ਨਵੀਂ ਦਿੱਲੀ – ਕਾਂਗਰਸ ਨੇ ਮੋਦੀ ਦੀ ਕੇਂਦਰ ਸਰਕਾਰ ਤੇ 45 ਹਜ਼ਾਰ ਕਰੋੜ ਦੇ ਟੈਲੀਕਾਮ ਘੋਟਾਲੇ ਨੂੰ ਛੁਪਾਉਣ ਦਾ ਆਰੋਪ ਲਗਾਇਆ ਹੈ। ਕਾਂਗਰਸ ਨੇ ਵੀਰਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੇ ਸਾਰੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਇਆ ਹੈ।
ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸੂਰਜੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੋਦੀ ਦਾ ਨਾ ਖਾਊਂਗਾ ਨਾ ਖਾਣ ਦੇਵਾਂਗਾ ਦਾ ਵਾਕ ਝੂਠਾ ਸਾਬਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਿਆਪਕ ਤੋਂ ਲੈ ਕੇ ਪਨਾਮਾ, ਕੋਇਲਾ ਅਤੇ ਪੀਡੀਐਸ ਘੋਟਾਲੇ ਤੋਂ ਸਾਬਿਤ ਹੁੰਦਾ ਹੈ ਕਿ ਮੋਦੀ ਸਰਕਾਰ ਘੋਟਾਲਿਆਂ ਨਾਲ ਭਰੀ ਹੋਈ ਹੈ। ਪੀਐਮ ਮੋਦੀ ਆਪਣੇ ਵਪਾਰਿਕ ਦੋਸਤਾਂ ਦੀ ਮੱਦਦ ਕਰਨ ਵਾਸਤੇ 45 ਹਜ਼ਾਰ ਕਰੋੜ ਰੁਪੈ ਦੇ ਟੈਲੀਕਾਮ ਘੋਟਾਲੇ ਨੂੰ ਛੁਪਾਉਣ ਦਾ ਯਤਨ ਕਰ ਰਹੇ ਹਨ।
ਸੂਰਜੇਵਾਲ ਨੇ ਕਿਹਾ ਕਿ ਕੈਗ ਨੇ ਇਸ ਗੱਲ ਨੂੰ ਸਪੱਸ਼ਟ ਕੀਤਾ ਹੈ ਕਿ ਇਸ ਸੌਦੇ ਨਾਲ ਸਰਕਾਰੀ ਖਜ਼ਾਨੇ ਨੂੰ ਸਿੱਧਾ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਪੂੰਜੀਪਤੀਆਂ ਦੀਆਂ ਨੀਤੀਆਂ ਤੇ ਚੱਲਣ ਵਾਲੀ ਪੂੰਜੀਪਤੀ ਸਰਕਾਰ ਆਪਣੇ ਦੋਸਤਾਂ ਦੀ ਮੱਦਦ ਕਰ ਰਹੀ ਹੈ। ਉਨ੍ਹਾਂ ਅਨੁਸਾਰ ਕੇਦਰ ਸਰਕਾਰ 6 ਟੈਲੀਕਾਮ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਉਨ੍ਹਾਂ ਤੋਂ ਬਕਾਇਆ ਰਕਮ ਵਸੂਲਣ ਜਾਂ ਜੁਰਮਾਨਾ ਲਗਾਉਣ ਦੇ ਸਥਾਨ ਤੇ ਉਨ੍ਹਾਂ ਨੂੰ ਬਚਾਉਣ ਵਿੱਚ ਜੁਟੀ ਹੋਈ ਹੈ।