ਲੰਦਨ/ਇਸਲਾਮਾਬਾਦ- ਪਾਕਿਸਤਾਨੀ ਤਾਲਿਬਾਨ ਦੇ ਮੁਖੀ ਬੈਤੁਲਾਹ ਮਹਿਸੂਦ ਦੀ ਮੌਤ ਤੋਂ ਬਾਅਦ ਅਲ ਕਾਇਦਾ ਆਪਣੇ ਕਿਸੇ ਖਾਸ ਕਮਾਂਡਰ ਨੂੰ ਇਸ ਅਤਿਵਾਦੀ ਜਥੇਬੰਦੀ ਦਾ ਮੁਖੀ ਬਨਾਉਣ ਦੀ ਕੋਸਿ਼ਸ਼ ਕਰ ਰਿਹਾ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ ਇਸ ਗੱਲ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਤਹਿਰੀਕ ਏ ਤਾਲਿਬਾਨ ਦੇ ਧੜਿਆਂ ਵਿਚ ਮਹਿਸੂਦ ਦੇ ਗੱਦੀਨਸ਼ੀਨੀ ਲਈ ਲੜਾਈ ਦੀ ਖ਼ਬਰ ਤੋਂ ਬਾਅਦ ਅਲ ਕਾਇਦਾ ਦੇ ਆਕਾਵਾਂ ਦੇ ਕੰਨ ਖੜੇ ਹੋ ਗਏ ਹਨ। ਬੀਬੀਸੀ ਰੇਡੀਓ ਨਾਲ ਗੱਲਬਾਤ ਦੌਰਾਨ ਮਲਿਕ ਨੇ ਦਾਅਵਾ ਕੀਤਾ ਕਿ ਆਪਣੇ ਵੱਡੇ ਕਮਾਂਡਰਾਂ ਦੀ ਮੌਤ ਤੋਂ ਬਾਅਦ ਤਾਲਿਬਾਨ ਵਜ਼ੀਰੀਸਤਾਨ ਤੋਂ ਭੱਜ ਕੇ ਜਾ ਰਿਹਾ ਹੈ। ਮਲਿਕ ਨੇ ਕਿਹਾ ਕਿ ਸਾਨੂੰ ਜਿੰਨੀ ਭਰੋਸੇਮੰਦ ਜਾਣਕਾਰੀਆਂ ਮਿਲੀਆਂ ਹਨ, ਉਨਹਾਂ ਦੇ ਮੁਤਾਬਕ ਬੈਤੁਲਾਹ ਦੀ ਮਿਸਾਈਲ ਹਮਲੇ ਵਿਚ ਮੌਤ ਹੋ ਚੁੱਕੈ ਹੈ। ਹਾਲਾਂਕਿ ਤਾਲਿਬਾਨ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਜਿ਼ੰਦਾ ਹੈ। ਮਲਿਕ ਨੇ ਕਿਹਾ ਕਿ ਤਹਿਰੀਕ ਏ ਤਾਲਿਬਾਨ ਨੂੰ ਫਿਰ ਤੋਂ ਜਥੇਬੰਦ ਹੋਣ ਵਿਚ ਸਮਾਂ ਲੱਗੇਗਾ, ਲੇਕਨ ਉਸਦੀ ਥਾਂ ‘ਤੇ ਅਲ ਕਾਇਦ ਦਾ ਸਰਗਰਮ ਹੋਣਾ ਚਿੰਤਾ ਦੀ ਗੱਲ ਹੈ। ਉਹ ਆਪਣੇ ਕਿਸੇ ਕਮਾਂਡਰ ਨੂੰ ਪਾਕਿਸਤਾਨੀ ਤਾਲਿਬਾਨ ਦਾ ਸਰਗਰਮ ਮੁੱਖੀ ਬਨਾਉਣ ਦੀ ਕੋਸਿ਼ਸ਼ ਕਰ ਸਕਦਾ ਹੈ। ਜਿ਼ਕਰਯੋਗ ਹੈ ਕਿ ਮਹਿਸੂਦ ਦੀ ਮੌਤ ਬਾਰੇ ਪੂਰੇ ਭਰੋਸੇ ਨਾਲ ਅਮਰੀਕਾ ਨੇ ਸੋਮਵਾਰ ਨੂੰ ਕਿਹਾ ਕਿ ਉਸਦੀ ਮੌਤ ਇਲਾਕੇ ਦੀ ਸਰੁੱਖਿਆ ਦੀ ਜਿੱਤ ਹੈ। ਵਾਈਟ ਹਾਊਸ ਦੇ ਡਿਪਟੀ ਪ੍ਰੈਸ ਸੈਕਟਰੀ ਬਿਲ ਬਰਟਨ ਨੇ ਕਿਹਾ ਕਿ ਅਸੀਂ ਉਸਦੀ ਮੌਤ ਬਾਰੇ ਪੂਰੀ ਤਰ੍ਹਾਂ ਭਰੋਸੇ ਵਿਚ ਹਾਂ। ਮਹਿਸੂਸ ਨੂੰ ਕਾਤਲ ਦਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸਦਾ ਖਾਤਮਾ ਉਸ ਇਲਾਕੇ ਅਤੇ ਸਾਡੇ ਦੇਸ਼ ਦੀ ਸੁਰੱਖਿਆ ਦੀ ਦਿਸ਼ਾ ਵਿਚ ਇਕ ਹੋਰ ਕਦਮ ਹੈ। ਬਰਟਨ ਨੇ ਕਿਹਾ ਕਿ ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਪਾਕਿਸਤਾਨ ਨੇ ਆਪਣੇ ਦੇਸ਼ ਵਿਚ ਅਤਿਵਾਦੀ ਅਨਸਰਾਂ ਦੇ ਖਾਤਮੇ ਦੀ ਦਿਸ਼ਾ ਵਿਚ ਤਰੱਕੀ ਕੀਤੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਅਤੇ ਫੌਜਾਂ ਦੇ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਯਾਨੀ ਨੇ ਸੋਮਵਾਰ ਨੂੰ ਸਵਾਤ ਘਾਟੀ ਦਾ ਦੌਰਾ ਕੀਤਾ। ਗਿਲਾਨੀ ਨੇ ਦਾਅਵਾ ਕੀਤਾ ਕਿ ਅਤਿਵਾਦੀ ਭੱਜ ਰਹੇ ਹਨ ਅਤੇ ਪਾਕਿਸਤਾਨ ਵਿਚ ਜਲਦੀ ਹੀ ਉਨ੍ਹਾਂ ਦਾ ਖਾਤਮਾ ਕਰ ਦਿੱਤਾ ਜਾਵੇਗਾ। ਸਵਾਤ ਘਾਟੀ ਵਿਚ ਤਾਲਿਬਾਨ ਦੇ ਸਫਾਏ ਲਈ ਮਈ ਵਿਚ ਫੌਜਾਂ ਦੀ ਤੈਨਾਤੀ ਤੋਂ ਬਾਅਦ ਤੋਂ ਗਿਲਾਨੀ ਵਲੋਂ ਇਸ ਇਲਾਕੇ ਦਾ ਕੀਤਾ ਗਿਆ ਇਹ ਪਹਿਲਾ ਦੌਰਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੀ ਉਨ੍ਹਾਂ ਦੇ ਨਾਲ ਸਨ।