ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਨੇ ਆਪਣੇ ਖ਼ਾਲਸਾ ਪੰਥ ਦੇ ਮਹਾਨ ਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਣਾਂ ਲੈਦੇ ਹੋਏ, ਕਸ਼ਮੀਰ ਵਿਚ ਹਿੰਦੂਤਵ ਹਕੂਮਤ ਤੇ ਫ਼ੌਜ ਵੱਲੋਂ ਕਸ਼ਮੀਰ ਨਿਵਾਸੀਆਂ ਦੀ ਜਿੰਦਗਾਨੀਆਂ ਨਾਲ ਖਿਲਵਾੜ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਹੋ ਰਹੇ ਹਣਨ ਨੂੰ ਰੋਕਣ ਦੀ ਸੋਚ ਅਧੀਨ ਅਤੇ ਕਸ਼ਮੀਰੀਆਂ ਉਤੇ ਹੋ ਰਹੇ ਜ਼ਬਰ-ਜੁਲਮ ਨੂੰ ਬੰਦ ਕਰਵਾਉਣ ਹਿੱਤ 14 ਜੁਲਾਈ 2016 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕੱਤਰ ਹੋ ਕੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਣਨ ਨੂੰ ਬੰਦ ਕਰਨ ਅਤੇ ਕਸ਼ਮੀਰੀਆਂ ਦੇ ਹੱਕ ਵਿਚ ਇਨਸਾਫ਼ ਦੀ ਆਵਾਜ਼ ਬੁਲੰਦ ਕਰਦੇ ਹੋਏ ਅਰਦਾਸ ਕੀਤੀ ਸੀ । ਕਿਉਂਕਿ ਇਸੇ ਮਹਾਨ ਅਸਥਾਂਨ ਤੋਂ ਜਦੋਂ ਕਸ਼ਮੀਰੀ ਪੰਡਿਤਾਂ ਉਤੇ ਮੁਗਲ ਹਕੂਮਤ ਵੱਲੋ ਜ਼ਬਰ-ਜੁਲਮ ਹੋ ਰਹੇ ਸਨ, ਤਾਂ ਇਹ ਕਸ਼ਮੀਰੀ ਪੰਡਿਤ ਆਪਣੀ ਫਰਿਆਦ ਲੈਕੇ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਕੋਲ ਆਏ ਸਨ । ਜਿਨ੍ਹਾਂ ਨੇ ਇਸੇ ਸਥਾਨ ਤੋ ਅਰਦਾਸ ਕਰਕੇ ਮੁਗਲ ਹਕੂਮਤ ਦੇ ਜ਼ਬਰ-ਜੁਲਮ ਦਾ ਅੰਤ ਕਰਨ ਲਈ ਦਿੱਲੀ ਵੱਲ ਚਾਲੇ ਪਾਏ ਸਨ ਅਤੇ ਦਿੱਲੀ ਵਿਖੇ ਪਹੁੰਚਕੇ ਕਸ਼ਮੀਰੀ ਪੰਡਿਤਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦੇ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਫਰਜ ਨਿਭਾਏ ਸਨ । ਹੁਣ ਜਦੋਂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਹਣਨ ਹੋ ਰਿਹਾ ਹੈ ਅਤੇ ਸੈਕੜਿਆਂ ਦੀ ਗਿਣਤੀ ਵਿਚ ਨਿਰਦੋਸ਼ ਕਸ਼ਮੀਰੀ ਨੌਜ਼ਵਾਨਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾ ਦਿੱਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਕਸ਼ਮੀਰੀਆਂ ਨੂੰ ਜਖ਼ਮੀ ਕਰ ਦਿੱਤਾ ਗਿਆ ਹੈ ਅਤੇ ਅੱਜ ਵੀ ਜ਼ਬਰ-ਜੁਲਮ ਨਿਰੰਤਰ ਜਾਰੀ ਹੈ, ਤਾਂ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਮੁਸਲਮਾਨਾਂ, ਅਰਬੀਆਂ ਅਤੇ ਸਿੱਖ ਕੌਮ ਨੇ ਸਾਂਝੇ ਤੌਰ ਤੇ ਕਸ਼ਮੀਰੀਆਂ ਉਤੇ ਹੋ ਰਹੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਦੇ ਹੋਏ ਜੋ ਯੂ.ਐਨ.ਓ. ਦੇ ਨਿਊਯਾਰਕ ਦਫ਼ਤਰ ਸਾਹਮਣੇ ਇਕੱਤਰ ਹੋ ਕੇ ਬਹਤ ਵੱਡਾ ਰੋਸ ਮੁਜ਼ਹਾਰਾ ਕਰਦੇ ਹੋਏ ਕਸ਼ਮੀਰ ਵਿਚ ਮੁਸਲਿਮ ਨੌਜ਼ਵਾਨਾਂ ਤੇ ਪਰਿਵਾਰਾਂ ਦੀ ਹੋ ਰਹੀ ਨਸ਼ਲਕੁਸੀ ਅਤੇ ਕਤਲੇਆਮ ਦੀ ਆਵਾਜ਼ ਬੁਲੰਦ ਕੀਤੀ ਹੈ, ਇਹ ਅਮਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਦੇ ਇਤਿਹਾਸ ਤੋ ਅਤੇ 14 ਜੁਲਾਈ ਦੇ ਪ੍ਰੋਗਰਾਮ ਤੋ ਸੇਧ ਲੈਕੇ ਕੀਤੇ ਗਏ ਸਾਂਝੇ ਉਦਮ ਅਤਿ ਸਲਾਘਾਯੋਗ ਅਤੇ ਇਨਸਾਨੀਅਤ ਪੱਖੀ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋਰਦਾਰ ਸਵਾਗਤ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਨ ਮੁਸਲਮਾਨਾਂ, ਅਰਬੀਆਂ, ਸਿੱਖਾਂ ਅਤੇ ਹੋਰ ਇਨਸਾਨੀਅਤ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਵਾਲੀਆਂ ਧਿਰਾਂ ਵੱਲੋਂ ਯੂ.ਐਨ.ਓ. ਦੇ ਦਫ਼ਤਰ ਵਿਖੇ ਕੀਤੇ ਗਏ ਕੌਮਾਂਤਰੀ ਪੱਧਰ ਦੇ ਉਦਮ ਅਤੇ ਹਿੰਦੂਤਵ ਹਕੂਮਤ ਅਤੇ ਹਿੰਦ ਫ਼ੌਜ ਦੇ ਜ਼ਬਰ-ਜੁਲਮ ਦੀ ਅਸਲੀ ਤਸਵੀਰ ਨੂੰ ਸਾਹਮਣੇ ਲਿਆਉਣ ਦੇ ਅਮਲਾਂ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਸਿੱਖ ਕੌਮ ਦੇ ਇਤਿਹਾਸ ਦੀ ਲੀਹ ਉਤੇ ਚੱਲਦੇ ਹੋਏ ਕੀਤੇ ਗਏ ਉਦਮਾਂ ਦਾ ਜੋਰਦਾਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਅੱਗੇ ਚੱਲਕੇ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਉਤੇ ਜਦੋਂ ਵੀ ਕਿਸੇ ਜ਼ਾਬਰ ਹਕੂਮਤ ਨੇ ਗੈਰ-ਇਨਸਾਨੀਅਤ ਅਤੇ ਗੈਰ-ਕਾਨੂੰਨੀ ਢੰਗਾਂ ਦੀ ਵਰਤੋ ਕਰਦੇ ਹੋਏ ਜ਼ਬਰ-ਜੁਲਮ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਸੇ ਸਮੇਂ ਆਪਣੇ ਇਨਸਾਨੀ ਅਤੇ ਸਮਾਜਿਕ ਫਰਜਾਂ ਦੀ ਪੂਰਤੀ ਕਰਦੇ ਹੋਏ ਉਸ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਈ, ਭਾਵੇ ਉਹ ਚੇਚਨੀਆ ਹੋਵੇ, ਭਾਵੇ ਵੀਅਤਨਾਮ, ਭਾਵੇ ਯੂਕਰੇਨ, ਭਾਵੇ ਆਈ.ਐਸ.ਆਈ.ਐਸ, ਭਾਵੇ ਅਲਕਾਇਦਾ ਵਰਗੀਆਂ ਜਥੇਬੰਦੀਆਂ ਵੱਲੋਂ, ਭਾਵੇ ਦੱਖਣੀ ਸੂਬਿਆਂ ਵਿਚ ਇਸਾਈਆਂ ਉਤੇ, ਭਾਵੇ ਗੁਜਰਾਤ, ਯੂਪੀ, ਜੰਮੂ-ਕਸ਼ਮੀਰ, ਹਰਿਆਣਾ ਵਿਚ ਪੰਜਾਬੀਆਂ ਅਤੇ ਬੀਬੀਆਂ ਨਾਲ ਹੋਏ ਜ਼ਬਰ-ਜੁਲਮ, ਅਸਾਮ, ਨਾਗਾਲੈਂਡ, ਮਿਜੋਰਮ, ਮੇਘਾਲਿਆ ਆਦਿ ਸੂਬਿਆਂ ਵਿਚ ਜ਼ਾਬਰ ਹਕੂਮਤਾਂ ਵੱਲੋਂ ਇਨਸਾਨੀਅਤ ਦਾ ਘਾਣ ਕੀਤਾ ਜਾਂਦਾ ਹੋਵੇ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਦੇ ਵੀ ਆਪਣੀ ਜਿੰਮੇਵਾਰੀ ਨਿਭਾਉਣ ਵਿਚ ਅਣਗਹਿਲੀ ਨਹੀਂ ਕੀਤੀ । ਜਦੋਂ ਹਿੰਦੂਤਵ ਤਾਕਤਾਂ ਨੇ ਅਯੋਧਿਆ ਵਿਚ ਇਕ ਸਾਂਝੀ ਸਾਜਿ਼ਸ ਤਹਿਤ ਮੁਸਲਿਮ ਕੌਮ ਦੇ ਧਾਰਮਿਕ ਸਥਾਨ ਸ੍ਰੀ ਬਾਬਰੀ ਮਸਜਿ਼ਦ ਨੂੰ ਢਾਹੁਣ ਦੇ ਅਤਿ ਸ਼ਰਮਨਾਕ ਅਮਲ ਕੀਤੇ, ਕਸ਼ਮੀਰ ਵਿਚ ਹਜ਼ਰਤਬਲ ਵਿਖੇ ਜ਼ਬਰ-ਜੁਲਮ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਥੇ ਜਾ ਕੇ ਇਸ ਜ਼ਬਰ-ਜੁਲਮ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਬੁਲੰਦ ਕੀਤੀ । ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੂੰ ਤੀਜੇ ਸਿੱਖ ਧਰਮ ਨੂੰ ਹੋਦ ਵਿਚ ਇਸ ਕਰਕੇ ਹੀ ਲਿਆਉਣਾ ਪਿਆ ਕਿਉਂਕਿ ਉਸ ਸਮੇਂ ਦੀਆਂ ਜ਼ਾਬਰ ਹਕੂਮਤਾਂ ਧਰਮ ਦੇ ਨਾਮ ਦੀ ਦੁਰਵਰਤੋ ਕਰਕੇ ਮਨੁੱਖੀ ਹੱਕਾਂ ਦਾ ਘਾਣ ਕਰਨ ਵਿਚ ਮਸਰੂਫ਼ ਸਨ ਅਤੇ ਉਸ ਸਮੇਂ ਦੇ ਸਭ ਕੌਮਾਂ, ਧਰਮਾਂ ਦੇ ਬਸਿੰਦਿਆਂ ਦੇ ਮਨ ਅਤੇ ਆਤਮਾ ਵਿਚ ਹਕੂਮਤੀ ਜ਼ਬਰ ਦੀ ਦਹਿਸਤ ਸੀ । ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਹੋਂਦ ਵਿਚ ਲਿਆ ਕੇ ਕੇਵਲ ਇਥੋ ਦੇ ਬਸਿੰਦਿਆਂ ਦੇ ਮਨ-ਆਤਮਾ ਵਿਚ ਹਰ ਤਰ੍ਹਾਂ ਦੇ ਡਰ-ਭੈ ਅਤੇ ਦਹਿਸਤ ਤੋ ਹੀ ਸਰੂਖਰ ਨਹੀਂ ਕੀਤਾ, ਬਲਕਿ ਇਹ ਸ਼ਬਦ ਉਚਾਰਕੇ “ਭੈ ਕਾਹੂੰ ਕੋ ਦੈਤਿ ਨਾਹਿ, ਨ ਭੈ ਮਾਨਤਿ ਆਨਿ” ਦੇ ਹੁਕਮ ਕਰਕੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਉਠਾਉਣ, ਨਾ ਹੀ ਜ਼ੁਲਮ ਨੂੰ ਸਹਿਣ ਅਤੇ ਨਾ ਹੀ ਕਿਸੇ ਤੇ ਜੁਲਮ ਕਰਨ ਦੇ ਸਾਨੂੰ ਸਿੱਖਾਂ ਨੂੰ ਆਦੇਸ਼ ਦਿੱਤੇ ਹਨ । ਅਸੀਂ ਉਹਨਾਂ ਵੱਲੋ ਦਰਸਾਏ ਮਨੁੱਖਤਾ ਪੱਖੀ ਰਾਹ ਉਤੇ ਪਹਿਰਾ ਦਿੰਦੇ ਹੋਏ ਕੇਵਲ ਜਿਨ੍ਹਾਂ ਕੌਮਾਂ ਤੇ ਧਰਮਾਂ ਅਤੇ ਫਿਰਕਿਆਂ ਨਾਲ ਵਿਤਕਰੇ ਤੇ ਜ਼ਬਰ ਹੋ ਰਹੇ ਹਨ, ਉਹਨਾਂ ਨੂੰ ਇਨਸਾਫ਼ ਦਿਵਾਉਣ ਦੇ ਨਾਲ-ਨਾਲ ਆਪਣੀ ਕੌਮੀ ਆਜ਼ਾਦੀ “ਸੰਪੂਰਨ ਪ੍ਰਭੂਸਤਾ ਸਿੱਖ ਬਾਦਸ਼ਾਹੀ” ਦੀ ਕਾਇਮੀ ਲਈ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਬਾਦਲੀਲ ਢੰਗ ਨਾਲ ਸੰਘਰਸ਼ ਕਰ ਰਹੇ ਹਾਂ ਅਤੇ ਇਥੋ ਦੇ ਨਿਵਾਸੀਆਂ ਨਾਲ ਬਚਨ ਕਰਦੇ ਹਾਂ ਕਿ ਜਦੋਂ ਵੀ ਆਪ ਸਭ ਧਰਮਾਂ, ਕੌਮਾਂ ਤੇ ਫਿਰਕਿਆਂ ਦੇ ਨਿਵਾਸੀ ਆਪਣੀ ਵੋਟ ਦੀ ਅਮੁੱਲ ਕੀਮਤ ਨੂੰ ਸਮਝਦੇ ਹੋਏ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਦੀ “ਹਲੀਮੀ ਰਾਜ” ਵਾਲੀ ਹਕੂਮਤ ਕਾਇਮ ਕਰਨ ਲਈ ਆਪਣੇ ਫਰਜ ਅਦਾ ਕਰੋਗੇ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਅਜਿਹਾ ਰਾਜ ਪ੍ਰਬੰਧ ਦੇਵੇਗਾ, ਜਿਸ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ ਆਦਿ ਨਾਲ ਕਿਸੇ ਵੀ ਖੇਤਰ ਵਿਚ ਕੋਈ ਰਤੀਭਰ ਵੀ ਬੇਇਨਸਾਫ਼ੀ, ਵਿਤਕਰਾ ਜਾਂ ਜ਼ਬਰ-ਜੁਲਮ ਨਹੀਂ ਹੋਵੇਗਾ, ਬਲਕਿ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੇ ਹੋਏ ਆਪਣੇ ਜੀਵਨ ਵਿਚ ਅੱਗੇ ਵੱਧਣ ਅਤੇ ਆਪਣੀ ਅਣਖ਼, ਇੱਜ਼ਤ ਨੂੰ ਕਾਇਮ ਰੱਖਣ ਦੀ ਪੂਰੀ ਖੁੱਲ੍ਹ ਤੇ ਆਜ਼ਾਦੀ ਹੋਵੇਗੀ, ਕਿਸੇ ਤੇ ਵੀ ਕੋਈ ਭੈ-ਦਹਿਸਤ, ਡਰ ਨਹੀਂ ਹੋਵੇਗਾ, ਇਨਸਾਫ਼ ਦਾ ਪਾਰਦਰਸਤਾ ਵਾਲਾ ਰਾਜ ਪ੍ਰਬੰਧ ਕਾਇਮ ਕੀਤਾ ਜਾਵੇਗਾ । ਸਾਡੇ ਰਾਜ ਦੇ ਹਰ ਨਿਵਾਸੀ ਨੂੰ ਸਾਡੇ ਪ੍ਰਬੰਧ ਉਤੇ ਕੇਵਲ ਫਖ਼ਰ ਹੀ ਨਹੀਂ ਹੋਵੇਗਾ, ਬਲਕਿ ਉਹ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਦਾ ਨਾਗਰਿਕ ਕਹਾਉਣ ਨੂੰ ਇਕ ਵੱਡਾ ਮਾਣ ਮਹਿਸੂਸ ਕਰੇਗਾ ।
ਸ. ਮਾਨ ਨੇ ਸਮੁੱਚੇ ਧਰਮਾਂ, ਕੌਮਾਂ ਅਤੇ ਫਿਰਕਿਆਂ ਦੇ ਇਥੋਂ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਵੋਟ ਸ਼ਕਤੀ ਦੀ ਸਹੀ ਵਰਤੋਂ ਕਰਦੇ ਹੋਏ ਪੰਜਾਬ ਦੀ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਵਾਲੇ ਸੂਬੇ ਵਿਚ ਉਹਨਾਂ ਦੀ ਮਨੁੱਖਤਾ ਪੱਖੀ ਸੋਚ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਨੂੰ ਇਕ ਵਾਰੀ ਮੌਕਾ ਦੇਣ ਦੀ ਸੁਹਿਰਦਤਾ ਨਾਲ ਜਿੰਮੇਵਾਰੀ ਨਿਭਾਉਣ ਤਾਂ ਉਹਨਾਂ ਨੂੰ ਕਿਸੇ ਵੀ ਖੇਤਰ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਸ਼ਿਕਾਇਤ, ਸ਼ਿਕਵਾ ਕਰਨ ਦਾ ਕੋਈ ਮੌਕਾ ਨਹੀਂ ਰਹੇਗਾ । ਸਭ ਧਰਮਾਂ ਤੇ ਕੌਮਾਂ ਦੇ ਨਿਵਾਸੀ ਸਾਡੇ ਰਾਜ ਪ੍ਰਬੰਧ ਦੀਆਂ ਇਨਸਾਨੀਅਤ ਪੱਖੀ ਖੂਬੀਆਂ ਤੇ ਅਮਲਾਂ ਨੂੰ ਵੇਖਕੇ ਖੁਦ ਹੀ ਸਮੁੱਚੀ ਦੁਨੀਆਂ ਵਿਚ ਸਾਡੇ ਤਰਜ ਤੇ ਰਾਜ ਪ੍ਰਬੰਧ ਕਾਇਮ ਕਰਨ ਦੀ ਚਾਹਨਾ ਤੇ ਇੱਛਾ ਜ਼ਾਹਿਰ ਕਰਨਗੇ ।