ਨਵੀਂ ਦਿੱਲੀ : ਦਿੱਲੀ ਦੇ ਸਿੱਖਾਂ ਦੀ ਰੂਹ ਨਾਲ ਜੁੜੇ ਬਾਲਾ ਸਾਹਿਬ ਹਸਪਤਾਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਹੀ ਹੇਠ ਕਮੇਟੀ ਦੇ ਅਤ੍ਰਿੰਗ ਬੋਰਡ ਦੀ ਹੋਈ ਮੀਟਿੰਗ ਦੌਰਾਨ ਹਸਪਤਾਲ ਨੂੰ ਕਮੇਟੀ ਵੱਲੋਂ ਖੁੱਦ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਮੀਟਿੰਗ ਵਿਚ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਣੇ ਸਮੂਹ ਅਹੁਦੇਦਾਰ ਸਾਹਿਬਾਨ ਤੇ ਅਤ੍ਰਿੰਗ ਬੋਰਡ ਮੈਂਬਰਾਂ ਨੇ ਆਪਣੇ ਵਿਚਾਰ ਰੱਖੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਤ੍ਰਿੰਗ ਬੋਰਡ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਕੁਲਮੋਹਨ ਸਿੰਘ ਨੇ ਦੱਸਿਆ ਕਿ ਕਈ ਅਹਿਮ ਮਸਲਿਆਂ ਨੂੰ ਅਤਿ੍ਰੰਗ ਬੋਰਡ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਵਿਚ ਹਸਪਤਾਲ ਨੂੰ ਸ਼ੁਰੂ ਕਰਨ ਦਾ ਮਸਲਾ ਸਭ ਤੋਂ ਵੱਡਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਮੇਟੀ ਸਟਾਫ਼ ਦੀਆਂ ਤਨਖਾਹਾਂ ਵਿਚ ਵੱਡੇ ਪੱਧਰ ਤੇ ਵਾਧਾ ਹੋਣ ਦੇ ਮਸੌਦੇ ਨੂੰ ਵੀ ਅਤ੍ਰਿੰਗ ਬੋਰਡ ਵੱਲੋਂ ਪਾਸ ਕਰਨ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਮਨਾਉਣ ਵਾਸਤੇ ਦਿੱਲੀ ਕਮੇਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਦੀ ਤਰਜ਼ ਤੇ ਅਤਿ੍ਰੰਗ ਬੋਰਡ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਪੇਸ਼ ਕੀਤੇ ਗਏ ਪ੍ਰੋਗਰਾਮਾਂ ਦੇ ਖਰੜੇ ਨੂੰ ਵੀ ਹਰੀ ਝੰਡੀ ਮਿਲ ਗਈ ਹੈ। ਜਿਸ ਵਿਚ ਇੰਡੀਆ ਗੇਟ ਲਾੱਨ ਵਿਖੇ ਕੀਰਤਨ ਦਰਬਾਰ, ਕਨਾੱਟ ਪਲੈਸ ਦੇ ਸੈਂਟਰਲ ਪਾਰਕ ਵਿਖੇ ਬਹੂਭਾਸ਼ੀ ਕਵੀ ਦਰਬਾਰ, ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨਾਂ ਲਈ ਦਿੱਲੀ ਤੋਂ ਸਪੈਸ਼ਲ ਟ੍ਰੇਨ, ਗੈਰ ਸਿੱਖ ਬੁੱਧੀਜੀਵੀਆਂ ਤੇ ਵਿਦਵਾਨਾਂ ਦੇ ਸੈਮੀਨਾਰ ਦਾ ਆਯੋਜਨ, ਲਗਭਗ 1ਲੱਖ ਦਰਸ਼ਕਾਂ ਦੀ ਖਮਤਾ ਵਾਲੇ ਜਵਾਹਰ ਲਾਲ ਨੇਹਿਰੂ ਸਟੈਡੀਅਮ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੌਮਾਂਤਰੀ ਪੱਧਰੀ ਸਮਾਗਮ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦੀ ਸਥਾਨ ਮਹਿਰੌਲੀ ਵਿਖੇ ਗੁਰਮਤਿ ਸਮਾਗਮਾਂ ਦਾ ਆਯੋਜਨ ਮੁਖ ਤੌਰ ਤੇ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਪਿੱਛਲੀ ਦਿੱਲੀ ਕਮੇਟੀ ਚੋਣਾਂ ’ਚ ਅਕਾਲੀ ਦਲ ਵੱਲੋਂ ਨਿਜ਼ੀ ਹੱਥਾਂ ਤੋਂ ਕੱਢ ਕੇ ਹਸਪਤਾਲ ਨੂੰ ਪੰਥ ਦੇ ਹਵਾਲੇ ਕਰਨ ਦਾ ਜੋ ਵਾਇਦਾ ਕੀਤਾ ਗਿਆ ਸੀ ਉਹ ਹੁਣ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਪ੍ਰਵਾਨ ਚੜਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 13।25 ਕਰੋੜ ਰੁਪਏ ਬੀ. ਐਲ. ਕਪੂਰ ਨੂੰ ਅਦਾਲਤ ਦੇ ਹੁਕਮਾਂ ਉਪਰੰਤ ਦੇਣ ਤੋਂ ਬਾਅਦ ਕਮੇਟੀ ਨੇ ਜਰਜਰ ਹੋ ਚੁੱਕੀ ਇਮਾਰਤ ਨੂੰ ਮੁੜ੍ਹ ਕੰਮ ਵਿਚ ਲੈਣ ਵਾਸਤੇ ਕਈ ਦੌਰ ਦੀਆਂ ਇੰਜੀਨੀਅਰਾਂ ਨਾਲ ਬੈਠਕਾਂ ਕੀਤੀਆ ਹਨ ਜਿਸਤੋਂ ਬਾਅਦ ਹੁਣ ਹਸਪਤਾਲ ਨੂੰ ਸ਼ੁਰੂ ਕਰਨ ਦਾ ਅਤ੍ਰਿੰਗ ਬੋਰਡ ਨੇ ਫੈਸਲਾ ਲੈ ਲਿਆ ਹੈ। ਦਿੱਲੀ ਕਮੇਟੀ ਸਟਾਫ਼ ਦੀ ਤਨਖਾਹਾਂ ਦੇ ਗ੍ਰੇਡ ਵਿਚ ਕੀਤੇ ਜਾ ਰਹੇ ਜਬਰਦਸ਼ਤ ਵਾਧੇ ਦਾ ਫਾਇਦੇ ਸਟਾਫ਼ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਸਟਾਫ਼ ਦੀ ਤਨਖਾਹ ਵਿਚ ਕੀਤੇ ਗਏ ਵਾਧੇ ਕਰਕੇ ਕਮੇਟੀ ’ਤੇ ਲਗਭਗ 55 ਲੱਖ ਰੁਪਏ ਮਹੀਨੇ ਦਾ ਮਾਲੀ ਭਾਰ ਵੱਧਣ ਦੀ ਵੀ ਉਨ੍ਹਾਂ ਜਾਣਕਾਰੀ ਦਿੱਤੀ।