ਨਵੀਂ ਦਿੱਲੀ : ਸਿੱਖ ਧਰਮ ਦੇ ਚਿੰਤਕਾਂ ਪਾਸੋਂ ਮਹੀਨਾ ਵਾਰੀ ਵੱਖ-ਵੱਖ ਵਿਸ਼ੇ ਤੇ ਕਰਵਾਏ ਜਾਂਦੇ ਸੈਮੀਨਾਰ ਦੀ ਕੜੀ ਵਿਚ ਇਸ ਵਾਰ ‘‘ਅੰਤਰ ਧਰਮ ਸੰਬਾਦ : ਅਕਾਦਮਿਕ ਪਰਿਪੇਖ’’ ਵਿਸ਼ੇ ਤੇ ਚਰਚਾ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾੱਲ ਵਿਖੇ ਹੋਏ ਲੈਕਚਰ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਡਾ. ਰਜਿੰਦਰ ਕੌਰ ਰੋਹੀ ਨੇ ਬੜੀ ਡੁੰਘਾਈ ਨਾਲ ਧਰਮ ਵਿਚ ਸੰਬਾਦ ਨੂੰ ਜਰੂਰੀ ਦੱਸਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇੰਸ ਚਾਂਸਲਰ ਡਾ. ਜਸਪਾਲ ਸਿੰਘ ਨੇ ਡਾ. ਰੋਹੀ ਤੋਂ ਇੱਕ ਕਦਮ ਅੱਗੇ ਵੱਧਦੇ ਹੋਏ ਸੰਬਾਦ ਤੋਂ ਬਿਨਾਂ ਧਰਮ ਦੇ ਇੱਕਪਾਸੜ ਹੋ ਕੇ ਅੱਤਵਾਦ ਵੱਲ ਝੁੱਕ ਜਾਣ ਦਾ ਵੀ ਖਦਸਾ ਜਤਾਇਆ।
ਡਾ. ਰੋਹੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਕਿਸੇ ਵੀ ਧਰਮ ਦੀ ਨਹੀਂ ਸਗੋਂ ਧਰਮਾਂ ਤੋਂ ਪਾਰ ਵਿਸ਼ਵ ਧਰਮ ਜਾਂ ਮਾਨਵੀ ਧਰਮ ਦੀ ਲੋੜ ਹੈ। ਗਲੋਬਲ ਸਮੇਂ ਵਿਚ ਧਾਰਮਿਕ ਵਿਚਾਰਧਾਰਾ ਦਾ ਆਧਾਰ ਮਾਨਵੀ ਪਰਿਪੇਖ ਹੋਣਾ ਚਾਹੀਦਾ ਹੈ। ਡਾ. ਰੋਹੀ ਨੇ ਸਾਫ਼ ਕੀਤਾ ਕਿ ਅੱਜ ਦੇ ਸਮੇਂ ਵਿਚ ਜੇਕਰ ਕੋਈ ਵਿਸ਼ਵ ਧਰਮ ਬਣਨ ਦੇ ਕਾਬਿਲ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਜਦੋਂ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਵਿਚ ਗੁਰੂ ਆਸ਼ੇ ਅਨੁਸਾਰ ਉਤਾਰਨ ਦੀ ਦੂਜਿਆਂ ਨੂੰ ਪ੍ਰੇਰਣਾ ਕਰਦੇ ਹਾਂ ਤਾਂ ਸੰਬਾਦ ਜਨਮ ਲੈਂਦਾ ਹੈ।
ਡਾ. ਜਸਪਾਲ ਸਿੰਘ ਨੇ ਸਚਿਆਰ ਬਣਨ ਲਈ ਧਰਮਾਂ ਵਿਚਲੇ ਸੰਬਾਦ ਦੀ ਜਰੂਰਤ ਤੇ ਜੋਰ ਦਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਵਿਚਲੀ ਵਿਚਾਰਧਾਰਾ ਨੂੰ ਬਿਲਕੁਲ ਸਹੀ ਠਹਿਰਾਇਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਦੀ ਅੱਜ ਦੇ ਯੁੱਗ ਵਿਚ ਵਡੀ ਜਰੂਰਤ ਹੋਣ ਦੀ ਗੱਲ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ,ਬਾਬਾ ਫ਼ਰੀਦ ਜੀ ਅਤੇ ਬਾਬਾ ਕਬੀਰ ਜੀ ਦੀ ਬਾਣੀ ਵਿਚੋਂ ਉਦਾਹਰਣਾਂ ਦੇ ਕੇ ਆਪਣੇ ਵਿਚਾਰਾਂ ਦੀ ਪ੍ਰੋੜਤਾ ਕੀਤਾ। ਉਨ੍ਹਾਂ ਸਮੂਹ ਧਰਮਾਂ ਦੇ ਆਪਸੀ ਸੰਬਾਦ ਤੇ ਵੀ ਜੋਰ ਦਿੱਤਾ।
ਅਦਾਰੇ ਦੇ ਕੋਆਰਡੀਨੇਟਰ ਕੁਲਮੋਹਨ ਸਿੰਘ ਨੇ ਆਏ ਹੋਏ ਪਤਿਵੰਤੇ ਸਿੱਖ ਚਿੰਤਕਾਂ ਦਾ ਧੰਨਵਾਦ ਕਰਦੇ ਹੋਏ ਅੰਤਰ ਧਰਮ ਸੰਬਾਦ ਨੂੰ ਅੱਜ ਦੇ ਸਮੇਂ ਲਈ ਜਰੂਰੀ ਦੱਸਿਆ। ਇਸ ਮੌਕੇ ਅਦਾਰੇ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸੱਗੂ ਅਤੇ ਹਰਪ੍ਰੀਤ ਕੌਰ ਨੇ ਸਟੇਜ ਸਕੱਤਰ ਦੀ ਸੇਵੀ ਨਿਭਾਈ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਨੇ ਆਏ ਹੋਏ ਸਾਰੇ ਪਤਿਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ।