ਫ਼ਤਹਿਗੜ੍ਹ ਸਾਹਿਬ – “ਜੋ ਤੁਰਕੀ ਦੇ ਗਾਜੀਆਟੇਪ ਵਿਖੇ ਇਕ ਵਿਆਹ ਸਮਾਗਮ ਦੌਰਾਨ 12 ਸਾਲ ਦੀ ਛੋਟੀ ਉਮਰ ਦੇ ਨੌਜ਼ਵਾਨ ਵੱਲੋਂ ਬੰਬ ਵਿਸਫੋਟ ਕਰਕੇ 51 ਦੇ ਕਰੀਬ ਇਨਸਾਨੀ ਜਿੰਦਗੀਆਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਅਤੇ ਅਨੇਕਾਂ ਨੂੰ ਜਖ਼ਮੀ ਕਰ ਦਿੱਤਾ ਗਿਆ ਹੈ, ਇਹ ਮਨੁੱਖਤਾ ਦਾ ਘਾਣ ਜਿਥੇ ਅਤਿ ਮੰਦਭਾਗਾ ਹੈ, ਉਥੇ ਤੁਰਕੀ ਸਰਕਾਰ ਵੱਲੋ ਤੇ ਫ਼ੌਜ ਵੱਲੋਂ ਉਥੋ ਦੇ ਫ਼ੌਜੀਆਂ ਪ੍ਰਤੀ ਅਪਣਾਈ ਗਈ ਅਪਮਾਨਜ਼ਨਕ ਕਾਰਵਾਈ ਹੀ ਸਿੱਧੇ ਤੌਰ ਤੇ ਜਿੰਮੇਵਾਰ ਹੈ, ਜਿਨ੍ਹਾਂ ਨੂੰ ਫ਼ੌਜ ਵਿਚੋ ਇਸ ਕਰਕੇ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹਨਾਂ ਨੇ ਆਪਣੇ ਅਫ਼ਸਰਾਂ ਦਾ ਹੁਕਮ ਮੰਨਕੇ ਕਾਰਵਾਈ ਕੀਤੀ ਸੀ । ਜਦੋਂਕਿ ਫ਼ੌਜੀਆਂ ਦਾ ਕੰਮ ਆਪਣੀ ਸਰਕਾਰ ਅਤੇ ਅਫ਼ਸਰਾਂ ਦਾ ਹੁਕਮ ਮੰਨਣਾ ਹੀ ਹੁੰਦਾ ਹੈ । ਜੇਕਰ ਕਿਸੇ ਸਮੇਂ ਫ਼ੌਜ ਵੱਲੋਂ ਕੋਈ ਦੁੱਖਦਾਇਕ ਕਾਰਵਾਈ ਹੋਈ ਹੈ, ਉਸ ਲਈ ਉਥੋ ਦੇ ਫ਼ੌਜੀ ਅਫ਼ਸਰ ਜਾਂ ਹੁਕਮਰਾਨ ਜਿੰਮੇਵਾਰ ਹਨ, ਨਾ ਕਿ ਫ਼ੌਜੀ । ਤੁਰਕੀ ਹਕੂਮਤ ਨੇ ਵੀ ਅਮਰੀਕਾ ਦੀ ਤਰ੍ਹਾਂ ਇਰਾਨ ਦੇ ਮੁੱਖੀ ਸਦਾਮਹੁਸੈਨ ਦੀ ਮੌਤ ਸਮੇਂ ਹੋਏ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੀ ਬਦੌਲਤ ਫ਼ੌਜੀਆਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਜੋ ਫ਼ੌਜ ਵਿਚੋ ਬਰਖਾਸਤ ਕਰ ਦਿੱਤਾ ਸੀ, ਉਹੋ ਜਿਹੀ ਗਲਤੀ ਤੁਰਕੀ ਦੇ ਮੁੱਖੀ ਰੀਸੈਪ ਤਾਈਪ ਏਰਡੋਗਨ ਨੇ ਆਪਣੀ ਫ਼ੌਜ ਵਿਚੋ ਫ਼ੌਜੀਆਂ ਨੂੰ ਬਰਖਾਸਤ ਕਰਕੇ ਕੀਤੀ ਹੈ ਅਤੇ ਇਹ ਫੌ਼ਜੀ ਹੀ ਬਦਲੇ ਦੀ ਭਾਵਨਾ ਨਾਲ ਅਲਕਾਇਦਾ ਅਤੇ ਇਸਲਾਮਿਕ ਸਟੇਟ ਵਰਗੀਆਂ ਜਹਾਦੀ ਜਥੇਬੰਦੀਆਂ ਵਿਚ ਸ਼ਾਮਿਲ ਹੋ ਕੇ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ । ਜਿਸ ਲਈ ਸਰਕਾਰਾਂ ਤੇ ਹੁਕਮਰਾਨਾਂ ਦੀਆਂ ਨੀਤੀਆਂ ਹੀ ਮੁੱਖ ਤੌਰ ਤੇ ਜਿੰਮੇਵਾਰ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਤੁਰਕੀ ਦੇ ਗਾਜੀਆਟੇਪ ਸ਼ਹਿਰ ਵਿਚ ਉਥੋ ਦੇ ਬੇਦੋਸ਼ੇ ਨਿਵਾਸੀਆਂ ਦੇ ਇਕ ਬੰਬ ਵਿਸਫੋਟ ਵਿਚ ਵੱਡੀ ਗਿਣਤੀ ਵਿਚ ਹਾਲਾਕ ਹੋਣ ਅਤੇ ਜਖ਼ਮੀ ਹੋਣ ਦੇ ਦੁੱਖਦਾਇਕ ਅਮਲਾਂ ਉਤੇ ਅਫਸੋਸ ਪ੍ਰਗਟ ਕਰਦੇ ਹੋਏ ਅਤੇ ਅਜਿਹੇ ਅਮਲਾਂ ਲਈ ਫ਼ੌਜ ਪ੍ਰਤੀ ਹੁਕਮਰਾਨਾਂ ਵੱਲੋ ਅਪਣਾਈ ਗਈ ਸੋਚ ਨੂੰ ਜਿੰਮੇਵਾਰ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋਂ ਖਾੜਕੂ ਜਾਂ ਜਹਾਦੀ ਗਰੁੱਪ ਹਕੂਮਤਾ ਨਾਲ ਜੰਗ ਲੜ ਰਹੇ ਹਨ ਤਾਂ ਉਸ ਸਮੇਂ ਕਿਸੇ ਹਕੂਮਤ ਵੱਲੋ ਆਪਣੇ ਹੀ ਉਹਨਾਂ ਫ਼ੌਜੀਆਂ, ਜਿਨ੍ਹਾਂ ਦਾ ਫਰਜ ਅਕਸਰ ਜੰਗ ਲੜਨਾ ਹੁੰਦਾ ਹੈ, ਉਹਨਾਂ ਨੂੰ ਆਪਣੇ ਅਫ਼ਸਰਾਨ ਦੇ ਹੁਕਮ ਮੰਨਣ ਕਰਕੇ ਫੌ਼ਜ ਵਿਚੋ ਬਰਖਾਸਤ ਕਰ ਦੇਣਾ, ਉਹਨਾਂ ਫ਼ੌਜੀਆਂ ਨਾਲ ਅਨਿਆਏ ਨਹੀਂ ਤਾਂ ਹੋਰ ਕੀ ਹੈ ? ਅਜਿਹੇ ਫ਼ੌਜੀਆਂ ਕੋਲ ਜਹਾਦੀ ਗਰੁੱਪਾ ਵਿਚ ਮਿਲ ਜਾਣ ਤੋ ਇਲਾਵਾ ਕੋਈ ਰਾਹ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਤਾਂ ਲੜਨਾ ਹੀ ਸਿੱਖਿਆ ਹੁੰਦਾ ਹੈ, ਹੋਰ ਕੋਈ ਕੰਮ ਕਰਨ ਦੇ ਉਹ ਸਮਰੱਥ ਨਹੀਂ ਹੁੰਦੇ । ਹੁਕਮਰਾਨਾਂ ਵੱਲੋ ਉਹਨਾਂ ਨੂੰ ਬਰਖਾਸਤ ਕਰਕੇ ਜਹਾਦੀ ਗਰੁੱਪਾਂ ਵਿਚ ਜਾਣ ਅਤੇ ਸਰਕਾਰ ਵਿਰੁੱਧ ਜੰਗ ਲੜਨ ਲਈ ਖੁਦ ਹੀ ਉਕਸਾਇਆ ਗਿਆ ਹੈ । ਜਦੋਂਕਿ ਜਹਾਦੀ ਗਰੁੱਪਾਂ ਨੂੰ ਤਾਂ ਹਮੇਸ਼ਾਂ ਲੜਾਕੂਆਂ ਦੀ ਲੋੜ ਹੁੰਦੀ ਹੈ ਤੇ ਇਹ ਫ਼ੌਜੀ ਤਾਂ ਆਪਣੇ ਕੰਮ ਵਿਚ ਮਾਹਰ ਹੁੰਦੇ ਹਨ । ਫਿਰ ਸਰਕਾਰਾਂ ਵੱਲੋ ਆਪਣੇ ਹੀ ਫ਼ੌਜੀਆਂ ਨੂੰ ਦੁਰਕਾਰਨਾ ਅਤੇ ਆਪਣੇ ਵਿਰੁੱਧ ਅਮਲਾਂ ਲਈ ਮੌਕੇ ਪੈਦਾ ਕਰਨਾ ਸਰਕਾਰਾਂ ਦੀਆਂ ਅਸਫ਼ਲ ਨੀਤੀਆਂ ਦੀ ਬਦੌਲਤ ਅਜਿਹਾ ਵਾਪਰਦਾ ਹੈ । ਜਦੋਂ ਕਿ ਫ਼ੌਜੀ ਤਾਂ ਹੁਕਮ ਮੰਨਣ ਦੇ ਆਦੀ ਹੁੰਦੇ ਹਨ । ਕੀ ਗਲਤ ਹੈ, ਕੀ ਠੀਕ ਹੈ ਇਹ ਵੇਖਣਾ ਹਕੂਮਤਾਂ ਤੇ ਫ਼ੌਜੀ ਅਫ਼ਸਰਾਂ ਦੀ ਜਿੰਮੇਵਾਰੀ ਹੁੰਦੀ ਹੈ । ਇਸ ਲਈ ਤੁਰਕੀ ਹਕੂਮਤ ਨੇ ਆਪਣੇ ਫ਼ੌਜੀਆਂ ਨੂੰ ਨੌਕਰੀ ਤੋ ਕੱਢਕੇ ਅਮਰੀਕਾ ਵਰਗੀ ਗਲਤੀ ਨੂੰ ਦੁਹਰਾਇਆ ਹੈ । ਜਿਸ ਦੇ ਨਤੀਜੇ ਤੁਰਕੀ ਨਿਵਾਸੀਆਂ ਨੂੰ ਭੁਗਤਣੇ ਪੈ ਰਹੇ ਹਨ । ਜਦੋਂ ਕਿ ਤੁਰਕੀ ਨਿਵਾਸੀਆਂ ਦਾ ਇਸ ਵਿਚ ਕੋਈ ਰਤੀਭਰ ਵੀ ਦੋਸ਼ ਨਹੀਂ ।