ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆ ਨੂੰ ਲਗਭਗ 6 ਕਰੋੜ ਰੁਪਏ ਮੁੱਲ ਦੇ ਸੋਨਾ, ਚਾਂਦੀ ਤੇ ਹੀਰਾ ਗੁਰੂ ਘਰ ਦੇ ਚਲਦੇ ਕਾਰਜਾਂ ਨੂੰ ਸੰਪੂਰਣ ਕਰਨ ਲਈ ਭੇਟ ਕੀਤੇ ਗਏ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਬਾਲਾ ਸਾਹਿਬ ਹਸਪਤਾਲ ਦੀ ਚਲ ਰਹੀ ਕਾਰਸੇਵਾ ਨੂੰ ਪੂਰਾ ਕਰਨ ਲਈ 16 ਕਿਲੋਗ੍ਰਾਮ ਸੋਨਾ, 31 ਕਿਲੋਗ੍ਰਾਮ ਚਾਂਦੀ ਅਤੇ ਇੱਕ ਹੀਰਾ ਬਾਬਾ ਜੀ ਨੂੰ ਸੌਂਪਣ ਉਪਰੰਤ ਬਾਲਾ ਸਾਹਿਬ ਹਸਪਤਾਲ ਦੀ ਇੱਕ ਵਿੰਗ ਦੇ ਛੇਤੀ ਹੀ ਸ਼ੁਰੂ ਹੋਣ ਦਾ ਵੀ ਇਸ਼ਾਰਾ ਕੀਤਾ।
ਜੀ. ਕੇ. ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਬਾਬਾ ਬਚਨ ਸਿੰਘ ਨੂੰ ਉਨ੍ਹਾਂ ਨੇ ਦੂਜੀ ਵਾਰ ਕੌਮੀ ਕਾਰਜਾਂ ਲਈ ਸੋਨਾ ਅਤੇ ਚਾਂਦੀ ਸੌਂਪਿਆ ਹੈ। ਬਾਬਾ ਜੀ ਜਿਥੇ ਵੀ ਇਸਦਾ ਇਸਤੇਮਾਲ ਕਰਨਗੇ ਉਹ ਸੰਗਤਾਂ ਦੀ ਜਰੂਰਤ ਅਤੇ ਸਹੂਲੀਅਤ ਤੇ ਨਿਰਭਰ ਕਰੇਗਾ। ਜੀ. ਕੇ. ਨੇ ਮੰਨਿਆ ਕਿ ਸੱਚਖੰਡਵਾਸ਼ੀ ਪੰਥਰਤਨ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲਿਆ ਦਾ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਨ ਦਾ ਸੁਪਨਾ ਪੂਰਾ ਕਰਨ ਲਈ ਕਮੇਟੀ ਵੱਚਨਬੱਧ ਹੈ। ਇਸ ਕਰਕੇ ਹੀ ਬਾਲਾ ਸਾਹਿਬ ਹਸਪਤਾਲ ਨੂੰ ਨਿਜੀ ਹੱਥਾਂ ਤੋਂ ਛੁੱਡਾ ਕੇ ਕਮੇਟੀ ਨੇ ਆਪ ਸ਼ੁਰੂ ਕਰਨ ਦਾ ਮਤਾ ਬੀਤੇ ਦਿਨੀ ਅੰਤ੍ਰਿਗ ਬੋਰਡ ’ਚ ਪਾਸ ਕਰਾਇਆ ਹੈ। ਜੀ. ਕੇ. ਨੇ ਹਸਪਤਾਲ ਦੇ ਪਹਿਲੇ ਚਰਣ ਦੇ ਛੇਤੀ ਹੀ ਪੂਰਾ ਹੋਣ ਦੀ ਆਸ ਜਤਾਈ।
ਬਾਬਾ ਹਰਬੰਸ ਸਿੰਘ ਵੱਲੋਂ ਉਨ੍ਹਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਨੂੰ 1980 ਦੇ ਦਹਾਕੇ ਦੌਰਾਨ ਕਹੀਆਂ ਗਈਆਂ ਗੱਲਾਂ ਨੂੰ ਵੀ ਜੀ. ਕੇ. ਨੇ ਇਸ ਮੌਕੇ ਯਾਦ ਕੀਤਾ। ਜੀ. ਕੇ. ਨੇ ਦੱਸਿਆ ਕਿ ਬਾਬਾ ਜੀ ਨੇ ਉਸ ਵੇਲੇ ਜਥੇਦਾਰ ਜੀ ਨੂੰ ਕਿਹਾ ਸੀ ਕਿ ‘‘ਜਥੇਦਾਰ ਜੀ ਆਪ ਗੁਰਧਾਮਾਂ ਲਈ ਜਗ੍ਹਾ ਜਮੀਨਾਂ ਪ੍ਰਾਪਤ ਕਰੀ ਜਾਓ ਤੇ ਮੈਂ ਘੜੀ ਜਾਵਾਂਗਾ’’ਇਹ ਗੱਲ ਮੈਨੂੰ ਉਸ ਵੇਲੇ ਸਮਝ ਨਹੀਂ ਆਈ ਸੀ। ਪਰ ਦਿੱਲੀ ਦੇ ਵਿਚ ਅੱਜ ਜਮੀਨਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਦੇਖਣ ਤੋਂ ਬਾਅਦ ਬਾਬਾ ਹਰਬੰਸ ਸਿੰਘ ਦੀ ਗੱਲ ਮੈਨੂੰ ਸਮਝ ਆਈ ਹੈ ਕਿ ਬਾਬਾ ਜੀ ਨੇ ਜਮੀਨਾਂ ਨੂੰ ਸੋਨਾ ਅਤੇ ਗੁਰੂਧਾਮਾਂ-ਸਕੂਲ ਤੇ ਹਸਪਤਾਲ ਨੂੰ ਗਹਿਣਾ ਕਿਹਾ ਸੀ।
ਜੀ. ਕੇ. ਨੇ ਸਾਫ਼ ਕੀਤਾ ਕਿ ਮੌਜੂਦਾ ਕਮੇਟੀ ਨੇ ਗੁਰੂਧਾਮਾਂ ’ਤੇ ਸੋਨਾ ਲਗਾਉਣ ਲਈ ਪੈਸਾ ਖਰਚ ਕਰਨ ਦੀ ਬਜਾਏ ਧਰਮ ਪ੍ਰਚਾਰ, ਸਿੱਖਿਆ, ਇਤਿਹਾਸ ਸੰਭਾਲਣ ਅਤੇ ਸਮਾਜਿਕ ਕਲਿਆਣ ਤੇ ਕੰਮ ਕਰਨ ’ਤੇ ਜੋਰ ਦਿੱਤਾ ਹੈ। ਪਰ ਕਈ ਥਾਵਾਂ ਤੇ ਸੰਗਤਾਂ ਦੀ ਸ਼ਰਧਾ ਅਤੇ ਸੇਵਾ ਨੂੰ ਮੁੱਖ ਰਖ ਕੇ ਸੋਨਾ ਗੁਰੂਧਾਮਾਂ ਤੇ ਲਗਾਇਆ ਵੀ ਗਿਆ ਹੈ। ਇਸ ਸੰਬੰਧ ਵਿਚ ਉਨ੍ਹਾਂ ਨੇ ਬੀਤੇ ਦਿਨੀ ਗੁਰਦੁਆਰਾ ਬੰਗਲਾ ਸਾਹਿਬ ਦੇ ਮੁੱਖ ਦਰਵਾਜੇ ਤੇ ਸੋਨਾ ਚੜਾਉਣ ਦੀ ਕਿਸੇ ਗੁਰੂ ਪ੍ਰੇਮੀ ਵੱਲੋਂ ਕਰਵਾਈ ਗਈ ਸੇਵਾ ਦਾ ਵੀ ਹਵਾਲਾ ਦਿੱਤਾ। ਰਾਜਾ ਬਲਦੀਪ ਸਿੰਘ ਵੱਲੋਂ ਦਿੱਤੀ ਗਈ 10 ਕਿਲੋ ਚਾਂਦੀ ਵੀ ਬਾਬਾ ਜੀ ਦੇ ਸੁਪੁਰਦ ਕੀਤੀ ਗਈ।
ਇਸ ਮੌਕੇ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਤਨਵੰਤ ਸਿੰਘ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ ਅਤੇ ਬੀਬੀ ਧੀਰਜ ਕੌਰ ਮੌਜੂਦ ਸਨ।