ਨਵੀਂ ਦਿੱਲੀ : ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿਚ ਗੁਰਮਤਿ ਅਧਾਰਿਤ ਪ੍ਰੋਗਰਾਮਾਂ ਰਾਹੀਂ ਮਨਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਵੀਂ ਪਨੀਰੀ ਨੂੰ ਵਿਰਸੇ ਨਾਲ ਜੋੜਨ ਲਈ ਸਕੂਲਾਂ ਵਿਚ ਗੁਰਮਤਿ ਸਮਾਗਮਾਂ ਦੇ ਆਯੋਜਨ ਨੂੰ ਜਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਗੁਰਮਤਿ ਸਮਾਗਮ ਰਾਹੀਂ ਜਿਥੇ ਸਕੂਲੀ ਬੱਚੇ ਆਪਣੇ ਧਰਮ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ ਉਥੇ ਹੀ ਚੰਗੇ ਗੁਣਾਂ ਦਾ ਵੀ ਬੱਚਿਆਂ ਵਿਚ ਸੰਚਾਰ ਹੁੰਦਾ ਹੈ। ਸਕੂਲਾਂ ਦੀ ਸਥਾਪਨਾ ਦੇ ਪਿੱਛੇ ਉਦੇਸ਼ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਪੰਥਕ ਸਿੱਖਿਆ ਨੂੰ ਭਵਿੱਖ ਦੀ ਉਸਾਰੂ ਸਿੱਖੀ ਲਈ ਪਹਿਲਾ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਖਾਲਸਾ ਸਕੂਲਾਂ ਤੋਂ ਪੜ੍ਹਾਈ ਕਰਕੇ ਸਮਾਜ ਵਿਚ ਆਏ ਬੱਚੇ ਜਿੱਥੇ ਸਿੱਖ ਧਰਮ ਦੇ ਸਿਧਾਂਤਾ ਤੇ ਪੂਰੀ ਉਮਰ ਪਹਿਰਾ ਦਿੰਦੇ ਹਨ ਉਥੇ ਹੀ ਆਪਣੇ ਪਰਿਵਾਰ ਨੂੰ ਗੁਰਮਤਿ ਦੇ ਨਾਲ ਜੋੜਨ ਦਾ ਵੀ ਕਾਰਜ ਕਰਦੇ ਹਨ।
ਇਸ ਮੌਕੇ ਵੱਖ-ਵੱਖ ਸਕੂਲਾਂ ’ਚ ਸਹਿਜ ਪਾਠ ਦੀ ਸਮਾਪਤੀ ਉਪਰੰਤ ਬੱਚਿਆਂ ਵੱਲੋਂ ਕੀਰਤਨ, ਅਰਦਾਸ ਅਤੇ ਹੁਕਮਨਾਮਾ ਲੈਣ ਦੀ ਵੀ ਰਸਮ ਨਿਭਾਈ ਗਈ। ਇੰਡੀਆ ਗੇਟ ਸਕੂਲ ਵਿਖੇ ਬੱਚਿਆਂ ਨੂੰ ਲੰਗਰ ਦੇ ਸਿਧਾਂਤ ਤੋਂ ਜਾਣੂ ਕਰਵਾਉਣ ਲਈ ‘‘ਇੱਕ ਮੁੱਠੀ ਦਾਲ’’ ਵਰਗੇ ਨਿਵੇਕਲੇ ਢੰਗ ਰਾਹੀਂ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਵੀ ਸੁਨੇਹਾ ਦਿੱਤਾ ਗਿਆ। ਬੱਚਿਆਂ ਪਾਸੋਂ ਆਪਣੇ ਘਰੋਂ ਲਿਆਈ ਗਈ ਇੱਕ ਮੁੱਠੀ ਦਾਲ ਨੂੰ ਭੁੱਖੇ ਦਾ ਪੇਟ ਭਰਨ ਵੱਜੋਂ ਸੰਕੇਤਿਕ ਤੌਰ ਤੇ ਸਮਝਾਇਆ ਗਿਆ। ਇਨ੍ਹਾਂ ਸਮਾਗਮਾਂ ਵਿਚ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਢਸਾ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸੀਨੀਅਰ ਆਗੂ ਅਵਤਾਰ ਸਿੰਘ ਹਿਤ, ਕੁਲਦੀਪ ਸਿੰਘ ਭੋਗਲ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਅਤੇ ਹੋਰ ਕਮੇਟੀ ਮੈਂਬਰ ਮੌਜੂਦ ਸਨ।