ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੈਂਪਸ ਵਿਖੇ ਇਕ ਯੋਗ ਕੈਂਪ ਆਯੋਜਿਤ ਕਰਵਾਇਆ ਗਿਆ। ਦੀਰਘਕਾਲ ਵਿਕਾਸ ਦੇ ਉਦੇਸ਼ ਲਈ ਯੋਗ (ਯੋਗਾ ਫਾਰ ਸਸਟੇਨੇਬਲ ਡਿਵੈਲਪਮੈਂਟ ਗੋਲ) ਦੇ ਥੀਮ ਹੇਠ ਲਗਾਏ ਇਸ ਕੈਂਪ ਵਿਚ ਸਰੀਰਕ ਸਿੱਖਿਆ ਕਾਲਜ ਦੇ ਸਟਾਫ ਅਤੇ 150 ਵਿਦਿਆਰਥੀਆਂ ਨੇ ਹਿੱਸਾ ਲਿਆ।ਡੀਨ ਵਿਦਿਆਰਥੀ ਭਲਾਈ ਪ੍ਰੋ. ਜਸਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸਵੇਰ ਦੀ ਗਤੀਵਿਧੀ ਮੌਕੇ ਯੋਗਾ ਦੇ ਮਾਹਿਰ, ਸਟਾਫ ਮੈਂਬਰ ਪ੍ਰੋ. ਸਤਪਾਲ ਸਿੰਘ ਨੇ ਬੱਚਿਆਂ ਨੂੰ ਯੋਗ ਅਭਿਆਸ ਕਰਵਾਉਣ ਦੇ ਨਾਲ-ਨਾਲ ਇਸਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਅਪੀਲ ਕੀਤੀ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਕੈਂਪ ਲਈ ਸਰੀਰਕ ਸਿੱਖਿਆ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਯੋਗ ਸਾਧਨਾ ਦੁਆਰਾ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਵੀ ਹਾਸਲ ਹੁੰਦੀ ਹੈ। ਵਿਦਿਆਰਥੀ ਵਰਗ ਲਈ ਇਹ ਹੋਰ ਵੀ ਲਾਹੇਵੰਦ ਹੋ ਨਿੱਬੜਦਾ ਹੈ ਕਿਉਂ ਕਿ ਇਸ ਨਾਲ ਇਕਾਗਰਤਾ ਵਿਚ ਵਾਧਾ ਹੁੰਦਾ ਹੈ, ਜੋ ਕਿ ਪੜ੍ਹਾਈ ਸੰਬੰਧੀ ਗਤੀਵਿਧੀਆਂ ਲਈ ਅਤਿ ਜ਼ਰੂਰੀ ਹੈ।
ਇਸ ਮੌਕੇ ਪ੍ਰੋਗਰਾਮ ਆਯੋਜਕ ਪ੍ਰੋ. ਸਤਪਾਲ ਸਿੰਘ ਦੇ ਨਾਲ ਡਾ. ਰਵੀ ਗਹਿਲਾਵਤ, ਪ੍ਰੋ. ਗੁਰਦਾਨ ਸਿੰਘ, ਪ੍ਰੋ. ਸੁਰਿੰਦਰ ਕੌਰ ਮਾਹੀ, ਪ੍ਰੋ. ਗੁਰਦੀਪ ਸਿੰਘ ਅਤੇ ਪ੍ਰੋ. ਕੰਵਲਜੀਤ ਸਿੰਘ ਦਾ ਬਹੁਮੁੱਲਾ ਯੋਗਦਾਨ ਰਿਹਾ।