੀਮਾਂ ਨੂੰ ਸੱਦਾ ਦੇ ਕੇ ਗੱਤਕੇ ਮੁਕਾਬਲੇ ਕਰਾਉਣ ਦੀ ਕੌਮੀ ਜਿੰਮੇਵਾਰੀ ਪੂਰਨ ਕਰਨ ਦੀਜਿੱਥੇ ਹਿਦਾਇਤ ਕੀਤੀ, ਊਥੇ ਅਮਰੀਕਾ, ਕੈਨੇਡਾ, ਬਰਤਾਨੀਆਂ, ਜਰਮਨ, ਆਸਟ੍ਰੇਲੀਆ ਆਦਿ ਸਭ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ 21 ਜੂਨ ਦੇ ਗੱਤਕੇ ਦਿਹਾੜੇ ਦੇ ਪ੍ਰੌਗਰਾਮਾਂ ਨੂੰ ਬਾਹਰਲੇ ਮੁਲਕਾਂ ਵਿਚ ਵੀ ਪੂਰਨ ਕਰਨ ਦੀ ਅਪੀਲ ਕੀਤੀ। ਤਾਂ ਕਿ ਨਾ ਤਾਂ ਹਿੰਦੂਤਵ ਤਾਕਤਾਂ ਸਾਨੂੰ ਹਿੰਦੂਤਵ ਏਜੰਡੇ ਵਿਚ ਲਿਆ ਸਕਣ ਅਤੇ ਨਾ ਹੀ ਅਸੀਂ ਆਪਣੀ ਸਿੱਖੀ ਰਵਾਇਤ ਤੋਂ ਇਕ ਇੰਚ ਵੀ ਇਧਰ ਉਧਰ ਹੋ ਸਕੀਏ ਅਤੇ ਸਮੁੱਚੇ ਸੰਸਾਰ ਨੂੰ ਕਰਮ ਕਾਂਡਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇ ਸਕੀਏ।