ਵਾਸ਼ਿੰਗਟਨ – ਰੀਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਗਰ ਉਹ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਜਾਂਦੇ ਹਨ ਤਾਂ ਉਹ ਇਸਲਾਮਿਕ ਸਟੇਟ ਦੇ ਖਿਲਾਫ਼ ਨਿਰਣਾਇਕ ਯੁੱਧ ਦਾ ਐਲਾਨ ਕਰਨਗੇ। ਉਨ੍ਹਾਂ ਨੇ ਦਾਅਵੇ ਨਾਲ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਵਿੱਚ ਆਈਐਸ ਦੇ ਅੱਤਵਾਦੀਆਂ ਦਾ ਖਾਤਮਾ ਹੋ ਜਾਵੇਗਾ।
ਰੀਪਬਲੀਕਨ ਪਾਰਟੀ ਦੇ ਸੋਮਵਾਰ ਤੋਂ ਸ਼ੁਰੂ ਹੋਏ ਚਾਰ ਦਿਨ ਦੇ ਰਾਸ਼ਟਰੀ ਸਮਾਗਮ ਵਿੱਚ ਟਰੰਪ ਨੂੰ ਰਸਮੀ ਤੌਰ ਤੇ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ ਜਾਵੇਗਾ। ਟਰੰਪ ਸ਼ੁਰੂ ਤੋਂ ਹੀ ਵਿਵਾਦਿਤ ਬਿਆਨ ਦੇਣ ਕਰਕੇ ਸੁਰਖੀਆਂ ਵਿੱਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਆਈਐਸ ਨੂੰ ਸਮਾਪਤ ਕਰਾਂਗਾ। ਮੈਂ ਜਮੀਨੀ ਪੱਧਰ ਤੇ ਬਹੁਤ ਹੀ ਘੱਟ ਸੈਨਿਕ ਭੇਜਾਂਗਾ। ਉਨ੍ਹਾਂ ਅਨੁਸਾਰ ਸਾਡੇ ਕੋਲ ਬਹੁਤ ਹੀ ਵਧੀਆ ਖੁਫੀਆ ਤੰਤਰ ਹੋਵੇਗਾ, ਜੋ ਕਿ ਹੁਣ ਨਹੀਂ ਹੈ। ਅਸੀਂ ਗਵਾਂਢੀ ਦੇਸ਼ਾਂ ਅਤੇ ਨੈਟੋ ਨੂੰ ਇਸ ਯੁੱਧ ਵਿੱਚ ਸ਼ਾਮਿਲ ਕਰਾਂਗੇ। ਅਸੀਂ ਨੈਟੋ ਨੂੰ ਲੋੜ ਤੋਂ ਵੱਧ ਸਮਰਥੱਣ ਦੇ ਰਹੇ ਹਾਂ, ਜਦੋਂ ਕਿ ਵਿਸ਼ਵ ਦੇ ਕਈ ਦੇਸ਼ ਅਜਿਹੇ ਹਨ, ਉਹ ਉਸ ਤਰ੍ਹਾਂ ਨਹੀਂ ਕਰ ਰਹੇ, ਜਿਸ ਤਰ੍ਹਾਂ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ।