ਵਾਸ਼ਿੰਗਟਨ – ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਉਸ ਦੀ ਆਪਣੀ ਹੀ ਪਾਰਟੀ ਦੇ 50 ਰਾਸ਼ਟਰੀ ਰੱਖਿਆ ਮਾਹਿਰਾਂ ਨੇ ਵੱਡਾ ਝਟਕਾ ਦਿੰਦੇ ਹੋਏ ਕਿਹਾ ਹੈ ਕਿ ਟਰੰਪ ਵਾਈਟ ਹਾਊਸ ਲਈ ਖਤਰਨਾਕ ਰਾਸ਼ਟਰਪਤੀ ਸਾਬਿਤ ਹੋਣਗੇ ਅਤੇ ਊਹ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦੇਣਗੇ। ਇਨ੍ਹਾਂ ਰੱਖਿਆ ਮਾਹਿਰਾਂ ਵਿੱਚ ਸਾਬਕਾ ਰਾਜਨਾਇਕ ਅਤੇ ਪ੍ਰਮੁੱਖ ਜਾਸੂਸ ਵੀ ਸ਼ਾਮਿਲ ਹਨ। ਟਰੰਪ ਨੇ ਇਨ੍ਹਾਂ ਸਾਰੇ ਮਾਹਿਰਾਂ ਦੇ ਆਰੋਪਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਇਨ੍ਹਾਂ ਸੱਭ ਨੂੰ ਵਿਸ਼ਵ ਦੀਆਂ ਪ੍ਰੋਬਲਮਜ ਨੂੰ ਹਲ ਕਰਨੇ ਬਾਰੇ ਸੋਚਣਾ ਚਾਹੀਦਾ ਹੈ।
ਰਾਸ਼ਟਰੀ ਸੁਰੱਖਿਆ ਮਾਹਿਰਾਂ ਦੇ ਇੱਕ ਗਰੁੱਪ ਨੇ ਸੋਮਵਾਰ ਨੂੰ ਕਿਹਾ, ‘ ਸਾਡੇ ਵਿੱਚੋਂ ਕੋਈ ਵੀ ਡੋਨਲਡ ਟਰੰਪ ਨੂੰ ਵੋਟ ਨਹੀਂ ਦੇਵੇਗਾ। ਵਿਦੇਸ਼ ਨੀਤੀ ਦੇ ਹਿਸਾਬ ਨਾਲ ਟਰੰਪ ਰਾਸ਼ਟਰਪਤੀ ਅਤੇ ਕਮਾਂਡਰ-ਇਨ-ਚੀਫ਼ ਬਣਨ ਦੇ ਲਾਇਕ ਨਹੀਂ ਹੈ। ਸਾਨੂੰ ਯਕੀਨ ਹੈ ਕਿ ਊਹ ਇੱਕ ਖਤਰਨਾਕ ਰਾਸ਼ਟਰਪਤੀ ਸਾਬਿਤ ਹੋਣਗੇ ਅਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਦੇ ਨਾਲ ਖੁਸ਼ਹਾਲੀ ਨੂੰ ਵੀ ਖ਼ਤਰੇ ਵਿੱਚ ਪਾ ਦੇਣਗੇ।’ ਇਨ੍ਹਾਂ ਵੱਲੋਂ ਦਿੱਤੇ ਗਏ ਪੱਤਰ ਵਿੱਚ ਕਿਹਾ ਗਿਆ ਹੈ ਕਿ ਸੱਭ ਤੋਂ ਖਾਸ ਗੱਲ ਇਹ ਹੈ ਕਿ ਟਰੰਪ ਵਿੱਚ ਰਾਸ਼ਟਰਪਤੀ ਬਣਨ ਦੇ ਯੋਗ ਕਰੈਕਟਰ, ਗੁਣਾਂ ਅਤੇ ਅਨੁਭਵਾਂ ਦੀ ਘਾਟ ਹੈ। ਉਹ ਅਮਰੀਕਾ ਦੇ ਵਿਸ਼ਵ ਨੇਤਾ ਬਣਨ ਦੇ ਨੈਤਿਕ ਅਧਿਕਾਰ ਨੂੰ ਕਮਜੋਰ ਕਰਦੇ ਹਨ।
ਇਨ੍ਹਾਂ ਰਾਸ਼ਟਰੀ ਮਾਹਿਰਾਂ ਨੇ ਕਿਹਾ, ‘ਟਰੰਪ ਵਿੱਚ ਆਤਮਨਿਯੰਤਰਣ ਦੀ ਘਾਟ ਹੈ ਅਤੇ ਉਹ ਜਲਦਬਾਜੀ ਵਿੱਚ ਕੰਮ ਕਰਦੇ ਹਨ। ਉਹ ਨਿਜੀ ਆਲੋਚਨਾ ਬਰਦਾਸ਼ਤ ਨਹੀਂ ਕਰ ਸਕਦੇ। ਰਾਸ਼ਟਰਪਤੀ ਅਤੇ ਕਮਾਂਡਰ-ਇਨ-ਚੀਫ਼ ਬਣਨ ਅਤੇ ਅਮਰੀਕਾ ਦੇ ਪ੍ਰਮਾਣੂੰ ਹੱਥਿਆਰਾਂ ਦੀ ਕਮਾਨ ਸੰਭਾਲਣ ਵਾਲੇ ਵਿਅਕਤੀ ਵਿੱਚ ਅਜਿਹੀਆਂ ਚੀਜਾਂ ਦਾ ਹੋਣਾ ਖਤਰਨਾਕ ਹੈ।’ ਜਿੰਨ੍ਹਾਂ ਲੋਕਾਂ ਵੱਲੋਂ ਇਸ ਪੱਤਰ ਤੇ ਦਸਤਖਤ ਕੀਤੇ ਗਏ ਹਨ, ਉਹ ਰਿਚਰਡ ਨਿਕਸਨ ਤੋਂ ਲੈ ਕੇ ਜਾਰਜ ਡਬਲਿਯੂ ਬੁਸ਼ ਤੱਕ ਰੀਪਬਲੀਕਨ ਸਰਕਾਰਾਂ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨਾਲ ਜੁੜੇ ਅਹਿਮ ਅਹੁਦਿਆਂ ਤੇ ਰਹਿ ਚੁੱਕੇ ਹਨ।