ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ ਨੂੰ ਸਮਰਪਿਤ 2 ਦਿਨੀਂ ‘‘ਦੂਸਰੀ ਨੈਸ਼ਨਲ ਗਤਕਾ ਚੈਂਪੀਅਨਸ਼ਿਪ 2016’’ ਦਾ ਆਯੋਜਨ ਕੀਤਾ ਗਿਆ। ਗੁਰੂ ਲਾਧੋ ਰੇ ਸਮਾਗਮਾਂ ਦੀ ਲੜੀ ਤਹਿਤ ਗਤਕਾ ਫੈਡਰੇਸ਼ਨ ਆੱਫ਼ ਇੰਡੀਆ ਅਤੇ ਦਿੱਲੀ ਗਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਮੇਟੀ ਵੱਲੋਂ ਗੁਰੂ ਨਾਨਕ ਇੰਸਟੀਚਿਊਟ ਆੱਫ਼ ਮੈਨੇਜਮੈਂਟ ’ਚ ਖਾਲਸਾਈ ਖੇਡਾਂ ਦਾ ਨਜ਼ਾਰਾ ਪੇਸ਼ ਕੀਤਾ ਜਾ ਰਿਹਾ ਹੈ।
ਮੁਕਾਬਲਿਆਂ ਦਾ ਉਦਘਾਟਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਟੀਮਾਂ ਵੱਲੋਂ ਮਾਰਚ ਪਾਸਟ ਦੀ ਸਲਾਮੀ ਲੈਣ ਉਪਰੰਤ ਨਿਸ਼ਾਨ ਸਾਹਿਬ ਨੂੰ ਝੁਲਾ ਕੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਦਿੱਲੀ, ਯੂ.ਪੀ., ਉੱਤਰਾਖੰਡ, ਪੰਜਾਬ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਹਰਿਆਣਾ, ਜੰਮੂ-ਕਸ਼ਮੀਰ, ਰਾਜਸਥਾਨ ਵਰਗੇ 10 ਸੂਬਿਆਂ ਦੇ ਨਾਲ ਹੀ ਸਪੋਰਟਸ ਅੱਥੋਰਿਟੀ ਆੱਫ਼ ਇੰਡੀਆ ਦੀ ਟੀਮ ਵੀ ਸ਼ਾਮਿਲ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਖਿਡਾਰੀਆਂ ਦੀ ਹੌਸ਼ਲਾ ਅਫ਼ਜਾਈ ਕਰਦੇ ਹੋਏ ਖਾਲਸਾਈ ਖੇਡਾਂ ਦੇ ਪ੍ਰਚਾਰ-ਪ੍ਰਸਾਰ ਨੂੰ ਜਰੂਰੀ ਦੱਸਿਆ।
ਗਿਆਨੀ ਗੁਰਬਚਨ ਸਿੰਘ ਨੇ ਤੰਦਰੁਸਤ ਸਰੀਰ ਅਤੇ ਨਸ਼ਾ ਰਹਿਤ ਸਮਾਜ਼ ਦੇ ਫਲਸਫ਼ੇ ਨੂੰ ਪੂਰਾ ਕਰਨ ਲਈ ਗਤਕੇ ਨੂੰ ਹਰ ਸਿੱਖ ਦੇ ਜੀਵਨ ਦਾ ਅਹਿਮ ਅੰਗ ਦੱਸਿਆ। ਉਨ੍ਹਾਂ ਕਿਹਾ ਕਿ ਬੇਸ਼ਕ ਅੱਜ ਦੇ ਸਮਾਜ ਵਿਚ ਕਿਰਤ ਕਰਨ ਲਈ ਸਿੱਖਿਆ ਪ੍ਰਾਪਤ ਕਰਨੀ ਜਰੂਰੀ ਹੈ ਪਰ ਵੱਧਦੇ ਅਪਰਾਧਾਂ ਅਤੇ ਪ੍ਰਦੂਸ਼ਣ ਤੋਂ ਜਹਿਰੀਲੇ ਹੋ ਰਹੇ ਵਾਤਾਵਰਣ ਵਿਚ ਨਿਰੋਲ ਸਿੱਖੀ ਦੀ ਸੋਚ ਨੂੰ ਕਾਇਮ ਰੱਖਣ ਲਈ ਤੰਦਰੁਸ਼ਤ ਹੋਣਾ ਵੀ ਲਾਜ਼ਮੀ ਹੈ। ਨਿਹੰਗ ਛਾਵਣੀਆਂ ਤੋਂ ਬਾਹਰ ਨਿਕਲ ਕੇ ਗਤਕੇ ਦੇ ਖੇਡ ਸਟੇਡੀਅਮਾਂ ਦੀ ਸ਼ਾਨ ਬਣਨ ਨੂੰ ਉਨ੍ਹਾਂ ਨੇ ਗਤਕੇ ਦੇ ਭਵਿੱਖ ਲਈ ਚੰਗਾ ਦੱਸਿਆ। ਸਿਰਸਾ ਨੇ ਗਤਕੇ ਨੂੰ ਓਲੰਪਿਕ ਖੇਡਾਂ ਦਾ ਹਿੱਸਾ ਬਣਾਉਣ ਲਈ ਅਜਿਹੇ ਮੁਕਾਬਲਿਆਂ ਨੂੰ ਕੌਮਾਂਤਰੀ ਪੱਧਰ ਤਕ ਲੈ ਜਾਣ ਵਾਸਤੇ ਕਮੇਟੀ ਵੱਲੋਂ ਕੋਸ਼ਿਸ਼ਾਂ ਕਰਨ ਦਾ ਭਰੋਸਾ ਦਿੱਤਾ। ਸਿਰਸਾ ਨੇ ਕਿਹਾ ਕਿ ਦਿੱਲੀ ਗਤਕਾ ਐਸੋਸੀਏਸ਼ਨ ਵੱਲੋਂ ਦਿੱਲੀ ਵਿਖੇ ਕੌਮੀ ਮੁਕਾਬਲੇ ਕਰਵਾਉਣ ਨਾਲ ਦਿੱਲੀ ਵਿਚ ਗਤਕੇ ਨਾਲ ਨੌਜਵਾਨਾਂ ਦੇ ਜੁੜਨ ਵਿਚ ਇਜਾਫ਼ਾ ਹੋਵੇਗਾ। ਨਿਯਮ-ਕਾਇਦਿਆਂ ਦੇ ਤਹਿਤ ਹੋ ਰਹੇ ਇਨ੍ਹਾਂ ਮੁਕਾਬਲਿਆਂ ਸੱਦਕਾ ਗਤਕੇ ਦੇ ਖੇਡ ਵੱਜੋਂ ਉਭਰਣ ਦੀ ਵੀ ਸਿਰਸਾ ਨੇ ਆਸ ਪ੍ਰਗਟਾਈ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ, ਸਕੱਤਰ ਸਮਰਦੀਪ ਸਿੰਘ ਸੰਨੀ ਅਤੇ ਗਤਕਾ ਫੈਡਰੇਸ਼ਨ ਦੇ ਅਹੁੱਦੇਦਾਰਾਂ ਵੱਲੋਂ ਆਏ ਹੋਏ ਪਤਿਵੰਤੇ ਸਜਣਾ ਦਾ ਸਨਮਾਨ ਕੀਤਾ ਗਿਆ।