ਫਤਹਿਗੜ੍ਹ ਸਾਹਿਬ – “ਹਿੰਦ ਦੇ ਗ੍ਰਹਿ ਵਜੀਰ ਸ਼੍ਰੀ ਰਾਜਨਾਥ ਸਿੰਘ, ਮੋਦੀ ਅਤੇ ਫਿਰਕੂ ਜਮਾਤਾਂ ਪਾਕਿਸਤਾਨ ਅੱਤਵਾਦ ਦੀ ਗੱਲ ਤਾਂ ਕਰਦੇ ਹਨ ਅਤੇ ਪਾਕਿਸਤਾਨ ਉਤੇ ਨਿੱਤ ਦਿਹਾੜੇ ਦੋਸ਼ ਲਾਉਂਦੇ ਹਨ ਕਿ ਉਹ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ, ਪਰ ਜੋ ਅੱਤਵਾਦ ਮੋਦੀ ਅਤੇ ਰਾਜਨਾਥ ਸਿੰਘ ਦੀ ਫਿਰਕੂ ਹਕੂਮਤ ਵੱਲੋਂ ਕਸ਼ਮੀਰ ਵਿਚ ਬੀਤੇ ਸਮੇਂ ਤੋਂ ਨਿਹੱਥੇ ਕਸ਼ਮੀਰੀ ਨੌਜਵਾਨਾਂ ਨੂੰ ਸਰੀਰਿਕ ਤੌਰ ‘ਤੇ ਖਤਮ ਕਰਦਾ ਆ ਰਿਹਾ ਹੈ ਅਤੇ ਕੋਈ 2900 ਦੇ ਕਰੀਬ ਉਥੋਂ ਦੇ ਕਸ਼ਮੀਰੀ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤੇ ਹਨ, ਜੋ ਗੁਜਰਾਤ ਵਿਚ 2002 ਵਿਚ 2000 ਮੁਸਲਮਾਨਾਂ ਦਾ ਸਜਿਸ਼ੀ ਢੰਗ ਨਾਲ ਕਤਲੇਆਮ ਕੀਤਾ ਗਿਆ, 60,000 ਸਿੱਖ ਜਿੰਮੀਂਦਾਰਾਂ ਨੂੰ ਉੱਥੋਂ ਉਜਾੜ ਦਿੱਤਾ ਗਿਆ, ਮਹਾਂਰਾਸ਼ਟਰ ਵਿਚ ਗਊ ਮਾਸ ਦੀ ਆੜ ਦਾ ਬਹਾਨਾ ਬਣਾ ਕੇ ਉਥੋਂ ਦੇ ਦਲਿਤਾਂ ਉਤੇ ਜਬਰ ਜ਼ੁਲਮ ਕੀਤਾ ਗਿਆ, ਮੁੰਬਈ ਵਿਖੇ ਅੰਬੇਦਕਰ ਦਾ ਬੁੱਤ ਤੋੜ ਦਿੱਤਾ ਗਿਆ। ਦਲਿਤਾਂ ਉਤੇ ਕਈ ਸੂਬਿਆਂ ਵਿਚ ਨਿੱਤ ਦਿਹਾੜੇ ਅੱਤਿਆਚਾਰ ਅਤੇ ਜਬਰ ਜੁਲਮ ਹੋਣ ਦੇ ਅਮਲ ਹੋ ਰਹੇ ਹਨ, ਉਸ ਸਰਕਾਰੀ ਅੱਤਵਾਦ ਦੀ ਗੱਲ ਮੋਦੀ, ਰਾਜਨਾਥ ਸਿੰਘ ਅਤੇ ਹੋਰ ਫਿਰਕੂ ਜਮਾਤਾਂ ਕਿਉਂ ਨਹੀਂ ਕਰਦੀਆਂ? ਕੀ ਗਰੀਬਾਂ, ਮਜ਼ਲੂਮਾਂ, ਦਲਿਤਾਂ, ਕਸ਼ਮੀਰੀਆਂ, ਪੰਜਾਬੀਆਂ, ਅਸਾਮੀਆਂ, ਗੋਰਖਿਆਂ ਅਤੇ ਉੱਤਰੀ-ਪੂਰਬੀ ਸੂਬਿਆਂ ਦੇ ਨਿਵਾਸੀਆਂ ਆਦਿ ਉਤੇ ਹਿੰਦ ਦਾ ਵਿਧਾਨ ਇਹਨਾਂ ਨੂੰ ਅਜਿਹੇ ਅਣਮਨੁੱਖੀ ਅਤੇ ਗੈਰਕਾਨੂੰਨੀਂ ਅਮਲ ਕਰਨ ਦੀ ਇਜਾਜ਼ਤ ਦਿੰਦਾ ਹੈ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼੍ਰੀ ਰਾਜਨਾਥ ਸਿੰਘ ਗ੍ਰਹਿ ਵਜੀਰ ਹਿੰਦ ਵੱਲੋਂ ਸਾਰਕ ਮੁਲਕਾਂ ਦੀ ਪਾਕਿਸਤਾਨ ਵਿਖੇ ਹੋਈ ਮੀਟਿੰਗ ਵਿਚ ਪਾਕਿਸਤਾਨ ਉਤੇ ਅੱਤਵਾਦ ਨੂੰ ਸ਼ਹਿ ਦੇਣ ਦੇ ਲਗਾਏ ਗਏ ਦੋਸ਼ਾਂ ਦੀ ਲੜੀ ਉਤੇ ਹਿੰਦ ਵਿਚ ਹਿੰਦ ਹਕੂਮਤ ਵੱਲੋਂ ਘੱਟ ਗਿਣਤੀ ਕੌਮਾਂ ਉਤੇ ਕੀਤੇ ਜਾਣ ਵਾਲੇ ਜਬਰ ਜੁਲਮ ਅਤੇ ਕਤਲੇਆਮ ਸੰਬੰਧੀ ਹਿੰਦ ਹਕੂਮਤ ਅਤੇ ਫਿਰਕੂ ਜਮਾਤਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹੇ ਕਰਦੇ ਹੋਏ ਅਤੇ ਸਰਕਾਰੀ ਅੱਤਵਾਦ ਬਾਰੇ ਚੁੱਪੀ ਵੱਟਣ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਹਿੰਦ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਕੌਮਾਂ ਅਤੇ ਧਰਮਾਂ ਉਤੇ ਹੁਕਮਰਾਨਾਂ ਵੱਲੋਂ ਅਣਮਨੁੱਖੀ ਅਤੇ ਗੈਰਕਾਨੂੰਨੀਂ ਢੰਗਾਂ ਰਾਹੀਂ ਤਸ਼ੱਦਦ ਕਰਕੇ ਇੱਥੋਂ ਦੇ ਨਿਵਾਸੀਆਂ ਦੇ ਖੂਨ ਨਾਲ ਜੋ ਹੋਲੀ ਖੇਡੀ ਜਾ ਰਹੀ ਹੈ, ਉਸ ਅਤਿ ਸੰਜੀਦਾ ਮੁੱਦੇ ਉਤੇ ਹੁਕਮਰਾਨ ਪਰਦਾ ਪਾਉਣ ਦੀਆਂ ਅਸਫਲ ਕੋਸਿ਼ਸ਼ਾਂ ਕਿਉਂ ਕਰ ਰਹੇ ਹਨ? ਉਹਨਾਂ ਕਿਹਾ ਕਿ ਅੱਤਵਾਦ ਜਾਂ ਮਨੁੱਖੀ ਅਧਿਕਾਰਾਂ ਦਾ ਉਲੰਘਣ ਪਾਕਿਸਤਾਨ ਵਿਚ ਹੋਵੇ ਜਾਂ ਹਿੰਦ ਵਿਚ ਜਾਂ ਕਿਸੇ ਹੋਰ ਮੁਲਕ ਵਿਚ, ਉਸ ਨੂੰ ਇਕੋ ਨਜ਼ਰ ਨਾਲ ਵੇਖਦੇ ਹੋਏ ਅੱਤਵਾਦ ਦੇ ਸਾਜਿਸ਼ਕਾਰਾਂ ਨਾਲ ਇਕੋ ਜਿਹਾ ਵਿਵਹਾਰ ਹੋਣਾ ਚਾਹੀਦਾ ਹੈ। ਨਾ ਕਿ ਜੇਹਾਦੀ ਅੱਤਵਾਦ ਦੀ ਆੜ ਹੇਠ “ਸਰਕਾਰੀ ਅੱਤਵਾਦ” ਦੀ ਸਰਪ੍ਰਸਤੀ ਕਰਨੀ ਬਣਦੀ ਹੈ।
ਸ. ਮਾਨ ਨੇ ਅੰਗਰੇਜੀ ਅਖਬਾਰਾਂ ਹਿੰਦੋਸਤਾਨ ਟਾਈਮਜ਼, ਟਾਈਮਜ਼ ਆਫ ਇੰਡੀਆ, ਇੰਡੀਅਨ ਐਕਸਪ੍ਰੈਸ ਅਤੇ ਟ੍ਰਿਬਿਉਨ ਆਦਿ ਵੱਲੋਂ ਸਿੱਖ ਕੌਮ ਨੂੰ ਅੱਤਵਾਦੀ , ਹਿੰਸਾਵਾਦੀ, ਗਰਮਦਲੀਏ, ਉਗਰਵਾਦੀ ਆਦਿ ਨਾਵਾਂ ਨਾਲ ਖਬਰਾਂ ਪ੍ਰਕਾਸਿ਼ਤ ਕਰਕੇ “ਸਰਬੱਤ ਦਾ ਭਲਾ” ਲੋੜਨ ਵਾਲੀ ਅਤੇ ਦੇਸ਼ ਦੀਆਂ ਸਰਹੱਦਾਂ ਉਤੇ ਆਪਣੀਆਂ ਕੁਰਬਾਨੀਆਂ ਦੇ ਕੇ ਰਾਖੀ ਕਰਨ ਵਾਲੀ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਇਹ ਅਖ਼ਬਾਰ ਵੀ ਸਿੱਖ ਕੌਮ ਨੂੰ ਦਿਮਾਗੀ ਤੌਰ ‘ਤੇ ਤਸ਼ੱਦਦ ਨਹੀਂ ਕਰ ਰਹੇ ਅਤੇ ਉਹਨਾਂ ਨੂੰ ਜ਼ਲੀਲ ਕਰਨ ਦੀ ਬੱਜਰ ਗੁਸਤਾਖੀ ਨਹੀਂ ਕਰ ਰਹੇ? ਇਸ ਸੰਬੰਧ ਵਿਚ ਮੋਦੀ ਦੀ ਫਿਰਕੂ ਹਕੂਮਤ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਸਿੱਖ ਕੌਮ ਨੂੰ ਮੀਡੀਏ ਵਿਚ ਬਦਨਾਮ ਕਰਨ ਦੇ ਮੁੱਦੇ ਉਤੇ ਆਪਣਾ ਸਟੈਂਡ ਸਪੱਸ਼ਟ ਕਰੇ। ਵਰਨਾਂ ਸਿੱਖ ਕੌਮ ਇਹਨਾਂ ਨੂੰ ਵੀ ਆਪਣੇ ਕੌਮੀ ਦੁਸ਼ਮਣ ਦੀ ਸੂਚੀ ਵਿਚ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
ਸ. ਮਾਨ ਨੇ ਅਖੀਰ ਵਿਚ ਅਮਰੀਕਾ ਵੱਲੋਂ ਭਾਰਤ ਦੇ ਸਟੈਂਡ ਦੀ ਹਮਾਇਤ ਕਰਨ ਦੇ ਮੁੱਦੇ ਉਤੇ ਅਮਰੀਕਾ ਦੀ ਸ਼੍ਰੀ ਓਬਾਮਾ ਹਕੂਮਤ ਨੂੰ ਵੀ ਸਵਾਲ ਕਰਦੇ ਹੋਏ ਕਿਹਾ ਕਿ ਜੋ ਅਮਰੀਕਾ ਅੱਜ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਚੈਂਪੀਅਨ ਕਹਾਉਂਦਾ ਹੈ, ਉਸ ਵੱਲੋਂ ਮੋਦੀ ਹਕੂਮਤ ਦੇ ਅੱਤਵਾਦ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾ ਕੇ ਅਤੇ ਮੋਦੀ ਦੀ ਹਿੰਦੂਤਵ ਹਕੂਮਤ ਦੇ ਹਿੰਦ ਵਿਚ ਕੀਤੇ ਜਾ ਰਹੇ ਸਰਕਾਰੀ ਅੱਤਵਾਦ ਬਾਰੇ ਨਾ ਬੋਲ ਕੇ ਕਿਹੜੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰ ਰਿਹਾ ਹੈ ਅਤੇ ਉਹ ਆਪਣੇ ਆਪ ਨੂੰ ਨਿਰਪੱਖਤਾ ਵਾਲੀ ਸੂਚੀ ਵਿਚ ਕਿਵੇਂ ਖੜ੍ਹਾਏਗਾ? ਸ.ਮਾਨ ਨੇ ਜਿਥੇ ਸਰਕਾਰੀ ਅਤੇ ਦੂਸਰੇ ਅੱਤਵਾਦ ਨੂੰ ਖਤਮ ਕਰਨ ਲਈ ਨੇਕ ਰਇ ਦਿੰਦੇ ਹੋਏ ਕਿਹਾ ਕਿ ਹਿੰਦੂਤਵ ਫਿਰਕੂ ਹਕੂਮਤ ਸਰਕਾਰੀ ਅੱਤਵਾਦ ਬੰਦ ਕਰ ਦੇਵੇ ਫਿਰ ਦੂਸਰਾ ਅੱਤਵਾਦ ਖੁਦ ਬਾ ਖੁਦ ਖਤਮ ਹੋ ਜਾਵੇਗਾ। ਕਿਉਂ ਕਿ ਸਰਕਾਰੀ ਐਕਸ਼ਨ ਦਾ ਜਨਤਾ ਵੱਲੋਂ ਜਾਂ ਪੀੜਿਤਾਂ ਵੱਲੋਂ ਰਿਐਕਸ਼ਨ ਹੋਣਾ ਕੁਦਰਤੀ ਹੈ। ਇਸ ਲਈ ਇਹ ਅੱਤਵਾਦ ਸਰਕਾਰੀ ਅੱਤਵਾਦ ਦੀ ਹੀ ਦੇਣ ਹੈ।