ਨਵੀਂ ਦਿੱਲੀ : ਬੀਤੇ ਦਿਨੀਂ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਇਤਿਹਾਸ ਸੰਬੰਧੀ ਜਾਣਕਾਰੀ ਹਾਸਿਲ ਕਰਨ ਲਈ ਕੋਚੀਨ ਚਰਚ ਦੇ ਮੁੱਖੀ ਡਾ. ਯਾਕੂਬ ਮਾਰ ਇਰਾਨਿਓਸ (ਮੈਟ੍ਰੋਪਾਲਿਟਨ) ਅਤੇ ਜਨਕਪੁਰੀ ਨਵੀਂ ਦਿੱਲੀ ਚਰਚ ਦੇ ਮੁਖੀ ਫਾਦਰ ਬੀਜੂ ਪੀ. ਥਾਮਸ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨਾਂ ਲਈ ਪੁਜੇ, ਜਿਥੇ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ), ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਅਤੇ ਸ. ਸੋਹਣ ਸਿੰਘ ਖਾਲਸਾ ਨੇ ਉਨ੍ਹਾਂ ਨੂੰ ਜੀ ਆਇਆ ਆਖਦਿਆਂ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਇਤਿਹਾਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰਾਣਾ ਪਰਮਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨਾਲ ਸੰਬੰਧਤ ਯਾਦਗਾਰੀ ਚਿੰਨ੍ਹ ਭੇਟ ਕਰ ਸਨਮਾਨਤ ਕੀਤਾ। ਉਨ੍ਹਾਂ ਨੇ ਦੀਵਾਨ ਵਿੱਚ ਸੰਗਤ ਵਿੱਚ ਬੈਠ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਲੰਗਰ ਵਿੱਚ ਜਾ ਨਾਮ ਜਪਦਿਆਂ ਲੰਗਰ ਤਿਆਰ ਕਰਨ ਤੇ ਵਰਤਾਣ ਦੀ ਸੇਵਾ ਕਰ ਰਹੀਆਂ ਅਤੇ ਪੰਗਤ ਵਿੱਚ ਬੈਠ ਬਿਨਾਂ ਕਿਸੇ ਭੇਦ ਭਾਵ ਦੇ ਲੰਗਰ ਛੱਕ ਰਹੀਆਂ ਸੰਗਤਾਂ ਨੂੰ ਵੇਖ ਉਹ ਬਹੁਤ ਹੀ ਪ੍ਰਭਾਵਤ ਹੋੲੈ। ਉਹ ਸਿੱਖਾਂ ਵਲੋਂ ਕੀਤੀ ਜਾ ਰਹੀ ਮਾਨਵ ਸੇਵਾ ਤੋਂ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਕਿਹਾ ਕਿ ਮਨੁਖਤਾ ਦੀ ਸੇਵਾ ਕਰਨ ਦੀ ਜੋ ਸੇਧ ਸਾਨੂੰ ਸਿੱਖ ਧਰਮ ਤੋਂ ਮਿਲਦੀ ਹੈ, ਉਹ ਹੋਰ ਕਿਧਰੋਂ ਵੀ ਨਹੀਂ ਮਿਲਦੀ । ਫਾਦਰ ਬੀਜੂ ਪੀ. ਥਾਮਸ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਸਿੱਖਾਂ ਦੀ ਜੇਬ੍ਹ ਵਿੱਚ ਭਾਵੇਂ ਪੈਸੇ ਹੋਣ ਜਾਂ ਨਾਂਹ, ਪਰ ਉਹ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਸਦਾ ਹੀ ਤਿਆਰ ਰਹਿੰਦੇ ਹਨ।