ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਹੰਗ ਬਾਣੇ ਵਿਚ ਫੋਟੋ ਹਿੰਦੀ ਰਸਾਲੇ ਇੰਡੀਆ ਟੂਡੇ ਵਿਚ ਛੱਪਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸ ਮਸਲੇ ਤੇ ਰਸਾਲੇ ਦੇ ਮੁੱਖ ਸੰਪਾਦਕ ਅਰੁਨ ਪੁਰੀ ਅਤੇ ਬਾਕੀ ਟੀਮ ਨੂੰ ਲੀਗਲ ਨੋਟਿਸ ਭੇਜ ਕੇ ਇਸ ਮਸਲੇ ਤੇ ਬਿਨਾਂ ਸ਼ਰਤ ਮੁਆਫੀ 7 ਦਿਨਾਂ ਵਿਚ ਮੰਗਣ ਦੀ ਮੰਗ ਕੀਤੀ ਹੈ। ਮੁਆਫੀ ਨਾ ਮੰਗਣ ਦੀ ਸੂਰਤ ਵਿਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
ਪ੍ਰਕਾਸ਼ਕਾਂ ਵੱਲੋਂ ਰਸਾਲੇ ਦੇ 20 ਜੁਲਾਈ 2016 ਦੇ ਅੰਕ ਵਿਚ ਕੇਜਰੀਵਾਲ ਨੂੰ ਬਿਨਾਂ ਕੇਸਾਂ ਦੇ ਨਿਹੰਗ ਬਾਣੇ ਵਿਚ ਦਰਸਾਉਂਦੇ ਹੋਏ ਕਵਰ ਪੇਜ਼ ਤੇ ਫੋਟੋ ਛਾਪਣ ਕਰਕੇ ਇਹ ਵਿਵਾਦ ਪੈਦਾ ਹੋਇਆ ਹੈ। ਨੋਟਿਸ ਵਿਚ ਨਿਹੰਗ ਸਿੰਘਾਂ ਦੇ ਮਾਣਮੱਤੇ ਇਤਿਹਾਸ ਦਾ ਵੇਰਵਾ ਦਿੰਦੇ ਹੋਏ ਗੈਰ ਸਿੱਖ ਨੂੰ ਨਿਹੰਗ ਵਿਖਾਉਣ ਨੂੰ ਸਿੱਖ ਧਰਮ ਦੇ ਸਿਧਾਂਤਾਂ ਦੇ ਚੋਟ ਦੱਸਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ. ਕੇ. ਨੇ ਦੱਸਿਆ ਕਿ ਅੱਜ ਤਕ ਤਾਂ ਸਿੱਖਾਂ ਨੂੰ ਮੀਡੀਆ ਵੱਲੋਂ ਪਤਿਤ ਦਿਖਾਉਣ ਦਾ ਹੀ ਚਲਣ ਸਾਹਮਣੇ ਆ ਰਿਹਾ ਸੀ ਪਰ ਹੁਣ ਇਸ ਵਿਵਾਦਿਤ ਫੋਟੋ ਨੇ ਗੈਰ ਸਿੱਖ ਨੂੰ ਨਿਹੰਗ ਸਿੰਘ ਵੱਜੋਂ ਪੇਸ਼ ਕਰਕੇ ਸਿੰਘਾਂ ਨੂੰ ਜਾਗਣ ਦਾ ਸੁਨੇਹਾ ਦੇ ਦਿੱਤਾ ਹੈ। ਜੀ।ਕੇ। ਨੇ ਮੰਨਿਆ ਕਿ ਜੇਕਰ ਅਸੀਂ ਆਪਣੇ ਧਰਮ ਅਤੇ ਉਸਦੇ ਸਿੱਧਾਂਤਾਂ ਤੇ ਖੁਦ ਪਹਿਰਾ ਨਹੀਂ ਦਿਆਂਗੇ ਤਾਂ ਦੂਜੀਆਂ ਤੋਂ ਇਸ ਦੀ ਆਸ ਕਰਨਾ ਬੇਮਾਨੀ ਹੋ ਜਾਵੇਗਾ। ਇਸ ਫੋਟੋ ਦੇ ਪਿੱਛੇ ਵੱਡੀ ਸਾਜਿਸ਼ ਹੋਣ ਦਾ ਖਦਸ਼ਾ ਜਤਾਉਂਦੇ ਹੋਏ ਜੀ. ਕੇ. ਨੇ ਸਿੱਖਾਂ ਨੂੰ ਕੇਜਰੀਵਾਲ ਦੀ ਭਜਨ ਮੰਡਲੀ ਤੋਂ ਸਾਵਧਾਨ ਹੋਣ ਦੀ ਵੀ ਅਪੀਲ ਕੀਤੀ।
ਇਸ ਸਬੰਧ ਵਿਚ ਵਿਧਾਨਪਾਲਿਕਾ ਵੱਲੋਂ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕਰਦੇ ਹੋਏ ਜੀ. ਕੇ. ਨੇ ਇਸਨੂੰ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖਲਅੰਦਾਜ਼ੀ ਵੀ ਕਰਾਰ ਦਿੱਤਾ। ਜੀ. ਕੇ. ਨੇ ਖੁਲਾਸਾ ਕੀਤਾ ਕਿ ਕੇਜਰੀਵਾਲ ਨੇ ਬੀਤੇ ਦਿਨੀਂ ਆਪਣੇ ਅਕਸ਼ ਨੂੰ ਲੋਕਾਂ ਦੇ ਵਿਚ ਮਕਬੂਲ ਕਰਨ ਵਾਸਤੇ ਇੱਕ ਮੀਡੀਆ ਕੰਪਨੀ ਨੂੰ ਸਰਕਾਰੀ ਖਜਾਨੇ ਤੋਂ 200 ਕਰੋੜ ਰੁਪਏ ਦੀ ਮੋਟੀ ਰਕਮ ਦੇਣ ਦਾ ਕਰਾਰ ਕੀਤਾ ਸੀਂ ਜਿਸ ਤੋਂ ਬਾਅਦ ਲਗਾਤਾਰ ਕੇਜਰੀਵਾਲ ਪੰਜਾਬ ਚੋਣਾਂ ਵਿਚ ਆਪਣੀ ਪਾਰਟੀ ਦੀ ਉਮੀਦਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਲੱਗੇ ਹੋਏ ਹਨ। ਪਰ ਕੇਜਰੀਵਾਲ ਦਾ ਅਨਾੜੀਆਂ ਨੂੰ ਪ੍ਰਚਾਰ ਦਾ ਜਿੰਮਾ ਦੇਣਾ ਹੁਣ ਜੀਅ ਦਾ ਜੰਜ਼ਾਲ ਬਣਦਾ ਜਾ ਰਿਹਾ ਹੈ। ਕੇਜਰੀਵਾਲ ਦੀ ਉਕਤ ਫੋਟੋ ਦੇ ਪਿੱਛੇ ਵੀ ਜੀ. ਕੇ. ਨੇ ਪੀ. ਆਰ. ਕੰਪਨੀ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ।