ਫਤਹਿਗੜ੍ਹ ਸਾਹਿਬ – “ਸਿੱਖ ਕੌਮ ਦੀ ਨਾਂ ਤਾਂ ਮੁਸਲਿਮ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਜਾਂ ਵੈਰ ਵਿਰੋਧ ਹੈ ਅਤੇ ਨਾਂ ਹੀ ਹਿੰਦੂ ਹਿੰਦੋਸਤਾਨ ਨਾਲ। ਅਸੀਂ ਤਾਂ ਜਿੱਥੇ ਵੀ ਵਿਚਰਦੇ ਹਾਂ, ਉੱਥੇ ਬਿਨ੍ਹਾਂ ਕਿਸੇ ਤਰ੍ਹਾਂ ਦੇ ਭੇਦ-ਭਾਵ ਤੋਂ ਸਮੁੱਚੀ ਮਨੁੱਖਤਾ ਦੀ ਬੇਹਤਰੀ ਲਈ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਯਤਨਸ਼ੀਲ ਰਹਿੰਦੇ ਹਾਂ। ਗੁਰੂ ਸਾਹਿਬਾਨ ਦਾ ਸਾਨੂੰ ਇਹੀ ਆਦੇਸ਼ ਹੈ। ਫਿਰ ਜੋ ਪਾਕਿਸਤਾਨ ਦੇ ਆਗੂਆਂ ਵੱਲੋਂ ਚੜ੍ਹਦੇ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਪ੍ਰਮਾਣੂੰ ਜੰਗ ਦਾ ਅਖਾੜਾ ਬਣਾਉਣ ਦੀ ਗੱਲ ਕਹੀ ਗਈ ਹੈ, ਇਹ ਤਾਂ ਉਸੇ ਤਰ੍ਹਾਂ ਸਿੱਖ ਕੌਮ ਅਤੇ ਪੰਜਾਬੀਆਂ ਦੀ ਨਸਲਕੁਸ਼ੀ ਅਤੇ ਕਤਲੇਆਮ ਕਰਨ ਵਾਲੇ ਅਮਲ ਹੋਣਗੇ, ਜਿਸ ਤਰ੍ਹਾਂ ਹਿੰਦੂਤਵ ਹਕੂਮਤ ਨੇ ਜੂਨ 1984 ਵਿਚ ਬਲਿਊ ਸਟਾਰ ਦਾ ਫੌਜੀ ਹਮਲਾ ਕਰਕੇ ਸਿੱਖ ਕੌਮ ਦੀ ਮੰਦ ਭਾਵਨਾ ਅਧੀਨ ਨਸਲਕੁਸ਼ੀ ਅਤੇ ਕਤਲੇਆਮ ਕੀਤਾ। ਫਿਰ ਨਵੰਬਰ 1984 ਵਿਚ ਇਕ ਸਾਜਿਸ਼ ਰਾਹੀਂ ਦਿੱਲੀ, ਬੋਕਾਰੋ ਆਦਿ ਵੱਡੇ ਸ਼ਹਿਰਾਂ ਵਿਚ ਸਿੱਖ ਕਾਰੋਬਾਰਾਂ ਅਤੇ ਘਰਾਂ ਨੂੰ ਨਿਸ਼ਾਨੇ ਬਣਾਉਂਦੇ ਹੋਏ ਸਿੱਖ ਕੌਮ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ। ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਹੁਕਮਰਾਨਾਂ ਵੱਲੋਂ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਖਤਮ ਕਰਕੇ ਅਤੇ ਅਣਪਛਾਤੀਆਂ ਲਾਸ਼ਾਂ ਗਰਦਾਨਕੇ ਨਹਿਰਾਂ ਅਤੇ ਦਰਿਆਵਾਂ ਵਿਚ ਰੋੜ੍ਹਨ ਅਤੇ ਫੌਜ ਦੇ ਪਹਿਰੇ ਹੇਠ ਸਿੱਖਾਂ ਦੇ ਸਸਕਾਰ ਕੀਤੇ ਗਏ। ਜਿਸ ਸਿੱਖ ਕੌਮ ਅਤੇ ਪੰਜਾਬੀਆਂ ਉਤੇ ਹਿੰਦੂਤਵ ਹਕੂਮਤ ਨੇ ਪਹਿਲੇ ਹੀ ਮਨੁੱਖੀ ਅਤੇ ਸੰਵਿਧਾਨਿਕ ਹੱਕਾਂ ਨੂੰ ਕੁਚਲ ਕੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਹੋਵੇ, ਉਸ ਸਿੱਖ ਕੌਮ ਅਤੇ ਉਹਨਾਂ ਦੇ ਸੂਬੇ ਪੰਜਾਬ ਨੂੰ ਪ੍ਰਮਾਣੂੰ ਜੰਗ ਲਈ ਨਿਸ਼ਾਨਾ ਬਣਾਉਣ ਦੀ ਗੱਲ ਕਰਕੇ ਮਨੁੱਖੀ ਹੱਕਾਂ ਨੂੰ ਕੁਚਲਣ ਦੀ ਗੱਲ ਕਿਉਂ ਕੀਤੀ ਜਾ ਰਹੀ ਹੈ? ਜੇਕਰ ਪਾਕਿਸਤਾਨ ਦੇ ਆਗੂ ਚੜ੍ਹਦੇ ਪੰਜਾਬ ਅਤੇ ਜੰਮੂ ਕਸ਼ਮੀਰ ਵਿਚ ਹੋ ਰਹੇ ਮੁਨੱਖੀ ਅਧਿਕਾਰਾਂ ਦੇ ਹਨਨ ਦੀ ਗੱਲ ਨੂੰ ਕੌਮਾਂਤਰੀ ਪੱਧਰ ‘ਤੇ ਉਠਾਉਂਦੇ ਹੋਏ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀਆਂ ਕੌਮਾਤਰੀ ਪੱਧਰ ਦੀਆਂ ਜਥੇਬੰਦੀਆਂ ਕੋਲ ਇਹ ਕੇਸ ਲਿਜਾ ਸਕਣ ਤਾਂ ਜਿੱਥੇ ਅਜਿਹਾ ਕਰਕੇ ਇਹ ਆਗੂ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦਾ ਉੱਦਮ ਕਰ ਰਹੇ ਹੋਣਗੇ, ਉਥੇ ਹੁਕਮਰਾਨਾਂ ਦੇ ਜਬਰ ਜੁਲਮਾਂ ਦਾ ਸਿ਼ਕਾਰ ਹੋਏ ਕਸ਼ਮੀਰੀ, ਸਿੱਖ ਅਤੇ ਪੰਜਾਬੀਆਂ ਲਈ ਸਾਂਝੇ ਤੌਰ ‘ਤੇ ਇਨਸਾਫ਼ ਦੀ ਆਵਾਜ਼ ਉਠਾਉਣ ਦੀ ਜਿੰਮੇਵਾਰੀ ਵੀ ਨਿਭਾਅ ਰਹੇ ਹੋਣਗੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨੀ ਆਗੂ ਅਤੇ ਸਾਬਕਾ ਫੌਜੀ ਜਰਨੈਲ ਸ਼੍ਰੀ ਮੁਸ਼ੱਰਫ਼ ਵੱਲੋਂ ਬਲੋਚਿਸਤਾਨ ਦੇ ਸੰਜੀਦਾ ਮੁੱਦੇ ਨੂੰ ਮੁੱਖ ਰੱਖਦੇ ਹੋਏ “ਚੜ੍ਹਦੇ ਪੰਜਾਬ” ਨੂੰ ਬਦਲੇ ਦੀ ਭਾਵਨਾ ਨਾਲ ਪ੍ਰਮਾਣੂੰ ਜੰਗ ਲਈ ਨਿਸ਼ਾਨਾ ਬਣਾਉਣ ਉਤੇ ਪ੍ਰਗਟਾਏ ਵਿਚਾਰਾਂ ਦੇ ਪ੍ਰਤੀਕਰਮ ਵੱਜੋਂ ਅਤੇ ਮਨੁੱਖੀ ਹੱਕਾਂ ਦੇ ਕਸ਼ਮੀਰ ਅਤੇ ਪੰਜਾਬ ਵਿਚ ਹੋ ਰਹੇ ਘਾਣ ਨੂੰ ਰੋਕਣ ਹਿੱਤ ਪਾਰਟੀ ਨੀਤੀ ਅਧੀਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਕਸ਼ਮੀਰ ਵਿਚ ਕਸ਼ਮੀਰੀ ਅਤੇ ਪੰਜਾਬ ਵਿਚ ਪੰਜਾਬੀ ਅਤੇ ਸਿੱਖ ਆਪਣੀ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਜਦੋਂ ਦੋਵਾਂ ਕਸ਼ਮੀਰੀ ਅਤੇ ਸਿੱਖਾਂ ਦਾ ਨਿਸ਼ਾਨਾ ਇਕ ਹੈ ਤਾਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਜਿਹਨਾਂ ਦਾ ਪਿਛੋਕੜ ਅਤੇ ਇਤਿਹਾਸ ਸਾਂਝਾ ਅਤੇ ਸਦੀਆਂ ਪੁਰਾਣਾ ਹੈ, ਉਹਨਾਂ ਨੂੰ ਇਕੋ ਤਰ੍ਹਾਂ ਹਿੰਦੂਤਵ ਹੁਕਮਰਾਨਾਂ ਦੇ ਜਬਰ ਜ਼ੁਲਮ ਦਾ ਟਾਕਰਾ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ਮਨੁੱਖੀ ਅਧਿਕਾਰਾਂ ਦੀ ਮਾਰ ਹੇਠ ਆਈਆਂ ਕੌਮਾਂ ਨੂੰ ਤਾਂ ਆਪਣੀ ਆਜ਼ਾਦੀ ਲਈ ਸਾਂਝੇ ਤੌਰ ‘ਤੇ ਸੰਘਰਸ਼ ਕਰਨਾ ਬਣਦਾ ਹੈ, ਨਾ ਕਿ ਆਜਾਦੀ ਚਾਹੁਣ ਵਾਲੀਆਂ ਕੌਮਾਂ ਨੂੰ ਨਿਸ਼ਾਨਾ ਬਣਾਉਣਾ। ਫਿਰ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦਾ ਇਤਿਹਾਸ ਤਾਂ ਸਮਾਜ ਵਿੱਚੋਂ ਹਰ ਤਰ੍ਹਾਂ ਦੀਆਂ ਬੁਰਾਈਆਂ, ਜਬਰ ਜੁਲਮ ਅਤੇ ਬੇਇਨਸਾਫੀਆਂ ਨੂੰ ਖਤ਼ਮ ਕਰਨ ਦੀ ਦੁਹਾਈ ਦਿੰਦਾ ਹੈ। ਚੜ੍ਹਦੇ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੇ ਅਮਲ ਤਾਂ ਸਾਡੇ ਇਤਿਹਾਸ ਤੋਂ ਮੁਨਕਰ ਹੋਣ ਵਾਲੀਆਂ ਹਨ। ਜਿਸ ਨਾਲ ਸਾਡੇ ਇਖਲਾਕ ਉਤੇ ਧੱਬਾ ਲੱਗਣ ਦਾ ਖਤਰਾ ਖੜ੍ਹਾ ਹੋ ਸਕਦਾ ਹੈ। ਇਸ ਲਈ ਪਾਕਿਸਤਾਨ ਦੇ ਆਗੂਆਂ, ਕਸ਼ਮੀਰੀ ਆਗੂਆਂ ਅਤੇ ਸਿੱਖ ਕੌਮ ਦੇ ਆਗੂਆਂ ਨੂੰ ਆਜ਼ਾਦੀ ਚਾਹੁਣ ਵਾਲੀਆਂ ਕੌਮਾਂ ਨੂੰ ਕੌਮਾਂਤਰੀ ਪੱਧਰ ‘ਤੇ ਕਦੀ ਵੀ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਸ ਨਾਲ ਆਜ਼ਾਦੀ ਚਾਹੁਣ ਵਾਲੀਆਂ ਕੌਮਾਂ ਦੇ ਮਿਸ਼ਨ ਵਿਚ ਕੋਈ ਰੁਕਾਵਟ ਖੜ੍ਹੀ ਹੋਵੇ ਜਾਂ ਉਹਨਾਂ ਦੇ ਹੌਂਸਲੇ ਪਸਤ ਹੋਣ। ਬਲਕਿ ਇਕ ਦੂਸਰੇ ਦੇ ਪੂਰਕ ਬਣਕੇ ਆਪਣੇ ਸਾਂਝੇ ਆਜ਼ਾਦੀ ਦੇ ਮਿਸ਼ਨ ਵੱਲ ਵੱਧਣਾ ਚਾਹੀਦਾ ਹੈ। ਸ. ਮਾਨ ਨੇ ਬਲੋਚਿਸਤਾਨ ਦੇ ਸਿੱਖ ਕੌਮ ਨਾਲ ਸੰਬੰਧਾਂ ਦਾ ਵਿਵਰਣ ਕਰਦੇ ਹੋਏ ਕਿਹਾ ਕਿ ਇਥੇ ਯਾਦ ਦਿਵਾਉਣਾ ਜਰੂਰੀ ਹੈ ਕਿ ਜੋ ਬਲੋਚਿਸਤਾਨ ਦੇ ਨਵਾਬ ਅਨਬਰ ਸ਼ਾਹਬਾਜ਼ ਖਾਨ ਬੁਗਤੀ ਹੋਏ ਹਨ, ਉਹ ਮੇਰੇ ਵੱਡੇ ਵੀਰ ਜੀ ਸਵ. ਸ. ਮਨਜੀਤ ਸਿੰਘ ਮਾਨ ਨਾਲ ਲਹੌਰ ਦੇ ਕਾਲਜ ਵਿਚ ਇਕੱਠੇ ਪੜ੍ਹੇ ਹਨ ਅਤੇ ਜਿਹਨਾਂ ਦਾ ਆਪਸ ਵਿਚ ਬਹੁਤ ਡੂੰਘਾ ਪਿਆਰ ਅਤੇ ਇਤਿਫਾਕ ਸੀ। ਨਵਾਬ ਨਵਾਬ ਅਨਬਰ ਸ਼ਾਹਬਾਜ਼ ਖਾਨ ਬੁਗਤੀ ਦੇ ਅਕਾਲ ਚਲਾਣੇ ‘ਤੇ ਸਾਨੂੰ ਬਹੁਤ ਡੂੰਘਾ ਦੁੱਖ ਇਸ ਕਰਕੇ ਹੋਇਆ ਸੀ ਕਿ ਸਾਡੀਆਂ ਸਾਂਝਾਂ ਸਦੀਵੀਂ ਹਨ।