ਚੰਡੀਗੜ੍ਹ – ਪੰਜਾਬ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਕਾਰਣ ਆਮ ਆਦਮੀ ਪਾਰਟੀ ਦੇ ਅੰਦਰ ਦੀ ਫੁੱਟ ਸਾਹਮਣੇ ਆ ਗਈ ਹੈ। ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬਗਾਵਤੀ ਤੇਵਰ ਵਿਖਾਉਣ ਕਰਕੇ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਨੇ ਉਨ੍ਹਾਂ ਤੇ ਪਾਰਟੀ ਫੰਡ ਦੇ ਨਾਂ ਤੇ ਭ੍ਰਿਸ਼ਟਾਚਾਰ ਦੇ ਆਰੋਪ ਲਗਾ ਕੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਨੇਤਾਵਾਂ ਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਮੇਰੇ ਆਪਣਿਆਂ ਨੇ ਹੀ ਮੇਰੇ ਖਿਲਾਫ਼ ਸਾਜਿਸ਼ ਰਚੀ ਹੈ। ਛੋਟੇਪੁਰ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਉਨ੍ਹਾਂ ਦਾ ਸਿਟਿੰਗ ਦਿੱਲੀ ਦੇ ਉਪ ਮੁੱਖਮੰਤਰੀ ਮਨੀਸ਼ ਸਿਸੌਦੀਆ ਨੇ ਕਰਵਾਇਆ ਹੈ।
ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਕ ਸਾਫ਼ ਹਨ ਤੇ ਉਨ੍ਹਾਂ ਨੇ ਪਾਰਟੀ ਲਈ ਆਪਣਾ ਖੂਨ-ਪਸੀਨਾ ਇੱਕ ਕੀਤਾ ਹੈ। ਉਨ੍ਹਾਂ ਨੇ ਪਾਰਟੀ ਨੇਤਾਵਾਂ ਨੂੰ ਚੁਣੌਤੀ ਦਿੱਤੀ ਕਿ ਉਨ੍ਹਾਂ ਦੇ ਖਿਲਾਫ਼ ਲਗਾਏ ਗਏ ਭ੍ਰਿਸ਼ਟਾਚਾਰ ਦੇ ਆਰੋਪਾਂ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਛੋਟੇਪੁਰ ਨੇ ਪੰਜਾਬ ਤੋਂ ਬਾਹਰ ਦੇ ਨੇਤਾਵਾਂ ਤੇ ਪੰਜਾਬ ਵਿੱਚ ਦਖ਼ਲਅੰਦਾਜੀ ਕਰਨ ਦੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਦੁਰਗੇਸ਼ ਪਾਠਕ ਪੰਜਾਬ ਦੀ ਆਪ ਇਕਾਈ ਵਿੱਚ ਜਿਆਦਾ ਦਖ਼ਲ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਨਹੀਂ ਛੱਡਣਗੇ, ਉਹ ਚੋਰ ਹੈ ਜਾਂ ਇਮਾਨਦਾਰ, ਇਸ ਦਾ ਫੈਂਸਲਾ ਲੋਕ ਕਰਨਗੇ। ਵੈਸੇ ਪਾਰਟੀ ਹਾਈਕਮਾਨ ਨੇ ਛੋਟੇਪੁਰ ਨੂੰ ਅਜੇ ਪਾਰਟੀ ਤੋਂ ਬਾਹਰ ਨਹੀਂ ਕੱਢਿਆ।
ਇਸ ਸਿਟਿੰਗ ਅਪਰੇਸ਼ਨ ਵਿੱਚ ਫਸੇ ਆਪ ਦੇ ਪੰਜਾਬ ਕਨਵੀਨਰ ਛੋਟੇਪੁਰ ਨੇ ਕਿਹਾ ਕਿ ਪਾਰਟੀ ਦੇ ਹੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਫਸਾਇਆ ਹੈ, ਜਦੋਂ ਕਿ ਵਿਰੋਧੀ ਫਿਰ ਵੀ ਉਨ੍ਹਾਂ ਦਾ ਬਚਾਅ ਕਰ ਰਹੇ ਹਨ।