ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਇੰਦੌਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ 1984 ਦੇ ਦੋ ਸਿੱਖ ਪੀੜ੍ਹਤਾਂ ਨੂੰ ਹੋਏ ਮਾਲੀ ਨੁਕਸਾਨ ਦੇ ਬਦਲੇ ਵਿਆਜ ਸਮੇਤ ਮੁਆਵਜ਼ਾ ਅਦਾ ਕਰਨ ਦਾ ਹੁਕਮ ਸੁਣਾਉਣ ‘ਤੇ ਸਲਾਘਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਇੰਦੌਰ ਬੈਂਚ ਦੇ ਜਸਟਿਸ ਐਸ ਸੀ ਸ਼ਰਮਾ ਨੇ ਸੁਰਜੀਤ ਸਿੰਘ (67) ਅਤੇ ਸ਼ਰਨ ਸਿੰਘ (68) ਦੀਆਂ ਪਟੀਸ਼ਨਾਂ ਤੇ ਸੂਬਾ ਸਰਕਾਰ ਨੂੰ 25-25 ਹਜ਼ਾਰ ਦੇ ਜ਼ੁਰਮਾਨੇ ਨਾਲ ਇਹ ਰਕਮ ਅਦਾ ਕਰਨ ਲਈ ਹੁਕਮ ਜਾਰੀ ਕੀਤਾ ਹੈ।ਇੰਦੌਰ ਵਾਸੀ ਸਾਲ 1984 ਦੇ ਸਿੱਖ ਕਤਲੇਆਮ ਪੀੜ੍ਹਤਾਂ ਵਿੱਚ ਸੁਰਜੀਤ ਸਿੰਘ ਦੇ ਟਾਲ ਨੂੰ ਅੱਗ ਲਾ ਦਿੱਤੀ ਗਈ ਸੀ ਜਦ ਕਿ ਸ਼ਰਨ ਸਿੰਘ ਦੀ ਦੁਕਾਨ ਲੁੱਟ ਲਈ ਗਈ ਸੀ। ਪਰ ਦੋਹਾਂ ਨੂੰ ਸਿਰਫ਼ ਇਸ ਅਧਾਰ ‘ਤੇ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸੀ, ਕਿਉਂਕਿ ਇਨ੍ਹਾਂ ਦੇ ਨਾਮ ਸਿੱਖ ਕਤਲੇਆਮ ਪੀੜ੍ਹਤਾਂ ਦੀ ਸਰਕਾਰੀ ਸੂਚੀ ਵਿੱਚ ਦਰਜ ਨਹੀਂ ਸਨ।
ਜਥੇਦਾਰ ਅਵਤਾਰ ਸਿੰਘ ਨੇ ਮਾਨਯੋਗ ਇੰਦੌਰ ਹਾਈ ਕੋਰਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਦੌਰ ਦੀ ਤਰ੍ਹਾਂ ਦਿੱਲੀ ਦੇ 1984 ਦੇ ਸਿੱਖ ਨਸਲਕੁਸ਼ੀ ਦੇ ਸ਼ਿਕਾਰ ਲੋਕਾਂ ਨੂੰ ਵੀ ਅਦਾਲਤ ਵੱਲੋਂ ਜਲਦ ਤੋਂ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿਹੜੇ ਲੋਕ 1984 ਦੀ ਸਿੱਖ ਨਸਲਕੁਸ਼ੀ ਵੇਲੇ ਬਰਬਾਦ ਹੋਏ ਸਨ ਉਨ੍ਹਾਂ ਨੂੰ ਜਾਨੀ ਤੇ ਮਾਲੀ ਹੋਏ ਨੁਕਸਾਨ ਦੀ ਭਰਪਾਈ ਦੇ ਨਾਲ-ਨਾਲ ਦਿੱਲੀ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਮਿਲਣਾ ਚਾਹੀਦਾ ਹੈ ਤਾਂ ਜੋ ਦਿੱਲੀ ਦੇ ਸਿੱਖਾਂ ਦੇ ਮਨਾਂ ਅੰਦਰ ਇਸ ਭਖਦੀ ਚਿੰਗਾਰੀ ਨੂੰ ਸ਼ਾਂਤ ਕੀਤਾ ਜਾ ਸਕੇ।