ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ (ਪਟਿਆਲਾ) ਵਿਖੇ ਕਿਸਾਨ ਮੇਲਾ ਲਾਇਆ ਗਿਆ। ਇਸ ਕਿਸਾਨ ਮੇਲੇ ਵਿਚ ਕੁਮਾਰ ਸੌਰਵ ਰਾਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ੍ਰੀ ਰਾਜਬੀਰ ਬਰਾੜ, ਡਾਇਰੈਕਟਰ (ਅਟਾਰੀ), ਸ ਜਸਪਾਲ ਸਿੰਘ ਕਲਿਆਣ, ਚੇਅਰਮੈਨ ਜਿਲ੍ਹਾ ਪ੍ਰੀਸ਼ਦ ਵੀ ਸਟੇਜ ਉਤੇ ਸੁਸੋਭਿਤ ਸਨ। ਇਸ ਮੇਲੇ ਦਾ ਉਦਘਾਟਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿਲੋਂ ਨੇ ਕੀਤਾ।
ਉਦਘਾਟਨੀ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿਲੋਂ ਨੇ ਕਿਸਾਨ ਵੀਰਾਂ ਦੇ ਮੇਲੇ ਵਿਚ ਉਤਸ਼ਾਹ ਨਾਲ ਪਹੁੰਚਣ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਇਸ ਮੌਕੇ ਮੈਂ ਤੁਹਾਡੇ ਕੋਲ ਕੁਝ ਬੇਨਤੀਆਂ ਅਤੇ ਕੁਝ ਖੁਸ਼ੀ ਦੇ ਇਜਹਾਰ ਕਰਨ ਆਇਆ ਹਾਂ। ਉਨ੍ਹਾਂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ, ਦਿੱਲੀ ਵਲੋਂ ਪੰਜਾਬ ਨੂੰ ਮਿਲੇ ਦੋ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਖੁਸ਼ੀ ਕਿਸਾਨਾਂ ਨਾਲ ਸਾਂਝੀ ਕੀਤੀ । ਡਾ ਢਿੱਲੋਂ ਨੇ ਇਸ ਮੰਚ ਤੋਂ ਪੰਜਾਬ ਦੇ ਸਮੁੱਚੇ ਕਿਸਾਨਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਨੇ ਤਿੰਨ ਖੇਤਰਾਂ ਵਿਚ ਮਹੱਤਵਪੂਰਨ ਸਹਿਯੋਗ ਦੇ ਕੇ ਜਿਥੇ ਖਾਦਾਂ ਦੀ ਵਰਤੋਂ ਘਟਾਈ ਹੈ, ਕੀਟਨਾਸ਼ਕਾਂ ਦੀ ਵਰਤੋਂ ਘਟਾਈ ਹੈ, ਉਥੇ ਚਿੱਟੀ ਮੱਖੀ ਵਰਗੇ ਭਿਆਨਕ ਹਮਲੇ ਨੂੰ ਰੋਕਣ ਵਿਚ ਵੀ ਮਹੱਤਵਪੂਰਨ ਸਹਿਯੋਗ ਦਿੱਤਾ ਹੈ। ਬਿਨ੍ਹਾਂ ਸ਼ੱਕ ਇਹ ਕਿਸਾਨਾਂ ਦੇ ਸਹਿਯੋਗ ਤੋਂ ਬਿਨ੍ਹਾਂ ਸੰਭਵ ਨਹੀਂ ਸੀ। ਇਸ ਸਾਲ ਜਿਥੇ ਪਾਣੀ ਦਾ ਡਿਗਦਾ ਪੱਧਰ 95 ਸੈਟੀਮੀਟਰ ਤੋਂ 55 ਸੈਂਟੀਮੀਟਰ ਤੇ ਆ ਗਿਆ ਹੈ, ਉਥੇ 600 ਕਰੋੜ ਰੁਪਏ ਦੀਆਂ ਖਾਦਾਂ ਦੀ ਖਪਤ ਵੀ ਘੱਟ ਹੋਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਮਸ਼ੀਨੀਕਰਣ ਅਤੇ ਮੰਡੀਕਰਣ ਪਖੋਂ ਇਕੱਠੇ ਹੋਣ ਲਈ ਕਿਹਾ ਅਤੇ ਦੱਸਿਆ ਕਿ ਇਸ ਨਾਲ ਅਸੀਂ 35 ਪ੍ਰਤੀਸ਼ਤ ਤੱਕ ਦੀ ਬਚਤ ਕਰ ਸਕਦੇ ਹਾਂ। ਡਾ ਢਿੱਲੋਂ ਨੇ ਨਵੇਂ ਤਜਰਬਿਆਂ ਬਾਰੇ ਕਿਸਾਨਾਂ ਦੀ ਤਾਂਘ ਨੂੰ ਸਲਾਮ ਕਰਦਿਆਂ ਬੇਨਤੀ ਵੀ ਕੀਤੀ ਕਿ ਇਹ ਤਜਰਬੇ ਹਮੇਸ਼ਾਂ ਛੋਟੇ ਪੱਧਰ ਤੇ ਕੀਤੇ ਜਾਣ। ਇਕ ਹੀ ਕਿਸਮ ਥੱਲੇ ਸਾਰਾ ਏਰੀਆ ਨਾ ਲਿਆਂਦਾ ਜਾਵੇ। ਉਨ੍ਹਾਂ ਨੇ ਰਲਵੀਂ ਖੇਤੀ, ਪਰਾਲੀ ਦੀ ਸੁਚੱਜੀ ਸੰਭਾਲ, ਘਰੇਲੂ ਬਗੀਚੀ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਵੀ ਮਹੱਤਵਪੂਰਨ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ।
ਮੇਲੇ ਦੇ ਵਿਸ਼ੇਸ਼ ਮਹਿਮਾਨ ਸ੍ਰੀ ਕੁਮਾਰ ਸੌਰਵ ਰਾਜ ਨੇ ਕਿਸਾਨਾਂ ਨੂੰ ਰਾਬਤਾ ਬਣਾਉਣ ਲਈ ਪ੍ਰੇਰਿਆ ਅਤੇ ਵਿਸਵਾਸ਼ ਦਵਾਇਆ ਕਿ ਜੇ ਉਹ ਆਪਣੇ ਦੁਖ ਅਤੇ ਸਮਸਿਆਵਾਂ ਲੈ ਕੇ ਮੇਰੇ ਕੋਲ ਆਉਣਗੇ ਤਾਂ ਮੈਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਾਂਗਾ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਾ ਕੰਮ ਹੀ ਤੁਹਾਡੇ ਨਾਲ ਜੁੜਨਾ ਹੈ। ਉਨ੍ਹਾਂ ਖੇਤੀ ਵਿਭਿੰਨਤਾ, ਘਰੇਲੂ ਬਗੀਚੀ, ਪਰਾਲੀ ਨਾ ਸਾੜਨ ਅਤੇ ਫਲਾਂ ਦੀ ਕਾਸ਼ਤ ਸੰਬੰਧੀ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਕਿਸਾਨ ਅੱਧੇ ਦੇਸ਼ ਦਾ ਢਿੱਡ ਭਰਦਾ ਹੈ, ਉਸ ਕੋਲ ਬਹੁਤ ਤਾਕਤ ਹੈ। ਲੋੜ ਇਸ ਤਾਕਤ ਨੂੰ ਜਾਨਣ ਦੀ ਹੈ ਤਾਂ ਜੋ ਖੁਦਕੁਸ਼ੀਆਂ ਵਰਗੇ ਰਾਹ ਤੋਂ ਮੁੜਿਆ ਜਾ ਸਕੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ ਆਰ ਕੇ ਗੁੰਬਰ ਨੇ ਯੂਨੀਵਰਸਿਟੀ ਦੀਆਂ ਖੋਜ ਵਿਧੀਆਂ ਨਾਲ ਜਾਣੂੰ ਕਰਵਾਉਂਦਿਆਂ ਨਵੀਆਂ ਕਿਸਮਾਂ ਅਤੇ ਨਵੀਂ ਤਕਨੋਲੋਜੀ ਸੰਬੰਧੀ ਸਿਫਾਰਿਸਾਂ ਦਾ ਜਿਕਰ ਕੀਤਾ। ਉਨ੍ਹਾਂ ਵਿਸੇਸ ਰੂਪ ਵਿਚ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀਆਂ ਕਿਸਮਾਂ ਅਤੇ ਤਕਨੋਲੋਜੀਆਂ ਨੂੰ ਆਪਣੇ ਖੇਤਾਂ ਵਿਚ ਲਗਾਉਂਦੇ ਹਨ ਤਾਂ ਇਸ ਸੰਬੰਧੀ ਆਪਣੇ ਤਜਰਬੇ ਮੁੜ ਸਾਡੇ ਨਾਲ ਸਾਂਝੇ ਜਰੂਰ ਕਰਿਆ ਕਰਨ। ਹਾੜ੍ਹੀ ਦੀਆਂ ਫਸਲਾਂ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਤ ਕਣਕ ਦੀਆਂ ਸੁਧਰੀਆਂ ਕਿਸਮਾਂ ਪੀ ਬੀ ਡਬਲਿਉ 725 ਅਤੇ ਪੀ ਬੀ ਡਬਲਿਉ 677 ਨੂੰ ਬੀਜਣ ਦੀ ਸਿਫਾਰਸ਼ ਕੀਤੀ। ਇਹ ਦੋਵੇਂ ਪੀਲੀ ਅਤੇ ਭੂਰੀ ਕੂੰਗੀ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ। ਡਾ ਗੁੰਬਰ ਨੇ ਅਫਰੀਕਨ ਸਰੋਂ, ਗੋਭੀ ਕਨੋਲਾ, ਸਬਜ਼ੀਆਂ, ਖੇਤੀ ਤਕਨੀਕਾਂ, ਖੇਤੀ ਮਸ਼ੀਨਰੀ, ਨੈੱਟ ਹਾਊਸ ਕਾਸ਼ਤ ਵਿਚ ਨੀਮਾਟੋਡਾਂ ਦੀ ਸਮੱਸਿਆ, ਕਟਾਈ ਉਪਰੰਤ ਫਸਲਾਂ ਦੀ ਸਾਂਭ-ਸੰਭਾਲ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਕਿਸਾਨਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਮਾਣ ਹੈ ਕਿ ਇਹ ਹੁਣ ਤਕ ਫਸਲਾਂ ਦੀਆਂ 789 ਕਿਸਮਾਂ ਦੀ ਸਿਫਾਰਸ਼ ਕਰ ਚੁੱਕੀ ਹੈ, ਜਿਨ੍ਹਾਂ ਵਿਚੋ 161 ਕਿਸਮਾਂ ਪੰਜਾਬ ਤੋਂ ਬਾਹਰ ਦੇ ਸੂਬਿਆਂ ਲਈ ਵੀ ਕੌਮੀ ਪੱਧਰ ਤੇ ਜਾਰੀ ਕੀਤੀਆਂ ਗਈਆਂ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਰਾਜਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ, ਕਿਸਾਨ ਵੀਰਾਂ, ਭੈਣਾਂ ਅਤੇ ਮੀਡੀਆ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਮੇਲਿਆਂ ਵਿਚ ਹੁੰਮਾ ਹੁੰਮਾ ਕੇ ਆਉਂਦੇ ਹਨ, ਇਸ ਨਾਲ ਸਾਨੂੰ ਬਹੁਤ ਉਤਸ਼ਾਹ ਮਿਲਦਾ ਹੈ। ਮੇਲੇ ਦਾ ਉਦੇਸ਼ ਨਵੇਂ ਤਜਰਬਿਆਂ ਨੂੰ ਕਿਸਾਨਾਂ ਨਾਲ ਸਾਂਝੇ ਕਰਨਾ ਹੁੰਦਾ ਹੈ। ਪ੍ਰਦਰਸ਼ਨੀਆਂ ਰਾਹੀਂ ਉਨ੍ਹਾਂ ਨੂੰ ਵਿਖਾਉਣਾ ਹੁੰਦਾ ਹੈ ਅਤੇ ਉਨ੍ਹਾਂ ਕੋਲੋਂ ਉਨ੍ਹਾਂ ਦੇ ਸੰਕਟ, ਖਦਸੇ ਅਤੇ ਤੌਖਲੇ ਜਾਨਣੇ ਹੁੰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਸੰਬੰਧੀ ਆਪਣੇ ਮਨ ਦੀ ਹਰ ਗਲ ਸਾਡੇ ਖੇਤੀ ਮਾਹਿਰਾਂ ਨਾਲ ਸਾਂਝੀ ਕਰਿਆ ਕਰਨ ਤਾਂ ਜੋ ਵਿਗਿਆਨਕ ਖੇਤੀ ਨੂੰ ਪ੍ਰਫੁਲਤ ਕਰਨ ਵਿਚ ਯੂਨੀਵਰਸਿਟੀ ਸਹੀ ਦਿਸ਼ਾ ਵਿਚ ਅੱਗੇ ਤੁਰ ਸਕੇ। ਉਨ੍ਹਾਂ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਖੇਤੀ ਸਾਹਿਤ ਨਾਲ ਜੁੜਨ ਲਈ ਪ੍ਰੇਰਿਆ ਅਤੇ ਕਿਹਾ ਕਿ ਇਹ ਪੁਸਤਕਾਂ ਗਿਆਨ ਦਾ ਰਾਹ ਹਨ ਜੋ ਸਾਨੂੰ ਚੰਗੀ ਖੇਤੀ ਵੱਲ ਲਿਜਾਦੀਆਂ ਹਨ।
ਇਸ ਸਮੁੱਚੇ ਮੇਲੇ ਦੌਰਾਨ 138 ਸਟਾਲਾਂ/ਪ੍ਰਦਰਸ਼ਨੀਆਂ ਲਗਾਈਆਂ ਗਈਆਂ ਅਤੇ 25 ਤੋਂ ਵੱਧ ਸੈਲਫ ਹੈਲਪ ਗਰੁੱਪ ਵਾਲਿਆਂ ਨੇ ਆਪਣਾ ਤਿਆਰ ਕੀਤਾ ਹੋਇਆ ਸਮਾਨ ਪ੍ਰਦਰਸ਼ਿਤ ਕੀਤਾ। ਬੀਜਾਂ, ਖੇਤੀ ਸਾਹਿਤ ਅਤੇ ਖੇਤੀ ਮਸ਼ੀਨਰੀ ਪ੍ਰਤੀ ਕਿਸਾਨਾਂ ਦਾ ਵਿਸ਼ੇਸ਼ ਰੁਝਾਨ ਵੇਖਿਆ ਗਿਆ। ਇਸ ਦੇ ਨਾਲ ਸਟੇਜ ਤੋਂ ਤਕਨੀਕੀ ਸੈਸ਼ਨ ਚਲਦਾ ਰਿਹਾ ਜਿਸ ਵਿਚ ਵੱਖ-ਵੱਖ ਖੇਤੀ ਮਾਹਿਰਾਂ ਨੇ ਫਸਲਾਂ ਸੰਬੰਧੀ ਸਮਿੱਸਆਵਾਂ, ਖੇਤੀ ਮਸ਼ੀਨਰੀ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਅਤੇ ਕਿਸਾਨਾਂ ਵਲੋਂ ਆਏ ਸੁਆਲਾਂ ਦੇ ਜੁਆਬ ਵੀ ਦਿੱਤੇ। ਸਭ ਤੋਂ ਮਹੱਤਵਪੂਰਨ ਗੱਲ ਇਹ ਕਿ ਕਿਸਾਨ ਵੀਰ ਆਪਣੀਆਂ ਫਸਲਾਂ ਦੀਆਂ ਸਮੱਸਿਆਵਾਂ ਨੂੰ ਜਾਨਣ ਲਈ ਰੋਗ ਗ੍ਰਸ਼ਤ ਬੂਟੇ ਨਾਲ ਲਿਆਉਂਦੇ ਹਨ, ਜਿਨ੍ਹਾਂ ਦੀ ਪਛਾਣ ਕਰ ਕੇ ਖੇਤੀ ਮਾਹਿਰ ਉਸ ਦਾ ਹੱਲ ਮੌਕੇ ਤੇ ਹੀ ਦੱਸਦੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਫਾਰਮ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ ਜਸਵਿੰਦਰ ਸਿੰਘ ਨੇ ਇਸ ਮੇਲੇ ਵਿਚ ਹਾਜ਼ਰੀ ਭਰਨ ਲਈ ਆਏ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਡਾ ਜਸਵਿੰਦਰ ਸਿੰਘ ਭੱਲਾ ਨੇ ਬਾਖੂਬੀ ਕੀਤਾ।