ਨਵੀਂ ਦਿੱਲੀ – ਅਰਵਿੰਦ ਕੇਜਰੀਵਾਲ ਦੀ ਚਾਪਲੂਸੀ ਕਰਨ ਦੀ ਲਾਲਸਾ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਗੁਰਸਿੱਖ ਨਿਹੰਗ ਪਹਿਰਾਵੇ ਦੀ ਭਾਰੀ ਅਪਮਾਨ ਕੀਤਾ ਹੈ, ਜਿਸਦੇ ਵਾਸਤੇ ਸਿੱਖ ਕੌਮ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰੇਗੀ। ਇਹ ਵਿਚਾਰ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਰਾਜ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਸ੍ਰੀ ਛੋਟੇਪੁਰ ਦਾ ਇਹ ਕਹਿਣਾ ਦਾ ਇੰਡੀਆ ਟੂਡੇ ਰਸਾਲੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਗੁਰਸਿੱਖ ਨਿਹੰਗ ਬਾਣੇ ਵਿਚ ਤਸਵੀਰ ਪ੍ਰਕਾਸ਼ਿਤ ਕਰਨ ਨਾਲ ਦਿੱਲੀ ਦੇ ਮੁੱਖ ਮੰਤਰੀ ਦਾ ਅਪਮਾਨ ਹੋਇਆ ਹੈ, ਅਤਿ ਨਿੰਦਣਯੋਗ ਹਰਕਤ ਹੈ ਜੋ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਮਾਨਸਿਕ ਦੀਵਾਲੀਏਪਨ ਅਤੇ ਸਿੱਖ ਰਵਾਇਤਾਂ ਪ੍ਰਤੀ ਪੂਰਨ ਅਗਿਆਨਤਾ ਦਾ ਪ੍ਰਗਟਾਵਾ ਕਰਦੀ ਹੈ। ਸ੍ਰ: ਸਿਰਸਾ ਨੇ ਕਿਹਾ ਕਿ ਗੁਰਸਿੱਖ ਨਿਹੰਗ ਬਾਣਾ ਤਾਂ ਬੇਹੱਦ ਵਿਸ਼ੇਸ਼ ਧਾਰਮਕ ਚਿੰਨ੍ਹ ਹੈ, ਜਿਸਦਾ ਸਤਿਕਾਰ ਸਿੱਖਾਂ ਹੀ ਨਹੀਂ ਗੈਰ-ਸਿੱਖਾਂ ਵੱਲੋਂ ਵੀ ਕੀਤਾ ਜਾਂਦਾ ਹੈ। ਇਸ ਬਾਣੇ ਨੂੰ ਪਾਉਣ ਵਾਲਾ ਤਾਂ ਖੁਦ ਨੂੰ ਸਤਿਕਾਰਤ ਅਤੇ ਧੰਨਤਾ ਦਾ ਪਾਤਰ ਸਮਝਦਾ ਹੈ ਕਿਉਂਕਿ ਅਜਿਹੇ ਬਾਨੇ ਦੇ ਧਾਰਨੀ ਨੂੰ ਚੰਗੇ ਗੁਰਸਿੱਖੀ ਜੀਵਨ ਵਾਲਾ ਸਮਝਿਆ ਜਾਂਦਾ ਹੈ। ਪਰ ਸ੍ਰੀ ਛੋਟੇਪੁਰ ਐਲਾਨ ਕਰ ਰਹੇ ਹਨ ਕਿ ਇਹ ਬਾਨਾ ਪਾਏ ਹੋਏ ਦਿਖਾਉਣ ਨਾਲ ਸ੍ਰੀ ਕੇਜਰੀਵਾਲ ਦਾ ਅਪਮਾਨ ਹੋ ਗਿਆ ਹੈ। ਸ੍ਰ: ਸਿਰਸਾ ਨੇ ਕਿਹਾ ਕਿ ਸ੍ਰੀ ਛੋਟੇਪੁਰ ਦਾ ਇਹ ਐਲਾਨ ਆਮ ਆਦਮੀ ਪਾਰਟੀ ਦੀ ਸਿੱਖੀ-ਵਿਰੋਧੀ ਮਾਨਸਿਕਤਾ ਦਾ ਪ੍ਰਤੱਖ ਪ੍ਰਮਾਣ ਹੈ।
ਉਨ੍ਹਾਂ ਕਿਹਾ ਕਿ ਉਕਤ ਬਾਨੇ ਵਿਚ ਤਸਵੀਰ ਨਾਲ ਸ੍ਰੀ ਕੇਜਰੀਵਾਲ ਦਾ ਅਪਮਾਨ ਨਹੀਂ ਹੋਇਆ, ਬਲਕਿ ਇਕ ਕਲੀਨ-ਸ਼ੇਵਨ ਵਿਅਕਤੀ ਨੂੰ ਪੂਰਨ ਗੁਰਸਿੱਖੀ ਵਾਲੇ ਨਿਹੰਗ ਪਹਿਰਾਵੇ ਵਿਚ ਦਰਸਾਉਣ ਨਾਲ ਸਿੱਖਾਂ ਅਤੇ ਸਿੱਖ ਰਵਾਇਅਤਾਂ ਦਾ ਅਪਮਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਸ੍ਰੀ ਕੇਜਰੀਵਾਲ ਨਿਹੰਗ ਬਾਨੇ ਵਿਚ ਆਪਣੀ ਤਸਵੀਰ ਪ੍ਰਕਾਸ਼ਿਤ ਕਰਵਾ ਕੇ ਸਿੱਖਾਂ ਨੂੰ ਜਲੀਲ ਕਰਦੇ ਹਨ ਅਤੇ ਪਿੱਛੋਂ ਉਨ੍ਹਾਂ ਦੀ ਪਾਰਟੀ ਦੇ ਸਿੱਖ ਆਗੂ ਸਿੱਖਾਂ ਦੇ ਜਖਮਾਂ ‘ਤੇ ਲੂਣ ਛਿੜਕਣ ਲਈ ਨਿਹੰਗ ਬਾਨੇ ਦਾ ਹੀ ਅਪਮਾਨ ਸ਼ੁਰੂ ਕਰ ਦਿੰਦੇ ਹਨ। ਸ੍ਰ: ਸਿਰਸਾ ਨੇ ਮੰਗ ਕੀਤੀ ਕਿ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ੍ਰ: ਸੁੱਚਾ ਸਿੰਘ ਛੋਟੇਪੁਰ ਆਪਣੀਆਂ ਸਿੱਖੀ-ਵਿਰੋਧੀ ਹਰਕਤਾਂ ਰਾਹੀਂ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਵਲੂੰਧਰਨ ਲਈ ਮੀਡੀਆ ਰਾਹੀਂ ਬਿਆਨਬਾਜੀ ਕਰਨ ਜਾਂ ਸਿਆਸੀ ਸਟੰਟਬਾਜੀ ਕਰਨ ਦੀ ਬਜਾਏ, ਸਿੱਖ ਸਮਾਜ ਤੋਂ ਜਨਤੱਕ ਤੌਰ ‘ਤੇ ਮੁਆਫੀ ਮੰਗਣ।