ਨਵੀਂ ਦਿੱਲੀ : ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਭੇਟਾ ਰਹਿਤ ਈ-ਰਿਕਸ਼ਾ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸੇਵਾ ਦਾ ਮਕਸਦ ਭੁੱਖੇ ਨੂੰ ਲੰਗਰ ਅਤੇ ਯਾਤਰੂ ਨੂੰ ਰਿਹਾਇਸ਼ ਦੇਣਾ ਦੱਸਿਆ ਜਾ ਰਿਹਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਖੁਦ ਰਿਕਸ਼ਾ ਦੀ ਸਵਾਰੀ ਕਰਕੇ ਇਸ ਸੇਵਾ ਨੂੰ ਸ਼ੁਰੂ ਕੀਤਾ। ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਅਤੇ ਗੁਰਦੁਆਰਾ ਦਮਦਮਾ ਸਾਹਿਬ ਸਬ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਮੌਜੂਦ ਸਨ।
ਜੀ. ਕੇ. ਨੇ ਕਿਹਾ ਕਿ ਰਿਕਸ਼ਾ ਸੇਵਾ ਨਾਲ ਜਿਥੇ ਗੁਰਦੁਆਰਾ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਪੁੱਜਣ ਵਾਲੀ ਸੰਗਤਾਂ ਦੀ ਆਮਦ ਵਿਚ ਵਾਧਾ ਹੋਵੇਗਾ ਉਥੇ ਹੀ ਯਾਤਰੀਆਂ ਲਈ ਲੰਗਰ ਅਤੇ ਰਿਹਾਇਸ਼ ਦੇ ਕਮੇਟੀ ਵੱਲੋਂ ਕੀਤੇ ਗਏ ਵਿਸ਼ੇਸ਼ ਪ੍ਰਬੰਧ ਸਦਕਾ ਗੁਰੂ ਘਰ ਦੀ ਰਿਵਾਇਤੀ ਸੇਵਾ ਦੇ ਸਿਧਾਂਤ ਦੀ ਵੀ ਪ੍ਰੋੜਤਾ ਹੋਵੇਗੀ। ਆਪਣੀ ਗੱਲ ਨੂੰ ਸਾਫ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਰੇਲ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਆਪਣੀ ਅੱਗਲੀ ਯਾਤਰਾ ਤੇ ਰਵਾਨਾ ਹੋਣ ਵਾਸਤੇ 8 ਤੋਂ 12 ਘੰਟੇ ਦਾ ਲੰਬਾ ਇੰਤਜਾਰ ਕਰਨਾ ਪੈਂਦਾ ਹੈ ਜਿਸ ਕਰਕੇ ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਨੂੰ ਨਿਜਾਮੂੱਦੀਨ ਸਟੇਸ਼ਨ ਤੇ ਉਡੀਕ ਕਰਨ ਵਾਲੇ ਯਾਤਰੀਆਂ ਦੀ ਸਹੂਲੀਅਤ ਲਈ ਵਰਤਣ ਦਾ ਫੈਸਲਾ ਲਿਆ ਗਿਆ ਹੈ। ਜੀ. ਕੇ. ਨੇ ਦੱਸਿਆ ਕਿ ਨਿਜਾਮੂੱਦੀਨ ਸਟੇਸ਼ਨ ਤੇ ਰੋਜ਼ਾਨਾ ਸੈਂਕੜੇ ਰੇਲਗੱਡੀਆਂ ਅਤੇ ਹਜਾਰਾ ਯਾਤਰੂ ਇੱਥੇ ਆਉਂਦੇ ਤੇ ਜਾਂਦੇ ਹਨ।
ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਦੇ ਨਾਲ ਮੁਲਾਕਾਤ ਦੇ ਪ੍ਰਤੀਕ ਇਸ ਸਥਾਨ ਦੇ ਦਰਸ਼ਨ ਯਾਤਰੀਆਂ ਨੂੰ ਕਰਾਉਣ ਵਾਸਤੇ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਸੇਵਾ ਦੇ ਢੰਗ ਤਰੀਕਿਆਂ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਟੇਸ਼ਨ ਤੇ ਇੱਕ ਬੋਰਡ ਰਿਕਸ਼ਾ ਡਰਾਈਵਰ ਦੇ ਫੋਨ ਨੰਬਰ ਦੀ ਜਾਣਕਾਰੀ ਦੇਣ ਲਈ ਲਗਾਇਆ ਗਿਆ ਹੈ ਅਤੇ ਫਿਲਹਾਲ ਸ਼ੁਰੂਆਤੀ ਤੌਰ ਤੇ 2 ਰਿਕਸ਼ਾ ਚਲਣਗੇ। ਜਿਸ ਵਿਚ ਇੱਕ ਰਿਕਸ਼ਾ ਨਿਜਾਮੂੱਦੀਨ ਸਟੇਸ਼ਨ ਅਤੇ ਦੂਜਾ ਨਿਜਾਮੂੱਦੀਨ ਗੋਲ ਚੱਕਰ ਤੇ ਪੱਕੇ ਤੌਰ ਤੇ ਖੜਾ ਹੋਵੇਗਾ। ਜੀ. ਕੇ. ਨੇ ਲੋੜ ਪੈਣ ਤੇ ਰਿਕਸ਼ਾ ਸੇਵਾ ਦੇ ਵਿਸਤਾਰ ਕਰਨ ਦਾ ਵੀ ਇਸ਼ਾਰਾ ਕੀਤਾ। ਇਸ ਮੌਕੇ ਸਬ ਕਮੇਟੀ ਦੇ ਅਹੁਦੇਦਾਰ ਸਰਬਪ੍ਰੀਤ ਸਿੰਘ ਥਾਪਰ ਤੇ ਮਹਿੰਦਰ ਪਾਲ ਸਿੰਘ ਗਾਂਧੀ ਅਤੇ ਸੇਵਕ ਪਰਿਵਾਰ ਵੱਲੋਂ ਐਚ. ਐਸ. ਆਹਲੂਵਾਲਿਆ ਮੌਜੂਦ ਸਨ।