ਕਿਹਾ ਜਾਂਦਾ ਹੈ ਕਿ ਆਦਮੀ ਜੋ ਬੀਜਦਾ ਹੈ,ਉਹੀ ਕੱਟਦਾ ਹੈ।ਜਿਹੋ ਜਿਹੇ ਕੰਮ ਕਰਦਾ ਹੈ ਉਸ ਤਰ੍ਹਾਂ ਦਾ ਫਲ ਮਿਲ ਜਾਂਦਾ ਹੈ, ਚੰਗੇ ਕੰਮਾਂ ਦਾ ਚੰਗਾ ਤੇ ਮੰਦੇ ਕੰਮਾਂ ਦਾ ਮੰਦਾ ਫਲ।ਕਿਸੇ ਦੂਸਰੇ ਵਿਅਕਤੀ ਦਾ ਬੁਰਾ ਕਰਦਾ ਹੈ,ਦੁਖੀ ਕਰਦਾ ਹੈ,ਪ੍ਰੇਸ਼ਾਨ ਕਰਦਾ ਹੈ,ਉਸ ਦੀ ਸਜ਼ਾ ਪਰਮਾਤਮਾ ਇਕ ਦਿਨ ਜ਼ਰੂਰ ਦਿੰਦਾ ਹੈ।ਆਦਮੀ ਸਾਰੀ ਦਨੀਆ ਨੂੰ ਧੋਖਾ ਦੇ ਸਕਦਾ ਹੈ ਪਰ ਆਪਣੇ ਆਪ ਤੇ ਪਰਮਾਤਮਾ ਨੂੰ ਨਹੀਂ।ਹਰ ਪ੍ਰਾਣੀ ਦੀ ਹਰ ਹਰਕਤ ਉਤੇ ਵਾਹਿਗੁਰੂ ਦੀ ਹਰ ਸਮੇਂ ਨਜ਼ਰ ਰਹਿੰਦੀ ਹੈ।ਗੁਰਬਾਣੀ ਵਿਚ ਵੀ ਕਿਹਾ ਗਿਆ ਹੈ:-
ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ।।ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ।।
ਭਾਵ ਕਿ ਪਰਮਾਤਮਾ ਹਰ ਵਿਅਕਤੀ ਦੇ ਚੰਗੇ ਬੁਰੇ ਕੰਮ ਦੇਖ ਰਿਹਾ ਹੈ।ਇਨ੍ਹਾ ਅਪਣੇ ਚੰਗੇ ਬੁਰੇ ਕਰਮਾਂ ਦਾ ਨਤੀਜਾ ਕਿਸ ਨਾ ਕਿਸੇ ਸਮੇਂ ਭੁਗਤਣਾ ਪੈਣਾ ਹੈ। ਇਕ ਸੱਚੀ ਕਹਾਣੀ ਇਸ ਦੀ ਗਵਾਹੀ ਭਰਦੀ ਹੈ।
ਇਹ ਅਗੱਸਤ 1947 ਦੇ ਕਾਲੇ ਦਿਨਾਂ ਦੀ ਗਲ ਹੈ ਜਦੋਂ ਪੰਜਾਬ ਦੇ ਪੰਜ ਦਰਿਆਵਾਂ ਵਿਚ ਕਿਸੇ ਚੰਦਰੇ ਨੇ ਜ਼ਹਿਰ ਘੋਲ ਦਿਤਾ ਸੀ ਤੇ ਕਾਲੀ ਹਨੇਰੀ ਵਿਚ ਆਮ ਆਦਮੀ ਦੇ ਪੈਰ ਉਖੜ ਗਏ ਸਨ,ਸਿਰਫ ਉਹੋ ਅਪਣੇ ਪੈਰਾਂ ਤੇ ਖੜੇ ਰਹੇ ਜੋ ਪਰਮਾਤਮਾ ਨਾਲ ਜੁੜੇ ਹੋਏ ਸਨ,ਨੇਕ ਕੰਮ ਕਰਦੇ ਸਨ।ਉਸ ਸਮੇਂ ਆਦਮੀ ਹੈਵਾਨ ਹੋ ਗਿਆ ਸੀ, ਸ਼ੈਤਾਨ ਹੋ ਗਿਆ ਸੀ,ਰਾਖ਼ਸ਼ਿਸ਼ ਬਣ ਗਿਆ ਸੀ,ਅਪਣੇ ਹੀ ਆਂਢੀਆਂ ਗੁਆਂਢੀਆ ਨਾਲ ਵਹਿਸ਼ੀਆਣਾ ਵਰਤਾਓ ਕਰਨ ਲਗਾ,ਜ਼ੁਲਮ ਤਸ਼ੱਦਦ ਕਰਨ ਲਗਾ। ਨਨਕਾਣਾ ਸਾਹਿਬ ਵਿਖੇ ਰਹਿ ਰਹੇ ਫਤਿਹ ਦੀਨ ਦੇ ਵੀ ਪੈਰ ਉਖੜ ਗਏ।ਅਪਣੇ ਘਰੋਂ ਉਠ ਉਹ ਚੋਰੀ ਕਰਨ ਗੁਰੁ ਨਾਨਕ ਦੇਵ ਜੀ ਦੇ ਪਾਵਨ ਜਨਮ ਅਸਥਾਨ ਆਇਆ।ਮੁਖ ਦੁਆਰ ਤੇ ਪਹਿਰਾ ਸੀ।ਪਿਛਲੀ ਦੀਵਾਰ ਟੱਪ ਕੇ ਉ੍ਹਹ ਅੰਦਰ ਗਿਆ ਤੇ ਸੰਦੂਕੜੀ (ਗੋਲਕ) ਚੁਕ ਲਿਆਇਆ।ਘਰ ਆ ਕੇ ਇਸ ਦਾ ਜਿੰਦਰਾ ਤੋੜਿਆ ਤਾਂ ਵਿਚੋਂ 3,657 ਰੁਪੈ ਨਿਕਲੇ,ਜੋ ਉਨ੍ਹਾ ਦਿਨਾਂ ਵਿਚ ਇਕ ਬਹੁਤ ਵੱਡੀ ਰਕਮ ਸੀ,ਅਜ ਦੇ ਲੱਖਾਂ ਦੇ ਬਰਾਬਰ।ਉਹ ਬੜਾ ਖੁਸ਼ ਹੋਇਆ।ਉਸ ਨੇ ਅਪਣੇ ਵੱਡੇ ਪੁੱਤਰ ਦਾ ਵਿਆਹ ਰਖਿਆ ਹੋਇਆ ਸੀ।ਏਡੀ ਵੱਡੀ ਰਕਮ ਮਿਲਣ ਤੇ ਉਸ ਨੇ ਅਪਣੀ ਧੀ ਦਾ ਵਿਆਹ ਵੀ ਪੱਕਾ ਕਰ ਲਿਆ।ਦੋਨੋ ਵਿਆਹ ਬੜੀ ਧੁਮ ਧਾਮ ਨਾਲ ਕੀਤੇ।
ਵਿਆਹ ਤੋਂ ਕੁਝ ਦਿਨ ਪਿਛੋਂ ਉਸ ਨੇ ਨਵ-ਵਿਆਹੁਤਾ ਪੁੱਤਰ, ਨੂੰਹ ਤੇ ਧੀ ਨੂੰ ਕਿਹਾ ਕਿ ਲਾਹੌਰ ਜਾ ਕੇ ਹਜ਼ਰਤ ਸਾਈ ਮੀਆਂ ਮੀਰ ਦੀ ਦਰਗਾਹ ਤੇ ਚੱਦਰ ਚੜ੍ਹਾ ਕੇ ਅਸ਼ੀਰਵਾਦ ਲੈ ਆਓ।ਸੋ ਤਿੰਨੇ ਨਵ-ਵਿਆਹੁਤਾ ਗੱਡੀ ਰਾਹੀ ਲਾਹੌਰ ਆਏ ਤੇ ਸਟੇਸ਼ਨ ਤੋਂ ਦਰਗਾਹ ਜਾਣ ਲਈ ਟਾਂਗਾ ਲਿਆ।ਰਸਤੇ ਵਿਚ ਇਕ ਤੇਜ਼ ਰਫਤਾਰ ਟਰੱਕ ਨਾਲ ਟੱਕਰ ਹੋ ਗਈ ਜਿਸ ਵਿਚ ਉਹ ਤਿੰਨੇ ਤੇ ਟਾਂਗੇਵਾਲਾ ਮੌਕੇ ਤੇ ਹੀ ਮਾਰੇ ਗਏ।ਜਦ ਕਈ ਦਿਨ ਘਰ ਨਾ ਮੁੜੇ,ਤਾਂ ਫਤਿਹ ਦੀਨ ਪਤਾ ਕਰਨ ਲਈ ਲਾਹੌਰ ਆਇਆ ਤੇ ਸਾਰੇ ਰਿਸ਼ਤੇਦਾਰਾਂ ਦੇ ਘਰ ਗਿਆ। ਹਰ ਇਕ ਨੇ ਇਹੋ ਕਿਹਾ ਕਿ ਉਹ ਤਿੰਨੇ ਉਨ੍ਹਾ ਪਾਸ ਆਏ ਹੀ ਨਹੀਂ। ਹਾਰ ਹੰਭ ਕੇ ਉਹ ਪੁਲਿਸ ਪਾਸ ਰੀਪੋਰਟ ਦਰਜ ਕਰਵਾਉਣ ਗਿਆ,ਤਾ ਥਾਣੇ ਦੇ ਮੁਨਸ਼ੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਕ ਟਰੱਕ-ਟਾਂਗਾ ਹਾਦਸੇ ਵਿਚ ਟਾਗੇਵਾਲੇ ਸਮੇਤ ਦੋ ਆਦਮੀ ਤੇ ਦੋ ਔਰਤਾਂ ਮਾਰੀਆਂ ਗਈਆ ਹਨ ,ਤੁਸੀ ਪਹਿਲਾਂ ਉਨ੍ਹਾ ਦੇ ਕਪੜੇ ਦੇਖ ਲਓ। ਜਦੋਂ ਫਤਿਹ ਦੀਨ ਨੇ ਇਹ ਕਪੜੇ ਦੇਖੇ ਤਾਂ ਇਕ ਦੰਮ ਬੇਹੋਸ਼ ਹੋ ਕੇ ਡਿਗ ਪਿਆ।ਇਹ ਉਹੋ ਕਪੜੇ ਸਨ,ਜੋ ਉਸ ਦੇ ਬੱਚੇ ਘਰੋਂ ਪਾ ਕੇ ਆਏ ਸਨ।ਹੋਸ਼ ਆਉਣ ਤੇ ਉਸ ਨੂੰ ਘਰ ਪਹੁੰਚਾਇਆ ਗਿਆ।
ਫਤਿਹ ਦੀਨ ਨੇ ਸੋਚਿਆ ਕਿ ਉਸ ਨੇ ਇਕ ਰੱਬੀ-ਆਤਮਾ ਗੁਰੁ ਨਾਨਕ ਦੇ ਘਰ ਚੋਰੀ ਕੀਤੀ ਸੀ,ਜਿਸ ਦੀ ਉਸ ਨੂੰ ਸਜ਼ਾ ਮਿਲੀ ਹੈ।ਉਸ ਨੇ ਅਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਤੋਂ ਪੈਸੇ ਉਧਾਰ ਲੈ ਕੇ 3,657 ਰੁਪੈ ਵਕਫ ਬੋਰਡ,ਜੋ ਪਾਕਿਸਤਾਨ ਦੇ ਗੁਰਧਾਮ ਦਾ ਪ੍ਰਬੰਧ ਦੇਖ ਰਿਹਾ ਸੀ,ਪਾਸ ਜਮ੍ਹਾ ਕਰਵਾਏ ਤੇ ਪ੍ਰਾਸਚਿਤ ਕਰਨ ਲਈ ਚੌਲਾਂ ਦੀਆਂ ਪੰਜ ਦੇਗ਼ਾਂ ਗਰੀਬਾਂ ਵਿਚ ਵੰਡੀਆਂ।ਫਤਿਹ ਦੀਨ ਖ਼ੁਦ ਹੀ ਭਾਰਤ ਤੋਂ ਜਾਣ ਵਾਲੇ ਸਿੱਖ ਯਾਤਰੀਆ ਨੂੰ ਹੰਝੂ ਵਹਾਉਂਦਾ ਹੋਇਆ ਆਪਣੀ ਇਹ ਆਪ-ਬੀਤੀ ਸੁਣਾਉਂਦਾ ਰਿਹਾ ਹੈ।