ਵਾਸ਼ਿੰਗਟਨ – ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਉਮੀਦਵਾਰ ਹਿਲਰੀ ਕਲਿੰਟਨ ਨੇ ਆਪਣੇ ਵਿਰੋਧੀ ਡੋਨਲਡ ਟਰੰਪ ਦੇ ਬਿਆਨਾਂ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਟਿਪਣੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਰਾਸ਼ਟਰਪਤੀ ਦੇ ਤੌਰ ਤੇ ਕਿੰਨੇ ਖਤਰਨਾਕ ਹੋ ਸਕਦੇ ਹਨ। ਟਰੰਪ ਨੇ ਹਾਲ ਹੀ ਵਿੱਚ ਇਰਾਕ ਦੇ ਸਾਬਕਾ ਰਾਸ਼ਟਰਪਤੀ ਸਦਾਮ ਹੁਸੈਨ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਸਦਾਮ ਨੇ ਅੱਤਵਾਦੀਆਂ ਨੂੰ ਮਾਰਿਆ ਸੀ, ਜੋ ਕਿ ਚੰਗੀ ਗੱਲ ਹੈ।
ਟਰੰਪ ਵੱਲੋਂ ਉਤਰੀ ਕੈਰੋਲੀਨਾ ਵਿੱਚ ਇੱਕ ਚੋਣ ਰੈਲੀ ਦੌਰਾਨ ਸਦਾਮ ਦੀ ਤਾਰੀਫ਼ ਕੀਤੇ ਜਾਣ ਤੋਂ ਬਾਅਦ ਹਿਲਰੀ ਕਲਿੰਟਨ ਦੀ ਪ੍ਰਚਾਰ ਮੁਹਿੰਮ ਚਲਾਉਣ ਵਾਲੇ ਜੇਕ ਸੁਲੀਵਾਨ ਨੇ ਇਕ ਬਿਆਨ ਵਿੱਚ ਕਿਹਾ, ‘ ਜਾਲਿਮ ਦਬੰਗਾਂ ਦੀ ਤਾਰੀਫ਼ ਕਰਨ ਲਈ ਟਰੰਪ ਦੀ ਕੋਈ ਸੀਮਾ ਨਹੀਂ ਹੈ। ਟਰੰਪ ਨੇ ਤਿਆਨਾਨਮੇਨ ਚੌਂਕ ਵਿੱਚ ਕੀਤੇ ਗਏ ਕਤਲੇਆਮ ਵਿੱਚ ਵਿਖਾਈ ਗਈ ਸਖਤੀ ਦੀ ਵੀ ਸਿਫ਼ਤ ਕੀਤੀ, ਉਹ ਕਿਮ ਜੋਂਗ ਅਤੇ ਪੂਤਿਨ ਦੀ ਵੀ ਸਲਾਘਾ ਕਰ ਚੁੱਕੇ ਹਨ।
ਹਿਲਰੀ ਕਲਿੰਟਨ ਨੇ ਟਰੰਪ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਬਹੁਤ ਹੀ ਸਮਝਦਾਰੀ ਤੋਂ ਕੰਮ ਲੈਣਾ ਪੈਂਦਾ ਹੈ। ਉਹ ਕੇਵਲ ਦੇਸ਼ ਦਾ ਹੀ ਨਹੀਂ, ਸਗੋਂ ਪੂਰੀ ਦੁਨੀਆਂ ਦਾ ਨੇਤਾ ਹੁੰਦਾ ਹੈ। ਟਰੰਪ ਵੱਲੋਂ ਸਦਾਮ ਦੀ ਤਾਰੀਫ਼ ਕੀਤੇ ਜਾਣ ਦੀ ਨਿੰਦਿਆ ਕਰਦੇ ਹੋਏ ਹਿਲਰੀ ਨੇ ਕਿਹਾ ਕਿ ਅਗਰ ਅਜਿਹਾ ਵਿਅਕਤੀ ਦੇਸ਼ ਦੀ ਸੈਨਾ ਦਾ ਸਰਬਉਚ ਕਮਾਂਡਰ ਬਣ ਜਾਂਦਾ ਹੈ ਤਾਂ ਕਿੰਨਾ ਖਤਰਨਾਕ ਹੋ ਸਕਦਾ ਹੈ।