ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਲੋਂ ਬਾਰ-ਬਾਰ ਇਹ ਵਿਸ਼ਵਾਸ ਦਿਵਾਏ ਜਾਣ ’ਤੇ ਕਿ ਹਰਿਆਣਾ ਦੇ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਲਈ ਵੱਖਰੀ ਗੁਰਦੁਆਰਾ ਕਮੇਟੀ ਨਹੀਂ ਬਣੇਗੀ, ਦੇ ਬਾਵਜੂਦ ਵੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਵਲੋਂ 1 ਨਵੰਬਰ ਨੂੰ ਹਰਿਆਣਾ ਦਿਵਸ ’ਤੇ ਵੱਖਰੀ ਕਮੇਟੀ ਬਣਾਏ ਜਾਣ ਦਾ ਐਲਾਨ ਕੀਤੇ ਜਾਣ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ’ਚ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੇ ਇਸ ਐਲਾਨ ਨਾਲ ਸਿੱਖ ਸੰਗਤਾਂ ’ਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ ਅਤੇ ਜੇਕਰ ਇਕ ਸਿੱਖ ਪ੍ਰਧਾਨ ਮੰਤਰੀ ਦੇ ਕਾਰਜ ਕਾਲ ਦੌਰਾਨ ਇਹ ਕਮੇਟੀ ਹੋਂਦ ਵਿਚ ਆਉਂਦੀ ਹੈ ਤਾਂ ਇਹ ਕੇਂਦਰ ਸਰਕਾਰ ’ਤੇ ਨਾਂ ਮਿਟ ਸਕਣ ਵਾਲਾ ਇਕ ਬੱਦਨੁਮਾ ਧੱਬਾ ਹੋਵੇਗਾ।
ਇਥੋਂ ਜਾਰੀ ਇਕ ਪ੍ਰੈਸ ਰਲੀਜ਼ ’ਚ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਕਰੀਬ 18 ਲੱਖ ਸਿੱਖਾਂ ਦੀ ਵੱਸੋਂ ਹੈ ਪਰ ਇਕ ਲੱਖ ਅਠਾਈ ਹਜ਼ਾਰ ਬੋਗਸ ਜਿਹੇ ਹਲਫੀਆ ਬਿਆਨ ਪ੍ਰਾਪਤ ਕਰਕੇ ਇਸ ਨੂੰ ਸਿੱਖਾਂ ਦੀ ਮੰਗ ਦੱਸਿਆ ਜਾ ਰਿਹਾ ਹੈ ਜਦ ਕਿ ਹਰਿਆਣਾ ਦੇ ਸਿੱਖਾਂ ਦੀ ਵੱਖਰੀ ਕਮੇਟੀ ਦੀ ਕੋਈ ਮੰਗ ਹੀ ਨਹੀਂ। ਉਨ੍ਹਾਂ ਕਿਹਾ ਹੈ ਕਿ ਭ੍ਰਿਸ਼ਟ ਤੇ ਆਚਰਣਹੀਣ ਮਹੰਤਾਂ ਤੋਂ ਗੁਰਦੁਆਰਾ ਪ੍ਰਬੰਧ ਨੂੰ ਸੰਗਤੀ ਰੂਪ ’ਚ ਲਿਆਉਣ ਤੇ ਗੁਰਮਤਿ ਮਰਿਆਦਾ ਦੀ ਬਹਾਲੀ ਲਈ ਸਿੱਖ ਕੌਮ ਨੂੰ 500 ਤੋਂ ਵੱਧ ਕੁਰਬਾਨੀਆਂ ਦੇਣੀਆਂ ਪਈਆਂ, ਕਰੋੜਾਂ-ਅਰਬਾਂ ਦੀ ਜਾਇਦਾਦ ਜ਼ਬਤ ਹੋਈ, ਅਣਗਿਣਤ ਸਿੱਖਾਂ ਨੂੰ ਬੀ.ਟੀ ਵਰਗੇ ਜ਼ਾਲਮ ਅੰਗਰੇਜ਼ ਦੇ ਹੁਕਮਾਂ ਨਾਲ ਘੋੜਿਆਂ ਦੇ ਸੁੰਬਾਂ ਹੇਠ ਦਰੜਿਆ ਗਿਆ ਅਤੇ ਕਰੀਬ 5 ਸਾਲਾਂ ਦੇ ਲੰਬੇਂ ਸੰਘਰਸ਼ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਉਨ੍ਹਾਂ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਸਿੱਖ ਕੌਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਤੀ ਲਈ ਸ਼ਾਂਤਮਈ ਸੰਘਰਸ਼ ਕਰ ਰਹੀ ਸੀ ਤਾਂ ਉਦੋਂ ਅਕਾਲੀ ਨੇਤਾਵਾਂ ਦੇ ਨਾਲ ਜਵਾਹਰ ਲਾਲ ਨਹਿਰੂ ਵਰਗੇ ਕਾਂਗਰਸੀ ਨੇਤਾਵਾਂ ਨੇ ਵੀ ਜੇਲ੍ਹਾਂ ਕੱਟੀਆਂ। ਇਥੇ ਹੀ ਬੱਸ ਨਹੀਂ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਤਹਿਤ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਇਸ ਗੱਲ ਦਾ ਯਕੀਨ ਦਿਵਾਇਆ ਸੀ ਕੇਂਦਰ ਸਰਕਾਰ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ’ਚ ਕੋਈ ਦਖਲ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਅੱਜ ਹੁੱਡਾ ਸੌੜੇ ਸਿਆਸੀ ਹਿਤਾਂ ਦੀ ਖਾਤਰ ਇਸ ਮਹਾਨ ਸੰਸਥਾ ਦੇ ਇਤਿਹਾਸ ਨੂੰ ਕਲੰਕਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ’ਚ ਵੱਖਰੀ ਕਮੇਟੀ ਦੀ ਮੰਗ ਹਰਿਆਣਾ ਦੇ ਸਿੱਖਾਂ ਦੀ ਨਹੀਂ ਬਲਕਿ ਚੋਣ ਦੌਰਾਨ ਕਾਂਗਰਸ ਵੱਖਰੀ ਗੁਰਦੁਆਰਾ ਕਮੇਟੀ ਦਾ ਮੁੱਦਾ ਬਣਾ ਕੇ ਰਾਜਸੀ ਲਾਹਾ ਲੈਣ ਦੀ ਤਾਕ ਵਿਚ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਿੱਲੀ ਬੈਠੇ ਰਾਜਸੀ ਪ੍ਰਭੂ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਦੀਆਂ ਅਕਸਰ ਅਜਿਹੀਆਂ ਗੋਂਦਾਂ ਗੁੰਦਦੇ ਰਹਿੰਦੇ ਹਨ ਜਿਸ ਤੋਂ ਸਿੱਖ ਸੰਗਤਾਂ ਭਲੀ ਪ੍ਰਕਾਰ ਜਾਣੂੰ ਹਨ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕੀਤੇ ਜਾਣ ਦੀ ਇਹ ਇਕ ਸੋਚੀ-ਸਮਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਸ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਸਿੱਖ ਹੈ ਅਤੇ ਜੇਕਰ ਇਹ ਕੁਝ ਹੋ ਜਾਂਦਾ ਹੈ ਤਾਂ ਇਹ ਬਹੁਤ ਦੁਖਦਾਈ ਤੇ ਮੰਦਭਾਗੀ ਘਟਨਾ ਹੋਵੇਗੀ, ਜਿਸਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਵਾਰ-ਵਾਰ ਇਹ ਯਕੀਨ ਦੁਆਂਦੇ ਰਹੇ ਹਨ ਕਿ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਦਾਚਿਤ ਨਹੀਂ ਬਣੇਗੀ, ਦੂਜੇ ਪਾਸੇ ਹਰਿਆਣੇ ਸੂਬੇ ’ਚ ਚੋਣਾਂ ਸਮੇਂ ਕਾਂਗਰਸ ਨੂੰ ਲਾਹਾ ਦੇਣ ਲਈ ਦੋਗਲੀ ਨੀਤੀ ਵਰਤ ਕੇ ਸਿੱਖ ਕੌਮ ਨਾਲ ਵਿਸ਼ਵਾਸਘਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ, ਕਿ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਸਿੱਖ ਕੌਮ ਨਾਲ ਸਬੰਧਤ ਕਈ ਮਹੱਤਵਪੂਰਨ ਮੁੱਦਿਆਂ ਤੇ ਵਿਚਾਰਾਂ ਕਰਨ ਲਈ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਬਾਰ-ਬਾਰ ਯਾਦ ਪੱਤਰ ਭੇਜੇ ਜਾਣ ਦੇ ਬਾਵਜੂਦ ਵੀ ਮਿਲਣ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਐਕਟ ਅਨੁਸਾਰ ਲੋਕਤੰਤਰੀ ਢੰਗ ਤਰੀਕਿਆਂ ਨਾਲ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਗੁਰਧਾਮਾਂ ਦਾ ਪ੍ਰਬੰਧ ਬਾਖੂਬੀ ਨਿਭਾ ਰਹੀ ਹੈ ਅਤੇ ਜੇਕਰ ਇਸ ਨਾਲ ਛੇੜਛਾੜ ਕੀਤੀ ਗਈ ਤਾਂ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਕੇਂਦਰ ਅਤੇ ਹਰਿਆਣਾ ਦੀ ਕਾਂਗਰਸ ਸਰਕਾਰ ਦੀ ਹੋਵੇਗੀ।