ਜਿਉਂ ਜਿਉਂ ਮੁਖਤਿਆਰ ਦੇ ਬੱਚੇ ਵੱਡੇ ਹੋ ਰਹੇ ਸਨ, ਨਾਲ ਹੀ ਉਹ ਆਪ ਵੀ ਸਿਆਣਾ ਹੋ ਰਿਹਾ ਸੀ। ਉਸ ਦੀਆਂ ਪਹਿਲੇ ਵਾਲੀਆਂ ਆਦਤਾ ਕਾਫ਼ੀ ਸੁਧਰ ਗਈਆਂ ਸਨ। ਉਹ ਆਪਣੇ ਬਾਪ ਨਾਲ ਕੰਮ-ਧੰਧਾ ਕਰਾਉਣ ਲੱਗ ਪਿਆ। ਐਤਕੀਂ ਹਾੜੀ ਦੀ ਫਸਲ ਸਾਰੇ ਪਿੰਡ ਵਿਚੋਂ ਸੁਹਣੀ ਹੋਈ ਦੇਖ ਕੇ ਘਰ ਵਿਚ ਸਲਾਹ ਕਰਨ ਲੱਗਾ, “ਭਾਪਾ ਜੀ, ਮੈਂ ਸੋਚਦਾਂ ਆਪਾਂ ਐਤਕੀਂ ਟਰੈਕਟਰ ਨਾ ਲੈ ਲਈਏ, ਤਹਾਨੂੰ ਵੀ ਮੌਜ ਹੋ ਜਾਊ, ਹਲ੍ਹ ਤਾਂ ਤਹਾਨੂੰ ਹੀ ਚਲਾਉਣਾ ਪੈਂਦਾ ਹੈ। ਮੈਂ ਤਾਂ ਘੱਟ- ਵੱਧ ਹੀ ਜੋੜਦਾ ਹਾਂ।” ਫਿਰ ਆਪਣੀ ਬੀਬੀ ਵੱਲ ਦੇਖ ਕੇ ਕਹਿਣ ਲੱਗਾ, “ਟਰੈਕਟਰ ਨਾਲ ਮੈਂ ਆਲੇ- ਦੁਆਲੇ ਪਿੰਡਾ ਦੀ ਜ਼ਮੀਨ ਵੀ ਵਾਹ ਲਿਆ ਕਰੂੰਗਾ, ਜਿਸ ਨਾਲ ਆਮਦਨ ਵੀ ਵਧੇਗੀ। ”
ਸੁਰਜੀਤ ਨੂੰ ਵੀ ਮੁਖਤਿਆਰ ਦੀ ਸਲਾਹ ਚੰਗੀ ਲੱਗੀ ਤਾਂ ੳੇੁਸ ਨੇ ਵੀ ਹਾਂ ਪੱਖੀ ਹੁੰਘਾਰਾ ਭਰਿਆ,
“ਇਸ ਤਰ੍ਹਾਂ ਟਰੈਕਟਰ ਦੀ ਕਿਸ਼ਤ ਦੇਣੀ ਵੀ ਅਸਾਨ ਹੋ ਜਾਵੇਗੀ।”
ਇੰਦਰ ਸਿੰਘ ਆਪਣੀ ਨੂੰਹ ਨੂੰ ਧੀ ਵਾਂਗ ਹੀ ਸਮਝਦਾ ਸੀ। ਉਸ ਨੇ ਕਦੀ ਉਸ ਨਾਲ ਫ਼ਰਕ ਨਹੀਂ ਸੀ ਪਾਇਆ। ਕਿਉਂਕਿ ਉਹ ਜਾਣਦਾ ਸੀ ਕਿ ਸੁਰਜੀਤ ਸਿਆਣੀ ਅਤੇ ਪੜ੍ਹੀ ਲਿਖੀ ਕੁੜੀ ਹੈ। ਇਹ ਸੋਚ ਕੇ ਹਰਨਾਮ ਕੌਰ ਨੂੰ ਕਹਿਣ ਲੱਗਾ,
“ਮੈ ਸੋਚਦਾਂ ਪਈ ਨਿਆਣੇ ਠੀਕ ਹੀ ਆਂਹਦੇ ਨੇ, ਕਿਉਂ ਨਾ ਆਪਾਂ ਔਖੇ- ਸੌਖੇ ਹੋ ਕੇ ਟਰੈਕਟਰ ਲੈ ਹੀ ਲਈਏ।”
“ਜੇ ਤਾਂ ਤੁਸੀ ਪਿਉ ਪੁੱਤ ਨੇ ਰਲ੍ਹ ਕੇ ਕੰਮ ਕਰਨਾ, ਤਾਂ ਠੀਕ ਆ। ਪਰ ਜੇ ਨਿਆਣਿਆਂ ਵਾਂਗੂ ਆਪਸ ਵਿਚ ਹੀ ਫਸੀ ਜਾਣਾ ਤਾਂ ਟਰੈਕਟਰ ਤੋਂ ਬਗੈਰ ਹੀ ਚੰਗੇ ਹਾਂ।” ਹਰਨਾਮ ਕੋਰ ਨੇ ਆਪਣੇ ਦਿਲ ਦੀ ਗੱਲ ਕਹਿ ਦਿੱਤੀ।
“ਬੀਬੀ, ਤੂੰ ਇਸ ਗੱਲ ਦੀ ਚਿੰਤਾ ਨਾ ਕਰ, ਜੇ ਮੈਂ ਤੇ ਭਾਪਾ ਲੜ ਵੀ ਪਈਏ ਤਾਂ ਅੱਧੇ ਘੰਟੇ ਬਾਅਦ ਫਿਰ ਉਸ ਤਰ੍ਹਾਂ ਦੇ ਹੁੰਦੇ ਹਾਂ।”
ਇਸ ਤਰ੍ਹਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ੳਦੋਂ ਹੀ ਬੇਲੀ ਆ ਗਿਆ, ਆਉਂਦਾ ਹੀ ਬੋਲਿਆ, “ਪਾਰ ਵਾਲੀ ਮੋਟਰ ਪਾਣੀ ਹੀ ਨਹੀ ਚੱਕਦੀ।”
“ਦਾਦੇ ਮੰਗਾਉਣਾ ਮੀਂਹ ਵੀ ਕਿਹੜਾ ਪੈਂਦਾ, ਮੋਟਰਾਂ ਵਿਚਾਰੀਆਂ ਵੀ ਕੀ ਕਰਨ।” ਬੇਲੀ ਨੂੰ ਸਟੀਲ ਦੇ ਗਿਲਾਸ ਵਿਚ ਚਾਹ ਪਾਉਂਦੀ ਹਰਨਾਮ ਕੌਰ ਬੋਲੀ।
“ਪਾਣੀ ਪਾ ਕੇ ਦੇਖਣਾ ਸੀ।” ਮੁਖਤਿਆਰ ਨੇ ਕਿਹਾ, ” ਕਈ ਵਾਰੀ ਪਾਣੀ ਪਾਉਂਣ ਨਾਲ ਮੋਟਰ ਝੱਟ ਪਾਣੀ ਚੁੱਕ ਲੈਂਦੀ ਆ।”
“ਤੂੰ ਮਹਿੰਗੇ ਦੇ ਘਰ ਵੱਲ ਜਾ।” ਇੰਦਰ ਸਿੰਘ ਨੇ ਮੁਖਤਿਆਰ ਨੂੰ ਕਿਹਾ,
“ਜੇ ਉਹ ਘਰ ਹੋਵੇ ਤਾਂ ਨਵਾ ਬੋਰ ਹੀ ਕਰਾ ਲਈਏ, ਰੋਜ਼ ਦਾ ਜੱਭ ਜਿਹਾ ਮਕਾਈਏ।”
“ਜੱਟਾਂ ਨੇ ਟਰੈਕਟਰ ਕੀ ਲੈਣੇ ਆ, ਆਹ ਵਾਧੂ ਦੇ ਖਰਚੇ ਹੀ ਨਹੀ ਮੁੱਕਦੇ।” ਹਰਨਾਮ ਕੋਰ ਨੇ ਨਵੇਂ ਖਰਚ ਦਾ ਫਿਕਰ ਕੀਤਾ।
“ਮੁਖਤਿਆਰ ਦੀ ਮਾਂ, ਤੂੰ ਖਰਚ ਦਾ ਹੁਣ ਫਿਕਰ ਨਾ ਕਰਿਆ ਕਰ। ਜਦੋਂ ਦਾ ਮੁਖਤਿਆਰ ਮੇਰੀ ਮੱਦਦ ਕਰਾਉਣ ਲੱਗ ਪਿਆ ਹੈ, ਫਸਲ ਦੁੱਗਣੀ ਹੋਣ ਲੱਗ ਪਈ ਆ।” ਇੰਦਰ ਸਿੰਘ ਨੇ ਹਰਨਾਮ ਕੌਰ ਨੂੰ ਹੌਂਸਲਾ ਦਿੱਤਾ।
ਵਿਚੋਂ ਹੀ ਸੁਰਜੀਤ ਬੋਲੀ, ” ਭਾਪਾ ਜੀ, ਕੱਲ ਨੂੰ ਬਲਬੀਰ ਦੀ ਕੁੜਮਾਈ ਕਰਨ ਜਾਣਾ ਹੈ। ਤਾਈ ਕਹਿੰਦੀ ਸੀ ਪਈ ਤੁਸੀਂ ਤਿਆਰ ਰਿਹੋ।”
“ਕੁੜੇ, ਗਿਆਨ ਕੌਰ ਨੇ ਤੈਨੂੰ ਕਦੋਂ ਕਹਿ ਦਿੱਤਾ।” ਹਰਨਾਮ ਕੌਰ ਨੇ ਹੈਰਾਨੀ ਨਾਲ ਪੁੱਛਿਆ। “ਮੇਰੇ ਕੋਲ ਤਾਂ ਉਸ ਨੇ ਗੱਲ ਨਹੀਂ ਕੀਤੀ।”
ਉਦੋਂ ਤੁਸੀਂ ਖੂਹ ਤੇ ਰੋਟੀ ਲੈ ਕੇ ਗਏ ਹੋਏ ਸੀ।”
“ਗਿਆਨ ਕੌਰ ਦੀ ਮੱਤ ਨੂੰ ਕੀ ਹੋ ਗਿਆ, ਪਹਿਲਾਂ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ।”
“ਹਰਨਾਮ ਕੌਰੇ, ਤੂੰ ਵੀ ਪਾਣੀ ਵਿਚ ਮਧਾਣੀ ਪਾ ਕੇ ਬੈਠ ਜਾਂਨੀ ਆਂ, ਕੋਈ ਨਾ ਪੁੱਤ, ਤੂੰ ਮੇਰਾ ਨਵਾਂ ਕੁੜਤਾ ਪਜਾਮਾ ਪਰੈਸ ਕਰ ਦੇਵੀਂ। ਧੀ ਧਿਆਣੀ ਦਾ ਕਾਰਜ ਸਿਰੇ ਚੜ੍ਹੇ।”
“ਮੁੰਡੇ ਨੂੰ ਸ਼ਗਨ ਵੇਲੇ ਘਰਦਿਆਂ ਨੂੰ ਦੇਖ ਕੇ ਹੀ ਪੈਸੇ ਪਾਇਉ।” ਹਰਨਾਮ ਕੌਰ ਨੇ ਇੰਦਰ ਸਿੰਘ ਨੂੰ ਸਮਝਾਉਂਦਿਆਂ ਕਿਹਾ, “ਨਹੀਂ ਤਾਂ ਦਸ ਰੁਪਏ ਬਹੁਤ ਆ।”
“ਕੋਈ ਨਹੀਂ ਮੈਂ ਪੰਜ ਪਾ ਦੰਊ, ਤੂੰ ਖੁਸ਼ ਰਹਿ। ਪਰ ਹਰਨਾਮ ਕੌਰੇ ਧੀਆਂ ਦੇ ਕਾਰਜ ਕਰਨ ਲੱਗਿਆਂ ਪੈਸਿਆਂ ਦੀ ਕਜੂੰਸੀ ਨਹੀਂ ਕਰੀਦੀ। ਇਹ ਤਾਂ ਇਕ ਤਰ੍ਹਾਂ ਦਾ ਪੁੰਨ ਹੁੰਦਾ ਹੈ।”
ਹਰਨਾਮ ਕੌਰ ਨੇ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਚਿੰਤਾ ਕਰਦੀ ਬੋਲੀ, ”
ਮੁਖਤਿਆਰ ਝੋਨੇ ਦੀ ਟਰਾਲੀ ਸੁੱਟਣ ਗਿਆ ਮੁੜਿਆ ਹੀ ਨਹੀ ਅਜੇ।”
ਵਾਰੀ ਹੀ ਨਹੀਂ ਆਈ ਹੋਣੀ, ਪਹਿਲਾ ਜ਼ਿਮੀਂਦਾਰ ਨੂੰ ਫਸਲ ਨੂੰ ਪਾਲਣ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ, ਫਿਰ ਫਸਲ ਵੇਚਣ ਲਈ ਸਾਰੀ ਸਾਰੀ ਰਾਤ ਮੰਡੀਆਂ ਵਿਚ ਰੁਲਣਾ ਪੈਂਦਾ ਹੈ।” ਇੰਦਰ ਸਿੰਘ ਨੇ ਕਿਸਾਨਾ ਦੇ ਜੀਵਨ ਬਾਰੇ ਵਿਚਾਰ ਦੇਂਦਿਆਂ ਬੋਲਿਆ, “ਫਿਰ ਭਾਅ ਵੀ ਠੀਕ ਨਹੀਂ ਮਿਲਦਾ। ”
“ਅਮਰੀਕਾ ਵਾਲਾ ਸੁਰਜੀਤ ਦੀ ਭੂਆ ਦਾ ਪੁੱਤ ਦੱਸਦਾ ਸੀ, ਪਈ ਬਾਹਰਲੇ ਮੁਲਕਾਂ ਵਿਚ ਏਦਾਂ ਨਹੀ ਹੁੰਦਾ।” ਹਰਨਾਮ ਕੌਰ ਨੂੰ ੳਦੋਂ ਦੀ ਗੱਲ ਚੇਤੇ ਆ ਗਈ ਜਦੋਂ ਭਿੰਦਰ ਅਮਰੀਕਾ ਤੋਂ ਆਇਆ ਇਹਨਾਂ ਨੂੰ ਦੱਸ ਗਿਆ ਸੀ ਕਿ ੳਥੋਂ ਦੇ ਕਿਸਾਨ ਤਾਂ ਬਹੁਤ ਹੀ ਖੁਸ਼ਹਾਲ ਜਿੰਦਗੀ ਜਿਉਂਦੇ ਹਨ।
“ਆਹੋ, ਉਹ ਠੀਕ ਹੀ ਕਹਿੰਦਾ ਸੀ। ਇੰਦਰ ਸਿੰਘ ਆਪਣੇ ਸਿਰ ਉ¤ਪਰ ਪਰਨਾ ਲਿਪੇਟਦਾ ਹੋਇਆ ਬੋਲਿਆ, “ਸਾਡੀਆਂ ਸਰਕਾਰਾਂ ਤਾਂ ਸਾਡੇ ਕੋਲੋ ਕੋਡੀਆਂ ਦੇ ਭਾਅ ਫਸਲ ਖਰੀਦ ਕੇ ਸੋਨੇ ਦੇ ਭਾਅ ਬਾਹਰਲੇ ਮੁਲਖਾਂ ਵਿਚ ਵੇਚਦੀਆਂ ਹਨ। ਅੱਛਾ ਚਲੋ, ਸਰਕਾਰਾਂ ਦੀ ਮਰਜ਼ੀ। ਮੈਂ ਜਰਾ ਖੂਹ ਵੱਲ ਗੇੜਾ ਮਾਰ ਕੇ ਆਇਆ।”