ਲੰਡਨ- ਭਾਰਤੀ ਨਾਗਰਿਕ ਮਨਿੰਦਰਪਾਲ ਸਿੰਘ ਕੋਹਲੀ ਨੂੰ ਹਾਨਾ ਫਾਸਟਰ ਦੇ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿਚ ਦੋਸ਼ੀ ਸਾਬਤ ਹੋ ਜਾਣ ਤੇ ਉਮਰਕੈਦ ਦੀ ਸਜਾ ਸੁਣਾਈ ਗਈ ਹੈ। ਉਸਨੂੰ ਘੱਟ ਤੋਂ ਘੱਟ ਵੀ 24 ਸਾਲ ਜੇਲ੍ਹ ਵਿਚ ਰਹਿਣਾ ਪਵੇਗਾ।
ਹਾਨਾ ਫਾਸਟਰ ਬਲਾਤਕਾਰ ਅਤੇ ਹਤਿਆ ਦੇ ਮਾਮਲੇ ਵਿਚ ਅਰੋਪੀ 41 ਸਾਲਾ ਕੋਹਲੀ ਨੂੰ ਲੰਬੇ ਸਮੇ ਤੋਂ ਚਲੀ ਆ ਰਹੀ ਅਦਾਲਤੀ ਕਾਰਵਾਈ ਦੇ ਬਾਅਦ ਉਮਰ ਕੈਦ ਦੀ ਸਜਾ ਸੁਣਾਈ ਗਈ। ਵਿਨਚੈਸਟਰ ਕਰਾਊਨ ਕੋਰਟ ਵਿਚ 12 ਮੈਂਬਰੀ ਜਿਊਰੀ ਨੇ ਹਾਨਾ ਦੇ ਨਾਲ ਆਪਣੀ ਗੱਡੀ ਵਿਚ ਬਲਾਤਕਾਰ ਕਰਨ ਅਤੇ ਫਿਰ ਉਸਦੀ ਹਤਿਆ ਕਰਕੇ ਲਾਸ਼ ਨੂੰ ਇਕ ਟੋਏ ਵਿਚ ਸੁਟਣ ਦਾ ਦੋਸ਼ੀ ਕਰਾਰ ਦਿਤਾ ਹੈ। ਪੰਜ ਘੰਟੇ ਦੇ ਕਰੀਬ ਚਲੀ ਕਾਰਵਾਈ ਦੇ ਬਾਅਦ ਪੰਜ ਮਹਿਲਾ ਮੈਂਬਰਾਂ ਵਾਲੀ ਜਿਊਰੀ ਨੇ ਇਕਮਤ ਹੋ ਕੇ ਕੋਹਲੀ ਨੂੰ ਉਮਰ ਕੈਦ ਦੀ ਸਜਾ ਸੁਣਾਈ। ਹਾਨਾ 2003 ਵਿਚ ਮਾਰਚ ਦੇ ਮਹੀਨੇ ਆਪਣੇ ਘਰ ਤੋਂ ਬਾਹਰ ਨਿਕਲੀ ਸੀ ਅਤੇ ਉਸ ਤੋਂ ਬਾਅਦ ਉਹ ਗੁੰਮ ਹੋ ਗਈ ਸੀ। ਦੋ ਦਿਨ ਬਾਅਦ ਉਸਦੀ ਲਾਸ਼ ਮਿਲੀ ਸੀ। ਮੈਡਕਿਲ ਰਿਪੋਰਟ ਤੋਂ ਪਤਾ ਚਲਿਆ ਕਿ ਉਸ ਨਾਲ ਕੁਕਰਮ ਕਰਕੇ ੇਉਸਦੀ ਹਤਿਆ ਕਰ ਦਿਤੀ ਗਈ ਸੀ। ਇਹ ਸਨਸਨੀਖੇਜ਼ ਕਾਂਡ ਬ੍ਰਿਟੇਨ ਅਤੇ ਭਾਰਤ ਦੇ ਮੀਡੀਏ ਵਿਚ ਕਾਫੀ ਚਿਰ ਛਾਇਆ ਰਿਹਾ ਸੀ। ਇਸ ਮੁਕਦਮੇ ਦਾ ਅਰੋਪੀ ਦੋ ਬਚਿਆਂ ਦਾ ਪਿਤਾ ਕੋਹਲੀ ਹਤਿਆ ਦੇ ਬਾਅਦ ਫਰਾਰ ਹੋ ਗਿਆ ਸੀ। 2004 ਵਿਚ ਉਸਨੂੰ ਭਾਰਤ ਵਿਚ ਦਾਰਜੀਲਿੰਗ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਨਾ ਦੇ ਮਾਂ -ਬਾਪ ਅਤੇ ਹੈਂਪਸ਼ਰ ਪੁਲਿਸ ਨੇ ਕੋਹਲੀ ਸਜਾ ਦਿਵਾਉਣ ਲਈ ਬੜੀ ਲੰਬੀ ਕਨੂੰਨੀ ਲੜਾਈ ਲੜੀ ਹੈ। ਕੋਹਲੀ ਨੂੰ 2007 ਵਿਚ ਬ੍ਰਿਟਿਸ਼ ਦੇ ਹਵਾਲੇ ਕੀਤਾ ਗਿਆ ਸੀ। ਇਸ ਮੁਕਦਮੇ ਦੀ ਛੇ ਹਫਤੇ ਤਕ ਚਲੀ ਕਾਰਵਾਈ ਦੌਰਾਨ ਕੋਹਲੀ ਵਾਰ -ਵਾਰ ਇਹੋ ਕਹਿੰਦਾ ਰਿਹਾ ਕਿ ਉਸਨੂੰ ਉਸਦੇ ਪਹਿਲੇ ਸਾਥੀ ਨੇ ਫਸਾਇਆ ਹੈ। ਉਸਦਾ ਕਹਿਣਾ ਸੀ ਕਿ ਉਸ ਉਪਰ ਆਪਣੇ ਸਾਥੀ ਦੇ 16000 ਪੌਂਡ ਬਕਾਇਆ ਸਨ ਅਤੇ ਉਸਦੀ ਪਤਨੀ ਨਾਲ ਉਸਦਾ ਇਸ਼ਕ ਵੀ ਚਲ ਰਿਹਾ ਸੀ।