ਫ਼ਤਹਿਗੜ੍ਹ ਸਾਹਿਬ “ਬਾਬਾ ਚਮਕੌਰ ਸਿੰਘ ਭਾਈ ਰੂਪਾ ਜੋ ਯੂਨਾਈਟਡ ਅਕਾਲੀ ਦਲ ਦੇ ਧਾਰਮਿਕ ਵਿੰਗ ਦੇ ਮੁੱਖੀ ਹਨ ਅਤੇ ਜੋ ਪੰਜਾਬ ਵਿਚ ਧਰਮ ਤੇ ਅਧਾਰਿਤ ਪ੍ਰਚਾਰ ਕਰਨ ਅਤੇ ਗੁਰਬਾਣੀ ਦੀ ਵਿਆਖਿਆ ਕਰਨ ਦੀ ਜਿੰਮੇਵਾਰੀ ਨਿਭਾਉਦੇ ਆ ਰਹੇ ਹਨ, ਉਹਨਾਂ ਨੂੰ ਫ਼ਰੀਦਕੋਟ ਦੀ ਪੁਲਿਸ ਵੱਲੋਂ ਨਿਸ਼ਾਨਾਂ ਬਣਾਕੇ ਪੁਲਿਸ ਦੀ ਐਸ.ਆਈ.ਟੀ. ਵੱਲੋਂ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕਰਨ ਦੀ ਸਾਜਿ਼ਸ ਸਿੱਖ ਧਰਮ ਦੇ ਪ੍ਰਚਾਰ ਵਿਚ ਵਿਘਨ ਪਾਉਣ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਦੇ ਮਨਸੂਬੇ ਹਨ । ਜਿਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਬਿਲਕੁਲ ਵੀ ਸਹਿਣ ਨਹੀਂ ਕਰਨਗੀਆ । ਜਿਨ੍ਹਾਂ ਪੁਲਿਸ ਅਫ਼ਸਰਾਨ ਨੇ ਇਹ ਘਿਣੋਨੀ ਹਰਕਤ ਕੀਤੀ ਹੈ, ਉਹਨਾਂ ਵਿਰੁੱਧ ਪੰਥਕ ਜਥੇਬੰਦੀਆਂ ਨੂੰ ਮਜ਼ਬੂਰਨ ਬਿਗੁਲ ਬਜਾਉਣਾ ਪਵੇਗਾ, ਜਿਸ ਦੇ ਨਤੀਜੇ ਕਦੀ ਵੀ ਸਾਰਥਿਕ ਨਹੀਂ ਨਿਕਲ ਸਕਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਬਾ ਚਮਕੌਰ ਸਿੰਘ ਭਾਈ ਰੂਪਾ ਦੀ ਫ਼ਰੀਦਕੋਟ ਦੇ ਐਸ.ਐਸ.ਪੀ. ਸ੍ਰੀ ਦਰਸ਼ਨ ਸਿੰਘ ਮਾਨ ਵੱਲੋਂ ਬਾਦਲ-ਬੀਜੇਪੀ ਹੁਕਮਰਾਨਾਂ ਦੇ ਗੈਰ-ਕਾਨੂੰਨੀ ਜੁਬਾਨੀ ਹੁਕਮਾਂ ਉਤੇ ਕੀਤੇ ਗਏ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਅਤੇ ਅਜਿਹੀਆ ਕਾਰਵਾਈਆ ਨੂੰ ਸਿੱਖ ਕੌਮ ਵੱਲੋਂ ਸਹਿਣ ਨਾ ਕਰਨ ਦੇ ਵਿਚਾਰ ਪ੍ਰਗਟਾਉਦੇ ਹੋਏ ਜ਼ਾਹਰ ਕੀਤੇ । ਉਹਨਾਂ ਕਿਹਾ ਕਿ ਬਹੁਤ ਹੀ ਦੁੱਖ ਅਤੇ ਅਫਸੋਸ ਵਾਲੇ ਅਮਲ ਹਨ ਕਿ ਮੌਜੂਦਾ ਪੁਲਿਸ ਅਤੇ ਸਿਵਲ ਅਫ਼ਸਰਸ਼ਾਹੀ ਦੇ ਅਫ਼ਸਰਾਂ ਦੀ ਬਹੁਤੀ ਗਿਣਤੀ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਦੇ ਮੰਦਭਾਵਨਾ ਭਰੇ ਮਨਸੂਬਿਆਂ ਨੂੰ ਪੂਰਨ ਕਰਨ ਹਿੱਤ ਅਤੇ ਤਰੱਕੀਆ ਲੈਣ ਦੇ ਸਵਾਰਥ ਹਿੱਤ ਅਜਿਹੇ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਅਮਲਾਂ ਵਿਚ ਮਸਰੂਫ ਹੋ ਚੁੱਕੀ ਹੈ । ਜਿਸ ਨਾਲ ਵਿਰੋਧੀਆਂ ਵਿਚ ਦਹਿਸਤ ਵੀ ਪਾਈ ਜਾਵੇ ਅਤੇ ਉਹਨਾਂ ਇਮਾਨਦਾਰ, ਧਾਰਮਿਕ, ਸਮਾਜਿਕ ਅਤੇ ਦ੍ਰਿੜਤਾ ਰੱਖਣ ਵਾਲੀਆਂ ਪੰਥਕ ਸਖਸ਼ੀਅਤਾਂ ਨੂੰ ਅਜਿਹੇ ਝੂਠੇ ਕੇਸਾਂ ਵਿਚ ਉਲਝਾਕੇ ਬਦਨਾਮ ਕੀਤਾ ਜਾਵੇ । ਸ. ਮਾਨ ਨੇ ਅਜਿਹੀ ਜੀ-ਹਜ਼ੂਰੀ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਗੰਭੀਰਤਾ ਨਾਲ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੋ ਅਫ਼ਸਰਾਨ ਹੁਕਮਰਾਨਾਂ ਦੀ ਸਹਿ ਤੇ ਵਿਰੋਧੀ ਪਾਰਟੀਆਂ ਨਾਲ ਸੰਬੰਧਤ ਉੱਚੇ-ਸੁੱਚੇ ਇਖ਼ਲਾਕ ਵਾਲੀਆਂ ਸਖਸ਼ੀਅਤਾਂ ਉਤੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕਰਨ ਦੇ ਆਦੀ ਹਨ, ਉਹਨਾਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਇੰਟਰਨੈਸ਼ਨਲ ਕਰੀਮੀਨਲ ਕੋਰਟ ਐਟ ਦਾ ਹੇਂਗ (International Criminal Court at the Hague) ਦੇ ਕਟਹਿਰੇ ਵਿਚ ਖੜ੍ਹਾ ਕਰਕੇ ਅਵੱਸ ਸਜ਼ਾਵਾਂ ਦਿਵਾਈਆ ਜਾਣਗੀਆ । ਉਸ ਸਮੇਂ ਅਜਿਹੇ ਜੀ-ਹਜ਼ੂਰੀ ਤੇ ਗੈਰ-ਕਾਨੂੰਨੀ ਅਮਲ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਬਚਾਉਣ ਲਈ ਕੋਈ ਬਾਕੀ ਰਸਤਾ ਨਹੀਂ ਬਚੇਗਾ । ਇਸ ਲਈ ਅਜਿਹੀ ਸੋਚ ਰੱਖਣ ਵਾਲੀ ਅਫ਼ਸਰਸ਼ਾਹੀ ਨੂੰ ਅਸੀਂ ਇਹ ਵੀ ਨੇਕ ਸਲਾਹ ਦੇਣਾ ਚਾਹਵਾਂਗੇ ਕਿ ਉਹ ਗੈਰ-ਕਾਨੂੰਨੀ ਅਤੇ ਗੈਰ-ਸਮਾਜਿਕ ਤਰੀਕੇ ਸਿੱਖ ਕੌਮ ਦੀਆਂ ਸਖਸ਼ੀਅਤਾਂ ਨਾਲ ਦੁਰਵਿਵਹਾਰ ਕਰਨ ਅਤੇ ਮੰਦਭਾਵਨਾ ਅਧੀਨ ਅਮਲ ਕਰਨ ਤੋ ਤੋਬਾ ਕਰਨ ਲੈਣ ਤਾਂ ਬਿਹਤਰ ਹੋਵੇਗਾ ।