ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰਰਗ ਕਮੇਟੀ ਦੇ ਹੋਏ ਫੈਸਲਿਆਂ ਅਨੁਸਾਰ ਅੱਜ ਅਰਦਾਸ ਉਪਰੰਤ ਸਥਾਨਕ ਕੇਂਦਰੀ ਸਿੱਖ ਅਜਾਇਬਘਰ ਵਿਖੇ ਨਾਮਵਰ ਵਿਦਵਾਨ ਪ੍ਰੋ: ਸ਼ੇਰ ਸਿੰਘ ਸ਼ੇਰ (ਸਾਬਕਾ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ), ਸ. ਜਗੀਰ ਸਿੰਘ ਟਾਂਡਾ, ਸ. ਬੱਗਾ ਸਿੰਘ (ਦੋਵੇਂ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ) ਅਤੇ ਜਥੇ: ਮਹਿੰਦਰ ਸਿੰਘ ਨਨਕਾਣਾ ਸਾਹਿਬ ਵਾਲਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮ ਦੇ ਸ਼ਹੀਦਾਂ, ਵਿਦਵਾਨਾਂ, ਸਿੱਖ ਕੌਮ, ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਵਿਲੱਖਣ ਸੇਵਾਵਾਂ ਕਰਨ ਵਾਲੀਆਂ ਸਖਸ਼ੀਅਤਾਂ ਦੇ ਸਨਮਾਨ ਵਜੋਂ ਉਨ੍ਹਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬਘਰ ’ਚ ਸੁਸ਼ੋਭਿਤ ਕੀਤੇ ਜਾਂਦੇ ਹਨ ਤਾਂ ਜੋ ਆਉਣ ਵਾਲੀ ਪੀੜੀ ਇਨ੍ਹਾਂ ਤੋਂ ਪ੍ਰੇਰਨਾਂ ਲੈ ਸਕੇ। ਉਨ੍ਹਾਂ ਕਿਹਾ ਕਿ ਅੱਜ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ, ਪਦਮ ਸ੍ਰੀ ਅਤੇ ਇੰਟਰਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਦੇ ਖਿਤਾਬ ਨਾਲ ਸਨਮਾਨਤ ਉੱਘੇ ਵਿਦਵਾਨ ਪ੍ਰੋ: ਸ਼ੇਰ ਸਿੰਘ ਸ਼ੇਰ, ਸ. ਜਗੀਰ ਸਿੰਘ ਟਾਂਡਾ, ਸ. ਬੱਗਾ ਸਿੰਘ ਮਾਨਸਾ (ਦੋਵੇਂ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਤੇ ਜਥੇਦਾਰ ਮਹਿੰਦਰ ਸਿੰਘ ਨਨਕਾਣਾ ਸਾਹਿਬ ਵਾਲਿਆਂ ਦੀਆਂ ਪੰਥਕ ਸੇਵਾਵਾਂ ਬਦਲੇ ਉਨ੍ਹਾਂ ਦੇ ਚਿੱਤਰ ਸੁਸ਼ੋਭਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਾਨ ਸਖਸ਼ੀਅਤਾਂ ਤੇ ਪ੍ਰੀਵਾਰਾਂ ਨੂੰ ਇਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚਲਦਿਆਂ ਪੰਥ ਪ੍ਰਤੀ ਸੇਵਾਵਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖੀ ਨੂੰ ਪ੍ਰਫੁਲਤ ਕਰਨ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਮਾਜ ਵਿਚ ਇਕ ਮਿਸ਼ਨਰੀ ਵਜੋਂ ਵਿਚਰਨਾ ਚਾਹੀਦਾ ਹੈ ਤਾਂ ਜੋ ਨਵੀਂ ਪੀੜੀ ਨੂੰ ਸਿੱਖੀ ’ਚ ਪ੍ਰਪੱਕ ਕੀਤਾ ਜਾ ਸਕੇ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਉਕਤ ਸਖ਼ਸ਼ੀਅਤਾਂ ਦੇ ਪ੍ਰੀਵਾਰਾਂ ਦੇ ਮੈਂਬਰਾਂ, ਜਥੇਦਾਰ ਜਗੀਰ ਸਿੰਘ ਟਾਂਡਾ ਦੇ ਬੇਟੇ ਸ. ਰਣਜੀਤ ਸਿੰਘ, ਕਾਕਾ ਹਰਪਾਲ ਸਿੰਘ (ਪੋਤਰਾ), ਸ. ਜਗਜੀਤ ਸਿੰਘ ਡੀ.ਐਸ.ਪੀ, ਚੌਧਰੀ ਬਲਬੀਰ ਸਿੰਘ ਸਾਬਕਾ ਮੰਤਰੀ, ਸ. ਗੁਰਮੀਤ ਸਿੰਘ ਐਸ.ਡੀ.ਐਮ., ਬੀਬੀ ਨਿਰਮਲ ਕੌਰ, ਸ. ਦਲੇਰ ਸਿੰਘ ਤੇ ਬੀਬੀ ਸੁਖਦੇਵ ਕੌਰ, ਪ੍ਰੋਫੈਸਰ ਸ਼ੇਰ ਸਿੰਘ ਦੇ ਬੇਟੇ ਸ. ਅਮਰਜੀਤ ਸਿੰਘ, ਬੀਬੀ ਪ੍ਰਮਿੰਦਰ ਕੌਰ, ਬੀਬੀ ਦਲਜੀਤ ਕੌਰ ਤੇ ਕਾਕਾ ਅਮਨਦੀਪ ਸਿੰਘ, ਸ. ਬੱਗਾ ਸਿੰਘ ਦੇ ਭਰਾ ਸ. ਗੁਰਦਿਆਲ ਸਿੰਘ, ਸ. ਕਰਮ ਸਿੰਘ ਤੇ ਸ. ਚੰਦ ਸਿੰਘ, ਭੈਣਾਂ ਬੀਬੀ ਪ੍ਰਕਾਸ਼ ਕੌਰ, ਬੀਬੀ ਨਸੀਬ ਕੌਰ, ਬੀਬੀ ਬਲਵੰਤ ਕੌਰ, ਸਾਬਕਾ ਮੰਤਰੀ ਸ. ਗੋਬਿੰਦ ਸਿਂੰਘ ਕਾਂਜਲਾ ਅਤੇ ਬਾਬਾ ਮਹਿੰਦਰ ਸਿੰਘ ਜੀ ਨਨਕਾਣਾ ਸਾਹਿਬ ਵਾਲਿਆਂ ਵਲੋਂ ਪੁੱਜੇ ਝਬਾਲ ਰੋਡ ’ਤੇ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਬਾਬਾ ਸੰਗਤ ਸਿੰਘ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ, ਬੀਬੀ ਰਜਿੰਦਰ ਕੌਰ, ਜਥੇਦਾਰ ਅਮਰ ਸਿੰਘ ਤੇ ਸ. ਕੁਲਵੰਤ ਸਿੰਘ ਲਾਲੀ ਨੂੰ ਸਨਮਾਨ ਵਜੋਂ ਸਿਰੋਪਾਓ ਬਖਸ਼ਿਸ਼ ਕੀਤੇ।
ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਹੈੱਡ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕੀਤੀ, ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਦੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਅਤੇ ਅਰਦਾਸ ਭਾਈ ਧਰਮ ਸਿੰਘ ਨੇ ਕੀਤੀ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਤੇ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਰਣਵੀਰ ਸਿੰਘ, ਐਡੀ: ਸਕੱਤਰ ਸ. ਸਤਿਬੀਰ ਸਿੰਘ, ਸ. ਰੂਪ ਸਿੰਘ ਤੇ ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਗੁਰਬਚਨ ਸਿੰਘ, ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦੇ ਡਾਇਰੈਕਟਰ ਡਾ: ਜਸਬੀਰ ਸਿੰਘ ਸਾਬਰ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੁਪ੍ਰਿੰਟੈਂਡੈਂਟ ਸ. ਬਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ, ਐਡੀ: ਮੈਨੇਜਰ ਸ. ਟਹਿਲ ਸਿੰਘ ਤੇ ਸ. ਜਵਾਹਰ ਸਿੰਘ, ਮੀਤ ਮੈਨੇਜਰ ਸ. ਮੰਗਲ ਸਿੰਘ ਤੇ ਸ. ਬੇਅੰਤ ਸਿੰਘ, ਸੁਪਰਵਾਈਜ਼ਰ ਸ. ਇਕਬਾਲ ਸਿੰਘ (ਮੁਖੀ) ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।