ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਵਾ ਨੇੜੇ ਡਿਫੈਂਸ ਡਰੇਨ ਵਿੱਚ ਡੀ ਏ ਵੀ ਪਬਲਿਕ ਸਕੂਲ ਅਟਾਰੀ ਦੀ ਬੱਸ ਡਿੱਗਣ ਕਾਰਨ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਛੇ ਬੱਚਿਆਂ ਪ੍ਰਤੀ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ੩੦ ਜ਼ਖਮੀ ਹੋਏ ਬੱਚਿਆਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਲਈ ਇਹ ਬਹੁਤ ਦੁੱਖਦਾਈ ਤੇ ਅਸਹਿ ਘਟਨਾ ਹੈ। ਉਨ੍ਹਾਂ ਕਿਹਾ ਕਿ ਹਰ ਮਾਂ-ਬਾਪ ਦਾ ਆਪਣੇ ਬੱਚਿਆਂ ਨਾਲ ਬੇਹੱਦ ਮੋਹ ਹੁੰਦਾ ਹੈ, ਪਰ ਜਦੋਂ ਅਜਿਹੀਆ ਦਿਲ ਨੂੰ ਡੂੰਘੀ ਸੱਟ ਪਹੁੰਚਾਉਣ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ ਤਦ ਸਥਿਤੀ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਇਸ ਹਾਦਸੇ ‘ਚ ਮਾਰੇ ਗਏ ਹਨ ਉਨ੍ਹਾਂ ਪ੍ਰਤੀ ਅਰਦਾਸ ਹੈ ਕਿ ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਤੇ ਜ਼ਖਮੀ ਹੋਏ ਬੱਚੇ ਜਲਦੀ ਸਿਹਤਯਾਬ ਹੋ ਕੇ ਆਪਣੇ-ਆਪਣੇ ਪਰਿਵਾਰਾਂ ਵਿੱਚ ਵਿਚਰਨ।