ਨਵੀਂ ਦਿੱਲੀ – ਭਾਰਤ ਵਿੱਚ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਅਨੁਸਾਰ ਜੰਗ ਕੋਈ ਹੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਸ਼ਮੀਰੀਆਂ ਨੂੰ ਆਪਣੇ ਭੱਵਿਖ ਨੂੰ ਚੁਣਨ ਦਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਅਗਰ ਉਹ ਭਾਰਤ ਵਿੱਚ ਰਹਿ ਕੇ ਖੁਸ਼ ਹਨ ਤਾਂ ਉਨ੍ਹਾਂ ਨੂੰ ਇੱਥੇ ਹੀ ਰਹਿਣ ਦਿੱਤਾ ਜਾਵੇ। ਇੱਕ ਅੰਗਰੇਜੀ ਅਖ਼ਬਾਰ ਨੂੰ ਦਿੱਤੇ ਇੰਟਰਵਿਯੂ ਵਿੱਚ ਬਾਸਿਤ ਨੇ ਕਿਹਾ ਕਿ ਉੜੀ ਦੇ ਅੱਤਵਾਦੀ ਹਮਲੇ ਨਾਲ ਪਾਕਿਸਤਾਨ ਦਾ ਕੋਈ ਵੀ ਲੈਣਾ-ਦੇਣਾ ਨਹੀਂ ਹੈ।
ਬਾਸਿਤ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਕਹਿਣਾ ਸਿਰਫ਼ ਇੱਕ ਜੁਮਲੇਬਾਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ ਪਰ ਇਸ ਤਰ੍ਹਾਂ ਕਰਨ ਨਾਲ ਕੋਈ ਵੀ ਮਕਸਦ ਹਲ ਨਹੀਂ ਹੋਵੇਗਾ। ਦੋ ਦੇਸ਼ਾਂ ਦੇ ਆਪਸੀ ਸਬੰਧ ਜੁਮਲੇਬਾਜ਼ੀ ਨਾਲ ਨਹੀਂ ਚੱਲਦੇ। ਕਿਸੇ ਵੀ ਦੇਸ਼ ਨੂੰ ਇਸ ਤਰ੍ਹਾਂ ਦੀ ਚਿਤਾਵਨੀ ਦੇਣਾ ਸਹੀ ਨਹੀਂ ਹੈ। ਹਾਫਿਜ਼ ਸਈਅਦ ਅਤੇ ਸਲਾਹੁਦੀਨ ਦੇ ਭਾਰਤ ਦੇ ਵਿਰੁੱਧ ਜਹਿਰ ਉਗਲਣ ਵਾਲੇ ਬਿਆਨਾਂ ਬਾਰੇ ਬਾਸਿਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਆਵਾਜਾਂ ਤਾਂ ਭਾਰਤ ਵਿੱਚ ਵੀ ਉਠਦੀਆਂ ਹਨ, ਪਰ ਭਾਰਤ ਜਾਂ ਪਾਕਿਸਤਾਨ ਦੀ ਪਾਲਿਸੀ ਲੋਕਾਂ ਦੇ ਅੱਗ ਉਗਲਣ ਵਾਲੇ ਭਾਸ਼ਣਾਂ ਨਾਲ ਤੈਅ ਨਹੀਂ ਹੁੰਦੀ।
ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਵੀ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਕਸ਼ਮੀਰ ਵਿੱਚ ਨਿਹੱਥੇ ਲੋਕਾਂ ਤੇ ਜੁਲਮ ਕਰ ਰਿਹਾ ਹੈ। ਮਹਿਲਾਵਾਂ ਅਤੇ ਬੱਚਿਆਂ ਨੂੰ ਵੀ ਬਖਸਿ਼ਆ ਨਹੀਂ ਜਾ ਰਿਹਾ। ਪਿੱਛਲੇ 75 ਦਿਨਾਂ ਵਿੱਚ ਕਸ਼ਮੀਰ ਵਿੱਚ 100 ਲੋਕ ਸ਼ਹੀਦ ਹੋ ਗਏ ਹਨ, ਕਈਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ ਅਤੇ ਹਜ਼ਾਰਾਂ ਜਖਮੀ ਹੋ ਗਏ ਹਨ।
ਪਾਕਿਸਤਾਨ ਦਾ ਕਹਿਣਾ ਹੈ ਕਿ ਕਸ਼ਮੀਰੀਆਂ ਤੇ ਏਨੇ ਜੁਲਮ ਕਰਨ ਤੋਂ ਬਾਅਦ ਵੀ ਭਾਰਤੀ ਨੇਤਾ ਪਾਕਿਸਤਾਨ ਨੂੰ ਬਦਨਾਮ ਕਰਨ ਦੀ ਅਤੇ ਕਸ਼ਮੀਰ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਸੱਭ ਕੁਝ ਟਾਪ ਪੱਧਰ ਤੇ ਹੋ ਰਿਹਾ ਹੈ। ਜਾਰੀ ਬਿਆਨ ਅਨੁਸਾਰ, ‘ਦੁਨੀਆਂ ਦੇ ਕਈ ਦੇਸ਼ ਕਸ਼ਮੀਰ ਵਿੱਚ ਹੋ ਰਹੇ ਹਿਊਮਨ ਰਾਈਟਸ ਵਾਇਲੇਸ਼ਨ ਤੇ ਨਜ਼ਰ ਰੱਖ ਰਹੇ ਹਨ। ਅਸੀਂ ਮੰਗ ਕਰਦੇ ਹਾਂ ਕਿ ਕਸ਼ਮੀਰ ਵਿੱਚ ਸੁਤੰਤਰ ਜਾਂਚ ਦਲ ਅਤੇ ਫੈਕਟ ਫਾਈਂਡਿੰਗ ਮਿਸ਼ਨ ਭੇਜੇ ਜਾਣ। ਪਾਕਿਸਤਾਨ ਨੇ ਭਾਰਤ ਤੇ ਅੱਤਵਾਦ ਨੂੰ ਬੜਾਵਾ ਦੇਣ ਦੇ ਵੀ ਆਰੋਪ ਲਗਾਏ ਹਨ।’