ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ ਹੇਠ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤੀਜਾ ਗੁਰਮਤਿ ਸਮਾਗਮ ਗੁਰਦੁਆਰਾ ਲੋਹਗੜ੍ਹ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਦੀਨਾ, ਮੋਗਾ (ਜਿਥੇ ਬੈਠ ਕੇ ਦਸਮ ਪਿਤਾ ਨੇ ਔਰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ) ਵਿਖੇ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਮੁਕਤਸਰ ਸਾਹਿਬ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਅਜੈਬ ਸਿੰਘ ਮੁੱਖ ਗ੍ਰੰਥੀ ਗੁਦੁਆਰਾ ਲੋਹਗੜ੍ਹ ਸਾਹਿਬ ਨੇ ਅਰਦਾਸ ਕੀਤੀ।
ਤੀਜੇ ਗੁਰਮਤਿ ਸਮਾਗਮ ਦੀ ਆਰੰਭਤਾ ਸਮੇਂ ਭਾਈ ਰਣਧੀਰ ਸਿੰਘ, ਭਾਈ ਇੰਦਰਜੀਤ ਸਿੰਘ ਤੇ ਭਾਈ ਗੁਰਕੀਰਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ।ਭਾਈ ਮਿਲਖਾ ਸਿੰਘ ਮੌਜੀ, ਭਾਈ ਹਰਪਾਲ ਸਿੰਘ ਢੰਡ, ਭਾਈ ਗੁਰਨਾਮ ਸਿੰਘ ਕਲਾਨੌਰ ਤੇ ਭਾਈ ਗੁਰਿੰਦਰਪਾਲ ਸਿੰਘ ਬੈਂਕਾ ਦੇ ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਸੰਗਤਾਂ ਵੱਡਭਾਗੀਆਂ ਹਨ ਜਿਨ੍ਹਾਂ ਨੂੰ ਇਸ ਪਾਵਨ ਅਸਥਾਂਨ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਥੇ ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਜ਼ਾਲਮ ਬਾਦਸ਼ਾਹ ਔਰਗਜ਼ੇਬ ਨੂੰ ਫ਼ਾਰਸੀ ਭਾਸ਼ਾ ਵਿੱਚ ਜ਼ਫਰਨਾਮਾ ਲਿਖਿਆ ਜਿਸ ਦਾ ਸ਼ਾਬਦਿਕ ਅਰਥ ਹੈ ਜਿੱਤ ਦੀ ਚਿੱਠੀ।ਉਨ੍ਹਾਂ ਕਿਹਾ ਕਿ ਜ਼ਫਰਨਾਮੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰੀ ਅਤੇ ਸੂਰਮਗਤੀ ਨਾਲ ਗੜ੍ਹਚ ਆਪਣੀ ਲੜਾਈਆਂ ਅਤੇ ਕਾਰਜਾਂ ਦਾ ਰੋਮਾਂਚਕਾਰੀ ਵਰਣਨ ਕੀਤਾ ਹੈ ਜਿਸ ਵਿੱਚ ਖ਼ਾਲਸਾ ਪੰਥ ਦੀ ਸਥਾਪਨਾ, ਅਨੰਦਪੁਰ ਸਾਹਿਬ ਛੱਡਣਾ, ਫਤਹਿਗੜ੍ਹ ਦੀ ਘਟਨਾ, ਚਾਲ੍ਹੀ ਸਿੱਖਾਂ ਦੀ ਸ਼ਹੀਦੀ, ਦੋ ਗੁਰੂ ਪੁੱਤਾਂ ਦਾ ਦੀਵਾਰ ਵਿੱਚ ਚਿਣਵਾਏ ਜਾਣਾ ਅਤੇ ਚਮਕੌਰ ਦਾ ਸੰਘਰਸ਼ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਨੇ ਜ਼ਫਰਨਾਮਾ ਰਾਹੀਂ ਜ਼ਾਲਮ ਔਰਗਜ਼ੇਬ ਨੂੰ ਉਸ ਦੇ ਪਾਪਾਂ ਦਾ ਅਹਿਸਾਸ ਕਰਵਾਇਆ।ਉਨ੍ਹਾਂ ਕਿਹਾ ਕਿ ਦਸਮ ਪਿਤਾ ਨੇ ਔਰਗਜ਼ੇਬ ਨੂੰ ਤਲਵਾਰ ਨਾਲ ਨਹੀਂ ਬਲਕਿ ਆਪਣੀ ਕਲਮ ਨਾਲ ਮਾਰ ਮੁਕਾਇਆ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੈਰਤ ਤੇ ਸਵੈਮਾਨ ਦਾ ਸਬਕ ਦਿੱਤਾ ਹੈ।ਉਨ੍ਹਾਂ ਸੰਗਤਾਂ ਨੂੰ ਇਥੋਂ ਖ਼ਾਲਸਾਈ ਸ਼ਕਤੀ ਨੂੰ ਸੰਗਠਿਤ ਕਰਨ ਦੀ ਸਿੱਖਿਆ ਲੈ ਕੇ ਜਾਣ ਦੀ ਅਪੀਲ ਕੀਤੀ।ਉਨ੍ਹਾਂ ਸੰਗਤਾਂ ਨੂੰ ਇਹ ਵੀ ਕਿਹਾ ਕਿ ਜਿਨ੍ਹਾਂ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ।ਇਨ੍ਹਾਂ ਤੋਂ ਇਲਾਵਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।
ਇਸ ਸਮੇਂ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਗੁਰਮਤਿ ਸਮਾਗਮ ਸਮੇਂ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਅਤੇ ਪੰਥਕ ਸ਼ਖਸ਼ੀਅਤਾਂ ਨੂੰ ਗੁਰੂ-ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਦੀ ਸੇਵਾ ਭਾਈ ਜਗਦੇਵ ਸਿੰਘ ਹੈਡ ਪ੍ਰਚਾਰਕ ਤੇ ਭਾਈ ਗੁਰਬਚਨ ਸਿੰਘ ਕਲਸੀਆਂ ਪ੍ਰਚਾਰਕ ਨੇ ਬਾਖੂਬੀ ਨਿਭਾਈ।
ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਚੌਥਾ ਗੁਰਮਤਿ ਸਮਾਗਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ (ਰੋਪੜ) (ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਕੀਤੀ) ਵਿਖੇ 9 ਅਕਤੂਬਰ 2016 ਦਿਨ ਐਤਵਾਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੀਕ ਕਰਵਾਇਆ ਜਾਵੇਗਾ।
ਇਸ ਮੌਕੇ ਸ. ਬਲਦੇਵ ਸਿੰਘ ਚੁੱਗਾ, ਸ. ਸੁਖਹਰਪ੍ਰੀਤ ਸਿੰਘ,. ਸ. ਹਰਿੰਦਰ ਸਿੰਘ ਰਣੀਆਂ ਤੇ ਬੀਬੀ ਨਰਿੰਦਰ ਕੌਰ ਰਣੀਆਂ ਮੈਂਬਰ ਸ਼੍ਰੋਮਣੀ ਕਮੇਟੀ, ਸ. ਦਿਲਜੀਤ ਸਿੰਘ ਬੇਦੀ ਸਕੱਤਰ, ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ, ਸ. ਜਗਜੀਤ ਸਿੰਘ ਤੇ ਸ. ਚਾਨਣ ਸਿੰਘ ਮੀਤ ਸਕੱਤਰ, ਸ. ਸਤਨਾਮ ਸਿੰਘ, ਭਾਈ ਰੂਪਾ ਸਿੰਘ ਤੇ ਬੀਬੀ ਕੁਲਵਿੰਦਰ ਕੌਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਗੁਰਨਾਮ ਸਿੰਘ ਡਰੋਲੀ ਵਾਲੇ, ਸ. ਮਨਜੀਤ ਸਿੰਘ ਇੰਚਾਰਜ ਸ਼ਤਾਬਦੀਆਂ, ਸ. ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਪਬਲੀਸਿਟੀ, ਸ. ਬਿਕਰਮਜੀਤ ਸਿੰਘ ਸੀ ਸੀ, ਪ੍ਰਿੰਸੀਪਲ ਸ. ਸੁਖਦੇਵ ਸਿੰਘ, ਸ. ਗੁਰਵੀਰ ਸਿੰਘ ਤੇ ਬੀਬੀ ਹਰਬੰਸ ਕੌਰ ਆਦਿ ਹਾਜ਼ਰ ਸਨ।