ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਠੀ ਦਾ ਘਿਰਾਉ ਕਰਦੇ ਹੋਏ ਕੇਜਰੀਵਾਲ ਦਾ ਅੱਜ ਪੁੱਤਲਾ ਸਾੜਿਆ ਗਿਆ। ਇਸ ਮੁਜਾਹਿਰੇ ਦੀ ਅਗਵਾਈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਿਵਿਲ ਲਾਈਨ ਮੈਟ੍ਰੋ ਸਟੇਸ਼ਨ ਤੋਂ ਕੇਜਰੀਵਾਲ ਦੇ ਘਰ ਦੇ ਵੱਲ ਵੱਧਣਾ ਸ਼ੁਰੂ ਕੀਤਾ। ਪ੍ਰਦਰਸਨਕਾਰੀ ਕੇਜਰੀਵਾਲ ਸਰਕਾਰ ਨੂੰ ਸਿੱਖ ਵਿਰੋਧੀ ਦੱਸਦੇ ਹੋਏ ਜੋਰਦਾਰ ਨਾਰੇਬਾਜ਼ੀ ਵੀ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਦਾ ਆਰੋਪ ਸੀ ਕਿ ਦਿੱਲੀ ਸਰਕਾਰ ਫਿਰਕੂ ਚਸ਼ਮੇਂ ਨਾਲ ਸਿੱਖ ਵਿਰੋਧੀ ਫੈਸਲੇ ਲੈ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਤਖਤੀਆਂ ਫੜੀਆਂ ਹੋਇਆ ਸਨ ਜਿਨ੍ਹਾਂ ਵਿਚ ਲਿਖੇ ਨਾਰਿਆਂ ’ਚ ਕੇਜਰੀਵਾਲ ਸਰਕਾਰ ਨੂੰ ਦੱਖਣਪੰਥੀ ਸੋਚਵਾਲੀ ਅਰਾਜਕਤਾਪੰਥੀ ਸਰਕਾਰ ਦੱਸਿਆ ਗਿਆ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਜਦੋਂ ਪੁਲਿਸ ਦੇ ਅੜਕਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵੱਲੋਂ ਪਾਣੀ ਦੀ ਵਾਛੜਾਂ ਸੁੱਟ ਕੇ ਪ੍ਰਦਰਸਨਕਾਰੀਆਂ ਨੂੰ ਖਦੇੜਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਸਿੱਖਾਂ ਦੇ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਅਤੇ 2 ਤਕਨੀਕੀ ਅਦਾਰਿਆਂ ਨੂੰ ਇਸ ਵਰ੍ਹੇ ਦਾਖਿਲੇ ਲਈ ਸੀਟਾਂ ਨਾ ਅਲਾਟ ਕਰਨ ਨੂੰ ਜੀ.ਕੇ. ਨੇ ਪ੍ਰਦਰਸ਼ਨ ਦਾ ਮੁੱਢਲਾ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਕਮੇਟੀ ਨੇ ਦਿੱਲੀ ਸਰਕਾਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਮਹਿਰੌਲੀ ਵਿਖੇ ਪਾਰਕ ਵਿਚ ਲਗਾਉਣ ਦੀ ਮਨਜੂਰੀ ਮੰਗੀ ਸੀ ਤਾਂ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਇੱਕ ਅੰਤ੍ਰਿਮ ਆਦੇਸ਼ ਦਾ ਹਵਾਲਾ ਦੇ ਕੇ ਬਾਬਾ ਜੀ ਦੇ ਬੁੱਤ ਨੂੰ ਮਨਜੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜਦਕਿ ਸਿਆਸੀ ਫਾਇਦੇ ਲਈ 13 ਅਗਸਤ ਨੂੰ ਦਿੱਲੀ ਦੇ ਪਹਿਲੇ ਮੁਖਮੰਤਰੀ ਚੌਧਰੀ ਬ੍ਰਹਮ ਪ੍ਰਕਾਸ਼ ਦੇ ਪਿੰਡ ਖੇੜਾ ਡਾਬਰ ਦੇ ਇੱਕ ਹਸਪਤਾਲ ਵਿਖੇ ਲਗੇ ਬੁੱਤ ਦੀ ਖੁਦ ਘੁੰਡ-ਚੁਕਾਈ ਕੇਜਰੀਵਾਲ ਨੇ ਕਰ ਦਿੱਤੀ। ਜੀ.ਕੇ. ਨੇ ਦਸਿਆ ਕਿ ਇੱਕ ਪਾਸੇ ਦਿੱਲੀ ਸਰਕਾਰ ਦੀ ਆਈ.ਪੀ. ਯੂਨੀਵਰਸਿਟੀ ਨੇ ਖਾਮੀ ਭਰਪੂਰ 34 ਵਿਦਿਅਕ ਅਦਾਰਿਆਂ ਨੂੰ ਇਸ ਵਰੇ੍ਹ ਦਾਖਿਲੇ ਕਰਨ ਦੀ ਮਨਜੂਰੀ ਦੇ ਦਿੱਤੀ ਪਰ ਸਾਡੇ 2 ਤਕਨੀਕੀ ਅਦਾਰਿਆਂ ਵਿਚ ਮਾਮੂਲੀ ਖਾਮੀ ਹੋਣ ਦੇ ਬਾਵਜੂਦ ਦਾਖਿਲਾ ਨਹੀਂ ਕਰਨ ਦਿੱਤਾ ਗਿਆ।
ਜੀ.ਕੇ. ਨੇ ਕੇਜਰੀਵਾਲ ਦੀ ਨੀਤੀ ਅਤੇ ਨੀਯਤ ਨੂੰ ਸਿੱਖਾਂ ਦੇ ਹੱਕਾਂ ਤੇ ਡਾਕਾ ਮਾਰਨ ਦੇ ਬਰਾਬਰ ਦੱਸਿਆ। ਜੀ.ਕੇ. ਨੇ ਕਿਹਾ ਕਿ ਜਦੋਂ ਕੇਜਰੀਵਾਲ ਨੇ ਬੁੱਤ ਦੀ ਮਨਜੂਰੀ ਨਾ ਦੇਣ ਦੇ ਪਿੱਛੇ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦਿੱਤਾ ਸੀ ਤਾਂ ਅਸੀਂ ਕਿਸੇ ਗੱਲ ਦਾ ਵਿਰੋਧ ਨਹੀਂ ਕੀਤਾ ਸੀ ਪਰ ਉਸਤੋਂ ਬਾਅਦ ਵਿਧਾਨਸਭਾ ਵਿਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਤੇ ਹੁਣ ਚੌਧਰੀ ਬ੍ਰਹਮ ਪ੍ਰਕਾਸ਼ ਦਾ ਬੁੱਤ ਲਗਾਉਣਾ ਸਿੱਧਾ ਸਿੱਧਾ ਸਿੱਖ ਜਰਨੈਲ ਦਾ ਅਪਮਾਨ ਹੈ। ਉਨ੍ਹਾਂ ਸਵਾਲ ਕੀਤਾ ਕਿ ਸਿੱਖ ਜਰਨੈਲ ਦੇ ਬੁੱਤ ਨੂੰ ਮਨਜੂਰੀ ਦੇਣਾ ਜੇਕਰ ਅਦਾਲਤ ਦੀ ਹੁਕਮ ਅਦੂਲੀ ਸੀ ਤੇ ਬਾਕੀ ਬੁੱਤਾਂ ਨੂੰ ਮਨਜੂਰੀ ਦੇਣਾ ਅਦਾਲਤ ਦੀ ਹੁਕਮ ਅਦੂਲੀ ਕਿਊਂ ਨਹੀਂ ਹੈ ? ਜੀ.ਕੇ. ਨੇ ਕਿਹਾ ਕਿ ਅਸੀਂ ਇਸ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਅਦਾਲਤ ਦੀ ਹੁਕਮ ਅਦੂਲੀ ਦੀ ਵੀ ਕੇਜਰੀਵਾਲ ਦੇ ਖਿਲਾਫ਼ ਪਟੀਸ਼ਨ ਦਾਇਰ ਕਰਾਂਗੇ ਪਰ ਇਸਦੇ ਨਾਲ ਹੀ ਸਿਆਸੀ ਲੜਾਈ ਨੂੰ ਸੜਕ ਤੋਂ ਸੰਸਦ ਤਕ ਲੜਾਂਗੇ।
ਕੇਜਰੀਵਾਲ ਦੀ ਸਿੱਖਿਆ ਨੀਤੀ ਨੂੰ ਸਿੱਖ ਵਿਰੋਧੀ ਕਰਾਰ ਦਿੰਦੇ ਹੋਏ ਜੀ.ਕੇ. ਨੇ ਲਗਾਤਾਰ ਦਿੱਲੀ ਸਰਕਾਰ ਵੱਲੋਂ ਸਿੱਖ ਬੱਚਿਆਂ ਦੀ ਉੱਚ ਵਿਦਿਆ ਦੇ ਰਾਹ ਵਿਚ ਖੜੇ ਕੀਤੇ ਜਾ ਰਹੇ ਅੜਕਿਆਂ ਨੂੰ ਸਿੱਖਾਂ ਖਿਲਾਫ਼ ਵੱਡੀ ਸਾਜਿਸ਼ ਦੱਸਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਹਰਵਿੰਦਰ ਸਿੰਘ ਕੇ.ਪੀ., ਗੁਰਦੇਵ ਸਿੰਘ ਭੋਲਾ, ਕੈਪਟਨ ਇੰਦਰਪ੍ਰੀਤ ਸਿੰਘ, ਜਸਬੀਰ ਸਿੰਘ ਜੱਸੀ, ਚਮਨ ਸਿੰਘ, ਜੀਤ ਸਿੰਘ, ਹਰਜਿੰਦਰ ਸਿੰਘ, ਰਵਿੰਦਰ ਸਿੰਘ ਲਵਲੀ, ਪਰਮਜੀਤ ਸਿੰਘ ਚੰਢੋਕ ਅਤੇ ਅਕਾਲੀ ਦਲ ਦੇ ਸਾਰੇ ਅਹੁੱਦੇਦਾਰ ਮੌਜੂਦ ਸਨ।