ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਮਾਤਾ ਸਾਹਿਬ ਕੌਰ ਗਰਲਜ਼ ਹੋਸਟਲ ਦਾ ਨੀਂਹ ਪੱਥਰ ਰੱਖਿਆ। ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਕਾਮਰਸ ਪੀਤਮਪੁਰਾ ਵਿਖੇ 26 ਹਜਾਰ ਵਰਗ ਫੁੱਟ ’ਚ ਨਵੇਂ ਬਣਨ ਵਾਲੇ 6 ਮੰਜਿਲਾ ਉਕਤ ਹੋਸਟਲ ਵਿਚ 46 ਕਮਰੇ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਉਕਤ ਕਾਲਜ ਵਿਚ ਦਿੱਲੀ ਦੇ ਬਾਹਰ ਤੋਂ ਵਿੱਦਿਆ ਪ੍ਰਾਪਤ ਕਰਨ ਆਉਂਦੀਆਂ ਲੜਕੀਆਂ ਦੀ ਰਿਹਾਇਸ਼ ਲਈ ਬਣਾਏ ਜਾ ਰਹੇ ਹੋਸਟਲ ਦਾ ਨਾਂ ਖਾਲਸੇ ਦੀ ਮਾਤਾ ਸਾਹਿਬ ਕੌਰ ਦੇ ਨਾਂ ਤੇ ਰੱਖਿਆ ਗਿਆ ਹੈ।
ਢੀਂਡਸਾ ਨੇ ਲੜਕੀਆਂ ਦੀ ਸਿੱਖਿਆ ਨੂੰ ਲਾਜ਼ਮੀ ਦੱਸਦੇ ਹੋਏ ਮਾਤਾ ਸਾਹਿਬ ਕੌਰ ਦੇ ਨਾਂ ਹੋਸਟਲ ਦਾ ਨਾਂ ਰੱਖਣ ਨੂੰ ਖਾਲਸਾ ਦੀ ਮਾਤਾ ਨੂੰ ਸੱਚੀ ਸ਼ਰਧਾਜੰਲੀ ਦੱਸਿਆ। ਢੀਂਡਸਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਬਿਨਾਂ ਸਿੱਖਿਆ ਦੇ ਕਿਸੇ ਵੀ ਖੇਤਰ ’ਚ ਕਾਮਯਾਬੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਹੈ ਇਸ ਕਰਕੇ ਸਿੱਖਿਆ ਦੇ ਬਾਜ਼ਾਰੀਕਰਨ ਦੇ ਵੱਧਦੇ ਰੁਝਾਨ ਦੇ ਬਾਵਜੂਦ ਦਿੱਲੀ ਕਮੇਟੀ ਵੱਲੋਂ ਸਮਾਜ ਸੇਵਾ ਦੇ ਉਦੇਸ਼ ਨੂੰ ਮੁੱਖ ਰੱਖ ਕੇ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਮਹਿਲਾ ਸੁਰੱਖਿਆ ਦੇ ਲਈ ਹੋਸਟਲ ਨੂੰ ਜਰੂਰੀ ਦੱਸਦੇ ਹੋਏ ਕਮੇਟੀ ਦੇ ਬਾਕੀ ਕਾਲਜਾਂ ਵਿਚ ਵੀ ਅਜਿਹੇ ਉਪਰਾਲੇ ਕਰਨ ਦੇ ਸੰਕੇਤ ਦਿੱਤੇ। ਸਿਰਸਾ ਨੇ ਲੜਕੀਆਂ ਦੇ ਵੱਲੋਂ ਸਿੱਖਿਆ, ਖੇਡ ਅਤੇ ਸਿਆਸ਼ਤ ਵਿਚ ਮਾਰੀਆਂ ਜਾ ਰਹੀਆਂ ਮੱਲਾਂ ਦਾ ਜਿਕਰ ਕਰਦੇ ਹੋਏ ਲੜਕੀਆਂ ਦੇ ਜਨਮ ਲੈਣ ਤੇ ਅਫ਼ਸੋਸ ਨਾ ਕਰਨ ਦੀ ਵੀ ਲੋਕਾਂ ਨੂੰ ਅਪੀਲ ਕੀਤੀ। ਪ੍ਰਿੰਸੀਪਲ ਡਾ. ਜਤਿੰਦਰਬੀਰ ਸਿੰਘ ਨੇ ਹੋਸਟਲ ਦੀ ਲੋੜ ਤੇ ਚਾਨਣਾ ਪਾਉਂਦੇ ਹੋਏ ਆਏ ਹੋਏ ਸੱਜਣਾ ਦਾ ਧੰਨਵਾਦ ਵੀ ਕੀਤਾ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੈਂਬਰ ਤਨਵੰਤ ਸਿੰਘ, ਕਾਲਜ ਦੇ ਚੇਅਰਮੈਨ ਭੂਪਿੰਦਰ ਸਿੰਘ ਆਨੰਦ, ਖਜਾਨਚੀ ਰਣਜੀਤ ਸਿੰਘ ਸਿੱਬਲ, ਗਵਰਨਿੰਗ ਬਾੱਡੀ ਮੈਂਬਰ ਐਚ.ਐਸ. ਨਾਗ, ਕੈਪਟਨ ਐਲ.ਐਸ. ਬਹਿਲ ਸਣੇ ਵੱਡੀ ਗਿਣਤੀ ਵਿਚ ਵਿੱਦਿਆਰਥੀ ਤੇ ਸਟਾਫ਼ ਮੈਂਬਰ ਮੌਜੂਦ ਸਨ।