ਮੁੰਬਈ- ਰਾਸ਼ਟਰੀ ਅਨੁਸੂਚਿਤ ਜਾਤੀ, ਜਨਜਾਤੀ ਕਮਿਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਨੈਤਿਕ ਆਧਾਰ ‘ਤੇ ਅਸਤੀਫ਼ਾ ਦੇਣ ਦੀ ਇੱਛਾ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਬੂਟਾ ਸਿੰਘ ਨੇ ਕਿਹਾ ਕਿ ਮੇਰੀ ਨੈਤਿਕਤਾ ਮੇਰਾ ਫਰਜ਼ਾ ਹੈ ਅਤੇ ਕਮਿਸ਼ਨ ਦੇ ਪ੍ਰਧਾਨ ਵਜੋਂ ਮੈਂ ਉਸਨੂੰ ਨਿਭਾਇਆ ਹੈ। ਆਪਣੇ ਫਰਜ਼ ਲਈ ਮੈਂ ਜਾਨ ਵੀ ਦੇ ਸਕਦਾ ਹਾਂ। ਪਾਰਟੀ ਵਜੋਂ ਕਹੇ ਜਾਣ ‘ਤੇ ਅਸਤੀਫ਼ਾ ਦੇਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਉਹ ਆਲਾ ਕਮਾਨ ਦੇ ਸੁਝਾਵਾਂ ਨੂੰ ਮੰਨਦੇ ਹੋਏ ਆਪਣਾ ਫਰਜ਼ ਪੂਰੀ ਤਰ੍ਹਾਂ ਨਿਭਾਉਣਗੇ। ਜਦੋਂ ਉਨ੍ਹਾਂ ਪਾਸੋਂ ਸਾਜਿ਼ਸ਼ ਘਾੜਿਆਂ ਦਾ ਨਾਮ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਨਾਮ ਕਿਉਂ ਦਸਾਂ? ਮੈਂ ਉਸ ਸਾਜਿਸ਼ਕਰਤਾ ਨੂੰ ਜਾਣਦਾ ਹਾਂ, ਉਹ ਇਕ ਸਿਆਸੀ ਪਾਰਟੀ ਦੇ ਕਾਫ਼ੀ ਨਜ਼ਦੀਕ ਹੈ। ਇਸ ਵਧੇਰੇ ਅਜੇ ਮੈਂ ਕੁਝ ਨਹੀਂ ਕਹਾਂਗਾ। ਸਹੀ ਸਮਾਂ ਆਉਣ ‘ਤੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਜ਼ਰੂਰ ਕਰਾਂਗਾ।
ਇਥੋਂ ਤੱਕ ਕਿ ਉਨ੍ਹਾਂ ਦੇ ਰਿਸ਼ਤੇਦਾਰ ਵੀ ਸੀਬੀਆਈ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ। ਸੀਬੀਆਈ ਬੂਟਾ ਸਿੰਘ ਦੇ ਬੇਟੇ ਸਰਬਜੋਤ ਸਿੰਘ ਦੇ ਸਹੁਰੇ ਤੋਂ ਪੁੱਛਗਿੱਛ ਕਰ ਸਕਦੀ ਹੈ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਸਰਬਜੋਤ ਸਿੰਘ ਦੇ ਸਹੁਰੇ ਦੇ ਮੋਬਾਈਲ ਫੋਨ ਤੋਂ ਵੀ ਕਥਿਤ ਹਵਾਲਾ ਕਾਰੋਬਾਰੀਆਂ ਨੂੰ ਫੋਨ ਕੀਤੇ ਗਏ ਹਨ। ਜਾਂਇੰਟ ਡਾਇਰੈਕਟਰ ਰਿਸ਼ੀਰਾਜ ਸਿੰਘ ਨੇ ਦਸਿਆ ਕਿ ਅਸੀਂ ਸਰਬਜੋਤ ਸਿੰਘ ਦੇ ਸਹੁਰੇ ਪਾਸੋਂ ਵੀ ਪੁੱਛਗਿੱਛ ਕਰ ਸਕਦੇ ਹਾਂ, ਕਿਉਂਕਿ ਜਾਂਚ ਤੋਂ ਪਤਾ ਚਲਿਆ ਹੈ ਕਿ ਸਰਬਜੋਤ ਸਿੰਘ ਨੇ ਹਵਾਲਾ ਕਾਰੋਬਾਰ ਕਰਨ ਵਾਲਿਆਂ ਅਤੇ ਹੋਰਨਾਂ ਆਰੋਪੀਆਂ ਨੂੰ ਫੋਨ ਕਰਨ ਲਈ ਆਪਣੇ ਸਹੁਰੇ ਦੇ ਮੋਬਾਈਲ ਫੋਨ ਦੀ ਵਰਤੋਂ ਕੀਤੀ ਸੀ। ਇਸੇ ਦੌਰਾਨ ਸੀਬੀਆਈ ਨੇ ਮੁੰਬਈ ਵਿਚ ਕਥਿਤ ਹਵਾਲਾ ਕਾਰੋਬਾਰ ਕਰਨ ਵਾਲੇ ਮਦਨ ਸੋਲੰਕੀ ਅਤੇ ਦੁੱਖ ਸਿੰਘ ਚੌਹਾਨ ਨਾਲ ਜੁੜੀਆਂ ਪੰਜ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ। ਸਰਬਜੋਤ ਸਿੰਘ ਨਾਲ ਜੁੜੇ ਰਿਸ਼ਵਤਖੋਰੀ ਦੇ ਮਾਮਲੇ ਵਿਚ ਆਰੋਪੀ ਚੌਹਾਨ ਅਜੇ ਫਰਾਰ ਹਨ। ਇਨ੍ਹਾਂ ਦੁਕਾਨਾਂ ਤੋਂ ਬਰਾਮਦ ਸਮਗਰੀ ਜਾਂਚ ਲਈ ਭੇਜ ਦਿੱਤੀ ਗਈ ਹੈ। ਚੌਹਾਨ ਨੂੰ ਪਹਿਲਾਂ ਵੀ ਗੈ਼ਰਕਾਨੂੰਨੀ ਸਰਗਰਮੀਆਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਕੰਜਰਵੇਸ਼ਨ ਆਫ਼ ਫਾਰੇਨ ਐਕਸਚੇਂਜ ਐਂਡ ਪ੍ਰੀਵੈਨਸ਼ਨ ਆਫ਼ ਸਮਗਲਿੰਗ ਐਕਟੇਵੀਟੀਜ਼ ਐਕਟ ( ਕੋਫੇਪੋਸਾ) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਹ 1995 ਤੋਂ 2000 ਵਿਚਕਾਰ ਇਕ ਸਾਲ ਤੋਂ ਵਧੇਰੇ ਸਮੇਂ ਤੱਕ ਜੇਲ੍ਹ ਵਿਚ ਰਿਹਾ ਸੀ। ਇਸਦੇ ਨਾਲ ਹੀ ਬੰਗਲੂਰੂ ਵਿਚ ਸੀਬੀਆਈ ਦੀ ਇਕ ਟੀਮ ਤੀਜੇ ਕਥਿਤ ਹਵਾਲਾ ਕਾਰੋਬਾਰੀ ਸ਼ਾਮ ਲਾਲ ਚੌਧਰੀ ਦੀ ਤਲਾਸ਼ ਵਿਚ ਹੈ ਜਿਹੜੀ ਚੌਹਾਨ ਤੋਂ ਪੈਸਾ ਹਾਸਲ ਕਰਕੇ ਉਸਨੂੰ ਦਿੱਲੀ ਵਚਿ ਸਰਬਜੋਤ ਸਿੰਘ ਉਰਫ਼ ਸਵੀਟੀ ਨੂੰ ਟਰਾਂਸਫਰ ਕਰਨ ਵਾਲੀ ਸੀ। ਸਰਬਜੋਤ ਸਿੰਘ ਨੂੰ ਸੀਬੀਆਈ ਨੇ ਪਿਛਲੇ 31 ਜੁਲਾਈ ਨੂੰਂ ਗ੍ਰਿਫਤਾਰ ਕੀਤਾ ਸੀ। ਉਸ ‘ਤੇ ਨਾਸਿਕ ਦੇ ਇਕ ਠੇਕੇਦਾਰ ਰਾਮਾਰਾਵ ਪਾਟਿਲ ਤੋਂ ਬੂਟਾ ਸਿੰਘ ਦੀ ਪ੍ਰਧਾਨਗੀ ਵਾਲੇ ਕਮਿਸ਼ਨ ਵਿਚ ਚਲ ਰਹੇ ਮਾਮਲੇ ਨੂੰ ਬੰਦ ਕਰਾਉਣ ਲਈ ਇਕ ਕਰੋੜ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਹੈ।
ਜਿ਼ਕਰਯੋਗ ਹੈ ਹੈ ਕਿ ਇਸ ਮਾਮਲੇ ਵਿਚ ਇਕ ਦਲਾਲ ਅਤੇ ਦੋ ਹਵਾਲਾ ਕਾਰੋਬਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਸੀ ਕਿ ਉਹ ਸਰਬਜੋਤ ਸਿੰਘ ਦੇ ਲਈ ਕੰਮ ਕਰਦੇ ਸਨ। ਸੂਤਰਾਂ ਮੁਤਾਬਕ ਦਲਾਲ ਨੇ ਜਾਂਚ ਏਜੰਸੀ ਨੂੰ ਕਿਹਾ ਕਿ ਬੂਟਾ ਸਿੰਘ ਨੂੰ ਵੀ ਇਸਦੀ ਜਾਣਕਾਰੀ ਸੀ। ਹਾਲਾਂਕਿ ਬੂਟਾ ਸਿੰਘ ਨੇ ਇਸ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਹੈ। ਸੀਬੀਆਈ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹ ਬੂਟਾ ਸਿੰਘ ਤੋਂ ਵੀ ਪੁੱਛਗਿੱਛ ਕਰਨਗੇ।
ਇਥੇ ਇਹ ਵੀ ਜਿ਼ਕਰਯੋਗ ਹੈ ਕਿ ਬੂਟਾ ਸਿੰਘ ਨੇ ਇਲਜ਼ਾਮ ਲਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਦੀ ਗ੍ਰਿਫਤਾਰੀ ਦੇ ਜ਼ਰੀਏ ਉਨ੍ਹਾਂ ਨੂੰ ਰਾਜਨੀਤਕ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ ਬੇਟੇ ਸਰਬਜੋਤ ਸਿੰਘ ਉਰਫ਼ ਸਵੀਟੀ ਦੀ ਗ੍ਰਿਫਤਾਰੀ ਨੂੰ ਸਿਆਸੀ ਰੰਗਤ ਦੇਣ ਵਿਚ ਰੁੱਝੇ ਬੂਟਾ ਸਿੰਘ ਨੇ ਕਿਸੇ ਸਿਆਸੀ ਪਾਰਟੀ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਗੱਲ ਉਨ੍ਹਾਂ ਨੇ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਨਮੁੱਖ ਆਪਣਾ ਪੱਖ ਪੇਸ਼ ਕਰਦੇ ਹੋਏ ਕਹੀ। ਸਰਬਜੋਤ ਸਿੰਘ ਪਾਸੋਂ ਪਿਸਤੌਲ ਮਿਲਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਉਹ ਸ਼ੂਟਿੰਗ ਚੈਂਪੀਅਨ ਰਿਹਾ ਹੈ ਅਤੇ ਸਾਰੀਆਂ ਪਿਸਤੌਲਾਂ ਲਾਇਸੰਸੀ ਹਨ। ਪਰ ਲਾਇਸੰਸ ਕਿਥੇ ਹਨ ਇਸ ਬਾਰੇ ਤਾਂ ਸਰਬਜੋਤ ਸਿੰਘ ਹੀ ਦਸ ਸਕਦਾ ਹੈ।
ਫਰਜ਼ ਲਈ ਜਾਨ ਦੇ ਸਕਦਾ ਹਾਂ-ਬੂਟਾ ਸਿੰਘ
This entry was posted in ਭਾਰਤ.