ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਵੱਜੋ ਪ੍ਰਮਾਣਿਤ ਹੈ । ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਵੱਲੋਂ ਗੁਰੂਘਰਾਂ ਦੇ ਪ੍ਰਬੰਧ ਅਤੇ ਜਿ਼ੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ਹਿੱਤ ਵੱਡੇ ਪੱਧਰ ਤੇ ਮੁਲਾਜ਼ਮਾਂ ਦੀ ਭਰਤੀ ਹੋਈ ਹੈ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਲੰਮੇਂ ਸਮੇਂ ਤੋਂ ਇਸ ਧਾਰਮਿਕ ਸੰਸਥਾਂ ਦੇ ਸਮੁੱਚੇ ਮੁਲਾਜ਼ਮ, ਮੈਨੇਜਰ, ਸੂਪਰਵਾਈਜ਼ਰ, ਸੇਵਾਦਾਰ, ਗ੍ਰੰਥੀ ਸਿੰਘ, ਕੀਰਤਨੀਏ ਜਥੇ ਆਦਿ ਸਭ ਪੁਰਾਣੀਆਂ ਤਨਖਾਹਾਂ ਅਤੇ ਤੁੱਛ ਸਹੂਲਤਾਂ ਉਤੇ ਹੀ ਆਪਣੀਆਂ ਜਿੰਮੇਵਾਰੀਆਂ ਪੂਰੀਆਂ ਕਰਦੇ ਆ ਰਹੇ ਹਨ । ਜਦੋਂਕਿ ਬੀਤੇ ਕਾਫ਼ੀ ਲੰਮੇਂ ਸਮੇਂ ਤੋਂ ਸਮਾਜਿਕ ਅਤੇ ਹਕੂਮਤੀ ਆਈਆ ਵੱਡੀਆਂ ਤਬਦੀਲੀਆਂ ਅਤੇ ਸਮੇਂ ਅਨੁਸਾਰ ਵੱਧਦੀ ਮਹਿੰਗਾਈ ਦੀ ਬਦੌਲਤ ਇਹ ਦਿੱਤੀਆ ਜਾ ਰਹੀਆਂ ਪੁਰਾਤਨ ਤਨਖਾਹਾਂ ਅਤੇ ਭੱਤੇ ਆਦਿ ਨਾਲ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਦੀਆਂ ਘਰੇਲੂ ਅਤੇ ਅਤਿ ਜ਼ਰੂਰੀ ਮਾਲੀ ਲੋੜਾਂ ਦੀ ਪੂਰਤੀ ਹੋਣੀ ਮੁਸ਼ਕਿਲ ਹੋਈ ਪਈ ਹੈ । ਇਹੀ ਵਜਹ ਹੈ ਕਿ ਐਸ.ਜੀ.ਪੀ.ਸੀ. ਦੇ ਅਹੁਦੇਦਾਰ, ਕਾਰਜਕਾਰਨੀ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਲੰਮੇਂ ਸਮੇਂ ਤੋਂ ਉਤਪੰਨ ਹੋ ਚੁੱਕੀਆਂ ਵੱਡੀਆਂ ਖਾਮੀਆਂ, ਗਬਨ, ਧਾਰਮਿਕ ਖਜ਼ਾਨੇ ਅਤੇ ਸਾਧਨਾਂ ਦੀ ਦੁਰਵਰਤੋ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਵਿਚ ਪਾਰਦਰਸ਼ੀ ਨਹੀਂ ਆ ਸਕੀ । ਸਮੁੱਚੇ ਗੁਰੂਘਰਾਂ ਦੇ ਪ੍ਰਬੰਧ ਵਿਚ ਪੂਰੀ ਇਮਾਨਦਾਰੀ ਤੇ ਜਿ਼ੰਮੇਵਾਰੀ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਐਸ.ਜੀ.ਪੀ.ਸੀ. ਨਾਲ ਸੰਬੰਧਤ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਭੱਤੇ ਲੋੜ ਅਨੁਸਾਰ ਵਧਾਕੇ ਉਹਨਾਂ ਦੀ ਸੰਤੁਸ਼ਟੀ ਕੀਤੀ ਜਾਵੇ ਅਤੇ ਉਹਨਾਂ ਵੱਲੋਂ ਆਪਣੀਆਂ ਜਿ਼ੰਮੇਵਾਰੀਆਂ ਨੂੰ ਬਾਖੂਬੀ ਇਮਾਨਦਾਰੀ ਨਾਲ ਪੂਰਨ ਕਰਨ ਅਤੇ ਸਿੱਖ ਕੌਮ ਦੇ ਸਤਿਕਾਰਿਤ ਅਕਸ ਨੂੰ ਹੋਰ ਵਧੇਰੇ ਰੌਸ਼ਨਾਉਣ ਲਈ ਮਾਹੌਲ ਉਤਪੰਨ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਪਾਰਲੀਮੈਂਟ ਵਿਚ ਹਰ ਵਰਗ ਦੇ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਆਪਣੇ ਪਾਰਟੀ ਸਾਧਨਾਂ ਰਾਹੀ ਸੰਪਰਕ ਕਰਨ ਅਤੇ ਉਹਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਅਤੇ ਗੁਰੂਘਰਾਂ ਦੇ ਪ੍ਰਬੰਧ ਵਿਚ ਉਤਪੰਨ ਹੋ ਚੁੱਕੀਆਂ ਖਾਮੀਆਂ ਨੂੰ ਹੇਠਲੇ ਪੱਧਰ ਤੋਂ ਦੂਰ ਕਰਨ ਅਤੇ ਐਸ.ਜੀ.ਪੀ.ਸੀ. ਮੁਲਾਜ਼ਮਾਂ ਦੀ ਸੰਤੁਸਟੀ ਕਰਨ ਹਿੱਤ ਆਪਣਾ ਨੇਕ ਸੁਝਾਅ ਦਿੰਦੇ ਹੋਏ ਅਤੇ ਐਸ.ਜੀ.ਪੀ.ਸੀ. ਦੀ ਕੌਮੀ ਧਾਰਮਿਕ ਸੰਸਥਾਂ ਦੇ ਅਕਸ ਨੂੰ ਹੋਰ ਵਧੇਰੇ ਮਜ਼ਬੂਤੀ ਨਾਲ ਪ੍ਰਸ਼ੰਸ਼ਾਂਯੋਗ ਬਣਾਉਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਐਸ.ਜੀ.ਪੀ.ਸੀ. ਦੇ ਅਹੁਦੇਦਾਰਾਂ ਤੇ ਕਾਰਜਕਾਰਨੀ ਨੇ ਇਹ ਮਤਾ ਪਾਸ ਕੀਤਾ ਸੀ ਕਿ ਗੁਰੂਘਰਾਂ ਦੇ ਮੈਨੇਜਰ, ਸੂਪਰਵਾਈਜ਼ਰ, ਸਕੱਤਰ ਆਦਿ ਕੋਈ ਵੀ ਯੋਗਤਾ ਪੱਖੋ ਬੀ.ਏ. ਤੋਂ ਘੱਟ ਨਹੀਂ ਹੋਵੇਗਾ । ਪਰ ਦੁੱਖ ਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਐਸ.ਜੀ.ਪੀ.ਸੀ. ਦੇ ਅਹੁਦੇਦਾਰਾਂ, ਮੈਬਰਾਂ ਬਾਦਲ ਦਲ ਦੇ ਵਜ਼ੀਰਾਂ, ਚੇਅਰਮੈਨਾਂ ਅਤੇ ਹੋਰ ਸਿਆਸਤਦਾਨਾਂ ਦੇ ਰਿਸਤੇਦਾਰ ਤੇ ਸੰਬੰਧੀਆਂ ਨੂੰ ਜੋ ਉਪਰੋਕਤ ਯੋਗਤਾ ਪੂਰਨ ਨਹੀਂ ਕਰਦੇ ਅਤੇ ਜੋ ਉਪਰੋਕਤ ਐਸ.ਜੀ.ਪੀ.ਸੀ. ਦੇ ਮੁਲਾਜ਼ਮਾਂ ਦੀਆਂ ਜਿੰਮੇਵਾਰੀਆਂ ਵੀ ਨਿਭਾਉਣ ਦੀ ਸਮਰੱਥਾਂ ਨਹੀਂ ਰੱਖਦੇ, ਉਹਨਾਂ ਨੂੰ ਮੈਨੇਜਰ, ਸੂਪਰਵਾਈਜ਼ਰ, ਸਕੱਤਰ ਆਦਿ ਦੇ ਵੱਡੇ ਅਹੁਦੇ ਸੌਪਕੇ ਐਸ.ਜੀ.ਪੀ.ਸੀ. ਦੇ ਪ੍ਰਬੰਧ ਵਿਚ ਇਹਨਾਂ ਸਿਆਸਤਦਾਨਾਂ ਨੇ ਖੁਦ ਹੀ ਖਾਮੀਆਂ ਅਤੇ ਨਲਾਇਕੀਆ ਨੂੰ ਉਤਸਾਹਿਤ ਕੀਤਾ ਹੋਇਆ ਹੈ । ਜੋ ਅਤਿ ਮੰਦਭਾਗੇ ਅਤੇ ਕੌਮ ਨੂੰ ਨਮੋਸੀ ਵੱਲ ਲਿਜਾਣ ਵਾਲੇ ਅਮਲ ਹਨ । ਜੋ ਤੁਰੰਤ ਬਿਨ੍ਹਾਂ ਕਿਸੇ ਵਿਤਕਰੇ ਤੋਂ ਬੰਦ ਹੋਣੇ ਚਾਹੀਦੇ ਹਨ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਹੋਰ ਪੰਥ ਦਰਦੀ ਇਸ ਦਿਸ਼ਾ ਵੱਲ ਸਮੂਹਿਕ ਤੌਰ ਤੇ ਕੋਈ ਮਜ਼ਬੂਤੀ ਨਾਲ ਕਦਮ ਉਠਾਉਣ, ਉਸ ਤੋ ਪਹਿਲੇ ਮੌਜੂਦਾ ਐਸ.ਜੀ.ਪੀ.ਸੀ. ਦੇ ਅਹੁਦੇਦਾਰ ਤੇ ਕਾਰਜਕਾਰਨੀ ਮੈਬਰਾਨ ਸਾਡੇ ਵੱਲੋ ਇਸ ਤਾਜਾ ਪ੍ਰੈਸ ਰੀਲੀਜ ਰਾਹੀ ਪ੍ਰਗਟਾਏ ਗਏ ਕੌਮੀ ਵਿਚਾਰਾਂ ਉਤੇ ਸੰਜ਼ੀਦਗੀ ਨਾਲ ਗੌਰ ਕਰਦੇ ਹੋਏ ਸਭ ਤੋ ਪਹਿਲੇ ਮੁਲਾਜ਼ਮਾਂ ਦੀ ਮਾਲੀ ਹਾਲਤ ਨੂੰ ਸਮੇਂ ਅਨੁਸਾਰ ਬਿਹਤਰ ਬਣਾਉਣ ਲਈ ਤਨਖਾਹਾਂ ਵਿਚ ਵਾਧਾ ਕਰਨ ਦੀ ਜਿੰਮੇਵਾਰੀ ਨਿਭਾਉਣਗੇ, ਉਪਰੰਤ ਨਾ-ਕਾਬਿਲ ਆਪਣੇ ਰਿਸਤੇਦਾਰਾਂ ਤੇ ਸੰਬੰਧੀਆਂ ਵਿਚੋਂ ਭਰਤੀ ਕੀਤੇ ਗਏ ਮੁਲਾਜ਼ਮਾਂ ਦੀ ਛਾਟੀ ਕਰਕੇ ਯੋਗ ਅਤੇ ਇਮਾਨਦਾਰੀ ਨਾਲ ਜਿੰਮੇਵਾਰੀ ਨਿਭਾਉਣ ਵਾਲੇ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਕੋਈ ਵਿਧੀ-ਵਿਧਾਨ ਤਹਿ ਕਰਨਗੇ ।
ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਵੱਖਰੇ ਬਿਆਨ ਰਾਹੀ ਜਿ਼ਲ੍ਹੇ ਅੰਮ੍ਰਿਤਸਰ ਸਰਹੱਦੀ ਕਸਬੇ ਨੇੜਲੇ ਪਿੰਡ ਮੁਹਾਵਾ ਸਥਿਤ ਐਮ.ਕੇ.ਡੀ.ਏ.ਵੀ. ਸਕੂਲ ਦੀ ਇਕ ਬੱਸ ਡਰਾਈਵਰ ਦੀ ਭਾਰੀ ਅਣਗਹਿਲੀ ਦੀ ਬਦੌਲਤ ਨਹਿਰ ਵਿਚ ਡਿੱਗੀ ਇਕ ਬੱਸ ਵਿਚ ਸਵਾਰ 7-14 ਸਾਲ ਦੇ ਮਾਸੂਮ ਬੱਚਿਆਂ ਵਿਚੋਂ 8 ਬੱਚਿਆਂ ਦੀ ਮੌਤ ਹੋਣ ਅਤੇ ਬਾਕੀ 25 ਦੇ ਗੰਭੀਰ ਜਖ਼ਮੀ ਹੋਣ ਦੀ ਵਾਪਰੀ ਦੁਰਘਟਨਾ ਉਤੇ ਮ੍ਰਿਤਕ ਬੱਚਿਆਂ ਦੇ ਮਾਪਿਆ ਅਤੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਮਾਸੂਮ ਬੱਚਿਆਂ ਦੇ ਇਸ ਵੱਡੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਥੇ ਅਜਿਹੀਆ ਦੁਰਘਟਨਾਵਾਂ ਲਈ ਗੈਰ-ਤੁਜ਼ਰਬੇਕਾਰ ਅਤੇ ਨਸ਼ੀਲੀਆਂ ਵਸਤਾਂ ਦਾ ਸੇਵਨ ਕਰਨ ਵਾਲੇ ਅਤੇ ਟ੍ਰੈਫਿਕ ਦੇ ਨਿਯਮਾਂ ਦੀ ਜਾਣਕਾਰੀ ਤੋਂ ਅਣਹੋਣ ਡਰਾਈਵਰਾਂ ਦੀ ਕੀਤੀ ਜਾਣ ਵਾਲੀ ਭਰਤੀ ਜਿੰਮੇਵਾਰ ਹੈ, ਉਥੇ ਥਾਂ-ਥਾਂ ਤੇ ਵਪਾਰਿਕ ਸੋਚ ਨਾਲ ਖੁੱਲ੍ਹੇ ਅੰਗਰੇਜ਼ੀ ਤੇ ਪਬਲਿਕ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਆਪਣੇ ਸਕੂਲੀ ਵਿਦਿਆਰਥੀਆਂ ਦੀ ਆਉਣ-ਜਾਣ ਵਾਲੇ ਸੁਰੱਖਿਆ ਲਈ ਕੋਈ ਵੀ ਅਮਲੀ ਨੀਤੀ ਨਾ ਅਪਣਾਉਣਾ ਅਤੇ ਆਪਣੀਆਂ ਖਸਤਾ ਬੱਸਾਂ ਵਿਚ ਤੁੰਨ-ਤੁੰਨ ਕੇ ਬੱਚਿਆਂ ਨੂੰ ਲਿਆਉਣਾ ਤੇ ਲਿਜਾਣ ਦੇ ਅਮਲ ਵੀ ਵੱਡੇ ਪੱਧਰ ਤੇ ਜਿੰਮੇਵਾਰ ਹਨ। ਅਜਿਹੇ ਖੁੱਲ੍ਹ ਰਹੇ ਵਪਾਰਿਕ ਸਕੂਲਾਂ ਉਤੇ ਕੋਈ ਠੋਸ ਨੀਤੀ ਸਰਕਾਰੀ ਪੱਧਰ ਤੇ ਹੋਣੀ ਚਾਹੀਦੀ ਹੈ। ਉਹਨਾਂ ਸਕੂਲਾਂ ਨੂੰ ਹੀ ਆਪਣੇ ਇਹ ਵਿਦਿਅਕ ਕੇਦਰ ਚਲਾਉਣ ਦੀ ਇਜਾਜਤ ਹੋਣੀ ਚਾਹੀਦੀ ਹੈ ਜੋ ਹਰ ਪੱਖੋ ਵਿਦਿਅਕ ਦੇ ਮਿਆਰ ਦੇ ਨਾਲ-ਨਾਲ ਆਪਣੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਉਹਨਾਂ ਦੇ ਜੀਵਨ ਨੂੰ ਸਹੀ ਢੰਗ ਨਾਲ ਅੱਗੇ ਲਿਜਾਣ ਦੀਆਂ ਜਿੰਮੇਵਾਰੀਆਂ ਪੂਰਨ ਕਰਨ ਦੀ ਸਮਰੱਥਾਂ ਰੱਖਦੇ ਹੋਣ। ਸ. ਮਾਨ ਨੇ ਇਸ ਹਾਦਸੇ ਵਿਚ ਮਾਰੇ ਗਏ ਨੰਨ੍ਹੇ-ਨੰਨ੍ਹੇ ਬੱਚਿਆਂ ਦੇ ਅਸਹਿ ਤੇ ਅਕਹਿ ਦਰਦ ਨੂੰ ਮਹਿਸੂਸ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਮਾਪਿਆ ਅਤੇ ਭੈਣ-ਭਰਾਵਾਂ ਨਾਲ ਸੰਬੰਧਤ ਉਪਰੋਕਤ ਬੱਚੇ ਸਾਡੇ ਤੋ ਦੂਰ ਹੋ ਗਏ ਹਨ, ਉਹਨਾਂ ਪਰਿਵਾਰਾਂ ਉਤੇ ਕਿੰਨਾ ਵੱਡਾ ਦੁੱਖ ਸਦਾ ਲਈ ਹੋ ਗਿਆ ਹੈ, ਉਸ ਨੂੰ ਪੰਜਾਬ ਸਰਕਾਰ ਅਤੇ ਸਕੂਲ ਦੇ ਪ੍ਰਬੰਧਕ ਮਹਿਸੂਸ ਕਰਦੇ ਹੋਏ ਅਜਿਹੇ ਹਾਦਸਿਆ ਨੂੰ ਜਨਮ ਦੇਣ ਵਾਲੀਆ ਖਾਮੀਆ ਨੂੰ ਸੰਜ਼ੀਦਗੀ ਨਾਲ ਦੂਰ ਕਰਨ ਦਾ ਉਪਰਾਲਾ ਕਰਨ ਤਾਂ ਕਿ ਕਿਸੇ ਵੀ ਪਰਿਵਾਰ ਦਾ ਮਾਸੂਮ ਬੱਚਾਂ ਜਾਂ ਵੱਡੇ ਬੱਚੇ ਅਜਿਹੇ ਹਾਦਸਿਆ ਦੌਰਾਨ ਮੌਤ ਦੇ ਮੂੰਹ ਵਿਚ ਨਾ ਜਾਣ । ਉਹਨਾਂ ਬੱਚਿਆਂ ਦੀ ਆਤਮਾ ਦੀ ਸ਼ਾਤੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜਿਥੇ ਅਰਦਾਸ ਕੀਤੀ, ਉਥੇ ਉਹਨਾਂ ਦੇ ਇਸ ਗਹਿਰੇ ਦੁੱਖ ਵਿਚ ਸਮੂਲੀਅਤ ਕਰਦੇ ਹੋਏ ਉਹਨਾਂ ਨੂੰ ਉਸ ਅਕਾਲ ਪੁਰਖ ਦੇ ਭਾਣੇ ਵਿਚ ਰਹਿਣ ਦੀ ਵੀ ਅਪੀਲ ਕੀਤੀ । ਕਿਉਂਕਿ ਗੁਰੂ ਦਾ ਸਿੱਖ ਹਰ ਖੁਸ਼ੀ-ਗਮੀ ਵਿਚ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੀ ਰਹਿੰਦਾ ਹੈ ਤੇ ਆਪਣਾ ਜੀਵਨ ਬਸਰ ਕਰਦਾ ਹੈ ।