ਚੰਡੀਗੜ੍ਹ – “ਜੇਕਰ ਜੰਮੂ ਕਸ਼ਮੀਰ ਦੇ ਅੱਜ ਅਤਿ ਬਦਤਰ ਹਾਲਾਤਾਂ ਦੀ ਬਦੌਲਤ ਧਾਰਮਿਕ ਅਮਰਨਾਥ ਯਾਤਰਾ ਵਿਚ ਵਿਘਨ ਪੈ ਰਿਹਾ ਹੈ ਤਾਂ ਇਸ ਲਈ ਹਿੰਦ ਹਕੂਮਤ ਅਤੇ ਹਿੰਦ ਫੌਜ ਵੱਲੋਂ ਕਸ਼ਮੀਰੀ ਨੌਜਵਾਨਾਂ ਅਤੇ ਪਰਿਵਾਰਾਂ ਉਤੇ ਕੀਤੇ ਜਾ ਰਹੇ ਅਣਮਨੁੱਖੀ ਜਬਰ ਜੁਲਮ ਇਹ ਵਿਤਕਰੇ ਜਿੰਮੇਵਾਰ ਹਨ ਨਾ ਕਿ ਇਸ ਲਈ ਮੁਲਕ ਜਾਂ ਸੂਬੇ ਦੇ ਟਰੱਕ ਡਰਾਇਵਰ ਜਾਂ ਟਰੱਕ ਮਾਲਕ। ਇਸ ਲਈ ਦਿਨ ਰਾਤ ਆਪੋ ਆਪਣੀ ਜਿੰਦਗੀ ਨੂੰ ਜੋਖਿਮ ਵਿਚ ਪਾ ਕੇ ਆਪਣੇ ਪਰਿਵਾਰਾਂ ਦਾ ਅਤਿ ਮੁਸ਼ਕਿਲ ਨਾਲ ਗੁਜ਼ਾਰਾ ਕਰਨ ਵਾਲੇ ਟਰੱਕ ਡਰਾਇਵਰਾਂ ਜਾਂ ਟਰੱਕ ਮਾਲਕਾਂ ਦਾ ਕੋਈ ਰਤੀ ਭਰ ਵੀ ਦੋਸ਼ ਨਹੀਂ। ਇਸ ਲਈ ਹਿੰਦੂ ਜਥੇਬੰਦੀ ਸਿ਼ਵਸੈਨਾ ਜਾਂ ਹੋਰਨਾਂ ਕੱਟੜ ਸੋਚ ਵਾਲੀਆਂ ਜਥੇਬੰਦੀਆਂ ਵੱਲੋਂ ਅਮਰਨਾਥ ਯਾਤਰਾ ਨੂੰ ਲੈ ਕੇ ਟਰੱਕ ਡਰਾਇਵਰਾਂ ਨੂੰ ਰੋਕਣਾ ਜਾਂ ਟ੍ਰੈਫਿਕ ਵਿਚ ਵਿਘਨ ਪਾਉਂਦੇ ਹੋਏ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਮਹੌਲ ਨੂੰ ਗੰਧਲਾ ਕਰਨ ਵਿਚ ਨਾ ਤਾਂ ਕੋਈ ਦਲੀਲ ਹੈ ਅਤੇ ਨਾਂ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਟਰੱਕ ਡਰਾਇਵਰਾਂ ਨਾਲ ਅਜਿਹਾ ਜਬਰ ਜੁਲਮ ਹੋਣ ਦੇਵੇਗਾ। ਇਸ ਲਈ ਮੋਦੀ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਖਬਰਦਾਰ ਕਰਦਾ ਹੈ ਕਿ ਫਿਰਕੂ ਸੰਗਠਨਾਂ ਵੱਲੋਂ ਬਿਨ੍ਹਾਂ ਵਜ੍ਹਾ ਟਰੱਕ ਡਰਾਇਵਰਾਂ ਨੂੰ ਜਬਰੀ ਰੋਕਣ ਅਤੇ ਪੰਜਾਬ ਸੂਬੇ ਦੇ ਅਮਨ-ਚੈਨ ਨੂੰ ਭੰਗ ਕਰਨ ਦੀ ਬਿਲਕੁਲ ਇਜਾਜ਼ਤ ਨਾਂ ਦਿੱਤੀ ਜਾਵੇ ਤਾਂ ਬੇਹਤਰ ਹੋਵੇਗਾ। ਵਰਨਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖਾਲਸਾ ਦੀਆਂ ਜਥੇਬੰਦੀਆਂ ਆਪਣਾ ਅਗਲਾ ਐਕਸ਼ਨ ਪ੍ਰੌਗਰਾਮ ਉਲੀਕਣ ਲਈ ਮਜਬੀਰ ਹੋਣਗੇ। ਟਰੱਕ ਡਰਾਇਵਰ ਅਤੇ ਟਰੱਕ ਮਾਲਕ ਸਾਡੇ ਪੰਜਾਬੀ ਭਰਾ ਹਨ, ਜੋ ਆਪੋ ਆਪਣੇ ਪਰਿਵਾਰਾਂ ਦੀ ਮਾਲੀ ਹਾਲਤ ਨੂੰ ਬੇਹਤਰ ਬਣਾਉਣ ਲਈ ਮੇਹਨਤ ਕਰਦੇ ਹਨ। ਉਹਨਾਂ ਨੂੰ ਅਸੀਂ ਹੀ ਦਲੀਲ ਸਹਿਤ ਸਹਿਮਤ ਕਰਕੇ ਕੁਝ ਸਮੇਂ ਲਈ ਸਿੰਬੋਲਿਕ ਤੌਰ ‘ਤੇ (ਨਿਸ਼ਾਨੀ) ਅਜਿਹਾ ਕਰਨ ਲਈ ਸਹਿਮਤ ਕਰ ਸਕਦੇ ਹਾਂ। ਹੋਰ ਕੋਈ ਤਾਕਤ ਊਹਨਾਂ ਉਤੇ ਤਾਨਾਸ਼ਾਹੀ ਸੋਚ ਨੂੰ ਲਾਗੂ ਨਹੀਂ ਕਰ ਸਕੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਮੂ ਕਸ਼ਮੀਰ ਤੋਂ ਮਾਲ ਲੱਦ ਕੇ ਆ ਰਹੇ ਟਰੱਕ ਡਰਾਇਵਰਾਂ ਨੂੰ ਅਤੇ ਟਰੱਕਾਂ ਨੂੰ ਲੁਧਿਆਣਾ ਵਿਖੇ ਫਿਰਕੂ ਸੰਗਠਨ ਸਿ਼ਵਸੈਨਾ ਦੇ ਆਗੂਆਂ ਵੱਲੋਂ ਜਬਰੀ ਰੋਕਣ ਅਤੇ ਜੀ ਟੀ ਰੋਡ ਉਤੇ ਜਬਰੀ ਟ੍ਰੈਫਿਕ ਵਿਘਨ ਪਾਉਣ ਦੇ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਸੈਂਟਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਦੀ ਢਿੱਲੀ ਕਾਰਗੁਜ਼ਾਰੀ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਾਂ ਸੰਬੰਧਿਤ ਪੰਥਕ ਜਥੇਬੰਦੀਆਂ ਕਾਨੂੰਨੀਂ, ਸਮਾਜਿਕ ਅਤੇ ਇਖਲਾਕੀ ਕਦਰਾਂ ਕੀਮਤਾਂ ਦੇ ਕੱਟੜ ਪੈਰੋਕਾਰ ਹਨ। ਇਸ ਲਈ ਅਸੀਂ ਕਦੀ ਵੀ ਕਾਨੂੰਨੀਂ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਜਾਂ ਸਮਾਜਿਕ ਮਾਹੌਲ ਨੂੰ ਗੰਧਲਾ ਕਰਨ ਵਿਚ ਵਿਸ਼ਵਾਸ ਨਹੀਂ ਰੱਖਦੇ ਅਤੇ ਨਾਂ ਹੀ ਕਿਸੇ ਨੂੰ ਇਜਾਜ਼ਤ ਦਿੰਦੇ ਹਾਂ। ਜੇਕਰ ਕੁਝ ਸਮੇਂ ਲਈ ਨਿਸ਼ਾਨੀ ਵਜੋਂ ਕੋਈ ਅਜਿਹਾ ਅਮਲ ਕਰਨਾ ਪਵੇ ਤਾਂ ਅਸੀਂ ਸੰਬੰਧਤ ਕਾਰੋਬਾਰੀ ਅਤੇ ਮੇਹਨਤਕਸ਼ ਬਾਸਿ਼ੰਦਿਆਂ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਲਈ ਬਾਦਲੀਲ ਢੰਗ ਨਾਲ ਤਿਆਰ ਕਰਦੇ ਹਾਂ ਅਤੇ ਫਿਰ ਹੀ ਕੋਈ ਐਕਸ਼ਨ ਪ੍ਰੌਗਰਾਮ ਨੂੰ ਅਮਲੀ ਰੂਪ ਦਿੰਦੇ ਹਾਂ। ਇਸ ਲਈ ਹੀ ਸਾਡੇ ਅਜਿਹੇ ਕੀਤੇ ਜਾਣ ਵਾਲੇ ਪ੍ਰੌਗਰਾਮ ਪੂਰਨ ਸਫ਼ਲ ਵੀ ਹੁੰਦੇ ਹਨ ਅਤੇ ਜਿਸ ਮਕਸਦ ਲਈ ਅਜਿਹਾ ਕੀਤਾ ਜਾਂਦਾ ਹੈ, ਉਸਨੂੰ ਵੀ ਪ੍ਰਾਪਤ ਕਰਦੇ ਹਾਂ। ਸ.ਮਾਨ ਨੇ ਉਹਨਾਂ ਫਿਰਕੂ ਸੰਗਠਨਾਂ ਜਿਹਨਾਂ ਵੱਲੋਂ ਟਰੱਕ ਡਰਾਇਵਰਾਂ ਨੂੰ ਜਬਰੀ ਰੋਕਿਆ ਗਿਆ ਹੈ ਅਤੇ ਜਿਹਨਾਂ ਨੂੰ ਮੋਦੀ ਅਤੇ ਬਾਦਲ ਹਕੂਮਤ ਦੀ ਚੁੱਪ-ਚਪੀਤੇ ਸਰਪ੍ਰਸਤੀ ਹਾਸਿਲ ਹੈ ਨੂੰ ਪੰਜਾਬ ਵਿਚ ਜਾਂ ਕਿਸੇ ਹੋਰ ਸਥਾਨ ‘ਤੇ ਅਜਿਹਾ ਗੰਧਲਾ ਮਹੌਲ ਬਣਾਉਣ ਲਈ ਖਬਰਦਾਰ ਵੀ ਕਰਦੇ ਹਾਂ ਅਤੇ ਉਸਦੇ ਮਾਰੂ ਨਤੀਜਿਆਂ ਲਈ ਇਹਨਾਂ ਸ਼ਕਤੀਆਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਵੇਗਾ। ਜਿਸ ਤੋਂ ਉਹ ਨਹੀਂ ਬਚ ਸਕਣਗੇ। ਇਸ ਲਈ ਸ. ਮਾਨ ਨੇ ਉਮਦੀ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੋਈ ਐਕਸਨ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਵੇ, ਉਸ ਤੋਂ ਪਹਿਲੇ ਮੋਦੀ ਅਤੇ ਪੰਜਾਬ ਦੀ ਬਾਦਲ ਹਕੂਮਤ ਸਿ਼ਵਸੈਨਾ ਵਰਗੇ ਫਿਰਕੂ ਸੰਗਠਨਾਂ ਨੂੰ ਸਹੀ ਸਮੇਂ ‘ਤੇ ਦ੍ਰਿੜ੍ਹਤਾ ਨਾਲ ਨੱਥ ਪਾਵੇ ਅਤੇ ਪੰਜਾਬ ਦੇ ਮਹੌਲ ਨੂੰ ਅਮਨਮਈ ਰੱਖਣ ਦੀ ਜਿੰਮੇਵਾਰੀ ਨਿਭਾਵੇ।